ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ ਪ੍ਰਮੁੱਖ ਖ਼ਬਰਾਂ

Wednesday, Jan 26, 2022 - 05:51 PM (IST)

ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ ਪ੍ਰਮੁੱਖ ਖ਼ਬਰਾਂ

ਜਲੰਧਰ : 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਸਾਰੀਆਂ ਸਿਆਸੀ ਪਾਰਟੀਆਂ ਨੇ ਵੱਡੇ ਪੱਧਰ 'ਤੇ ਚੋਣ ਪ੍ਰਚਾਰ ਆਰੰਭ ਦਿੱਤਾ ਹੈ, ਜਿਥੇ 'ਆਪ' ਵੱਲੋਂ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਉਥੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੁਝ ਉਮੀਦਵਾਰਾਂ ਨੂੰ ਛੱਡ ਕੇ ਤਕਰੀਬਨ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ, ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਗਠਜੋੜ ਵੱਲੋਂ ਵੀ ਆਪਣੇ ਕਈ ਉਮੀਦਵਾਰ ਚੋਣ ਅਖਾੜੇ 'ਚ ਉਤਾਰ ਦਿੱਤੇ ਗਏ ਹਨ। ਇਸੇ ਦਰਮਿਆਨ ਸੰਯੁਕਤ ਸਮਾਜ ਮੋਰਚਾ ਨੇ ਕਈ ਉਮੀਦਵਾਰ ਤਾਂ ਜ਼ਰੂਰ ਉਤਾਰ ਦਿੱਤੇ ਹਨ ਪਰ ਪਾਰਟੀ ਦੀ ਰਜਿਸਟ੍ਰੇਸ਼ਨ ਤੇ ਚੋਣ ਨਿਸ਼ਾਨ ਮਿਲਣਾ ਅਜੇ ਬਾਕੀ ਹੈ। ਵਿਧਾਨ ਸਭਾ ਚੋਣਾਂ ਨੂੰ  ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ 5 ਪ੍ਰਮੁੱਖ ਖ਼ਬਰਾਂ-

ਹਰਸਿਮਰਤ ਬਾਦਲ ਦਾ ਨਵਜੋਤ ਸਿੱਧੂ 'ਤੇ ਵੱਡਾ ਹਮਲਾ, ਦੱਸਿਆ ਭਗੌੜਾ

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਨਵਜੋਤ ਸਿੱਧੂ 'ਤੇ ਵੱਡਾ ਹਮਲਾ ਕਰਦਿਆਂ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ। ਹਰਸਿਮਰਤ ਬਾਦਲ ਨੇ ਕਿਹਾ ਕਿ ਬੜੀ ਜਲਦੀ ਇਹ ਸਾਬਤ ਵੀ ਹੋ ਜਾਵੇਗਾ ਕਿਉਂਕਿ ਨਵਜੋਤ ਸਿੱਧੂ ਪੰਜਾਬ 'ਚੋਂ ਭੱਜਣ ਵਾਲਾ ਹੈ।ਉਨ੍ਹਾਂ ਕਿਹਾ ਕਿ ਜਿਹੜਾ ਕ੍ਰਿਕਟ ਫੀਲਡ ਤੋਂ ਭੱਜ ਗਿਆ ਸੀ, ਆਪਣੀ ਰਾਜ ਸਭਾ ਸੀਟ ਤੋਂ ਭੱਜ ਗਿਆ ਸੀ, ਮੰਤਰੀ ਦੀ ਜ਼ਿੰਮੇਵਾਰੀ ਤੋਂ ਵੀ ਭੱਜ ਗਿਆ ਸੀ ਹੁਣ ਸਿੱਧੂ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਪੂਰੀ ਪਾਰਟੀ ਦਾ ਭੱਠਾ ਬਿਠਾ ਕੇ ਇਸ ਤੋਂ ਵੀ ਭੱਜਣ ਵਾਲਾ ਹੈ। 

ਮਜੀਠੀਆ ਦੇ ਇਲਜ਼ਾਮ 'ਤੇ ਰੰਧਾਵਾ ਦਾ ਤਿੱਖਾ ਜਵਾਬ, ਕਿਹਾ- ਨਸ਼ਾ ਤਸਕਰ ਕੋਲੋਂ ਰਾਸ਼ਟਰਵਾਦ ਦੇ ਸਰਟੀਫ਼ਿਕੇਟ ਦੀ ਲੋੜ ਨਹੀਂ

ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਿਕਰਮ ਮਜੀਠੀਆ ਵੱਲੋਂ ਲਾਏ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਤਿੱਖਾ ਹਮਲਾ ਕੀਤਾ ਹੈ। ਸੁਖਜਿੰਦਰ ਰੰਧਾਵਾ ਨੇ ਬਿਕਰਮ ਮਜੀਠੀਆ 'ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪੰਜਾਬ ਜਾਣਦਾ ਹੈ ਕਿ ਤੁਸੀਂ (ਮਜੀਠੀਆ) ਸੂਬੇ 'ਚ ਨਸ਼ੇ ਦੀ ਸਮੱਸਿਆ ਲਈ ਜ਼ਿੰਮੇਵਾਰ ਹੋ ਤੇ ਪੂਰਾ ਦੇਸ਼ ਜਾਣਦਾ ਹੈ ਕਿ ਆਈ. ਐੱਸ. ਆਈ. ਪੰਜਾਬ ਵਿੱਚ ਨਸ਼ੇ ਸਪਲਾਈ ਕਰਦਾ ਹੈ। ਰੰਧਾਵਾ ਨੇ ਕਿਹਾ ਕਿ ਮੇਰੇ ਪਰਿਵਾਰ ਨੂੰ ਰਾਸ਼ਟਰਵਾਦ 'ਤੇ ਕਿਸੇ ਨਸ਼ਾ ਤਸਕਰ ਦੇ ਸਰਟੀਫ਼ਿਕੇਟ ਦੀ ਲੋੜ ਨਹੀਂ ਹੈ। ਸੂਬੇ ਦੇ ਲੋਕਾਂ ਨੇ ਕਾਂਗਰਸ ਸਰਕਾਰ ਨੂੰ ਚੁਣਿਆ ਹੈ ਅਤੇ ਮੇਰੇ ਤੇ ਮੇਰੇ ਪਰਿਵਾਰ ਵਿੱਚ ਆਪਣਾ ਵਿਸ਼ਵਾਸ ਦਿਖਾਇਆ ਹੈ।

ਮੁੜ ਚੋਣ ਮੈਦਾਨ ’ਚ ਉਤਰਨਗੇ ਪ੍ਰਕਾਸ਼ ਸਿੰਘ ਬਾਦਲ, ਇਸ ਹਲਕੇ ਤੋਂ ਲੜਨਗੇ ਚੋਣ

5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪ੍ਰਕਾਸ਼ ਸਿੰਘ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਲੰਬੀ ਤੋਂ ਚੋਣ ਲੜਨਗੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਲੰਬੀ ਹਲਕੇ ਤੋਂ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਇਸ ਦੀ ਜਾਣਕਾਰੀ ਅੰਮ੍ਰਿਤਸਰ ਵਿਖੇ ਪੁੱਜੇ ਹਰਸਿਮਰਤ ਕੌਰ ਬਾਦਲ ਵੱਲੋਂ ਕੀਤਾ ਗਿਆ ਹੈ। ਇਥੇ ਦੱਸ ਦੇਈਏ ਕਿ 1997 ਤੋਂ ਪ੍ਰਕਾਸ਼ ਸਿੰਘ ਬਾਦਲ ਚੋਣਾਂ ਲੜਦੇ ਆ ਰਹੇ ਹਨ ਅਤੇ ਹੁਣ ਫਿਰ ਤੋਂ ਲੰਬੀ ਹਲਕੇ ਤੋਂ ਚੋਣ ਲੜ ਕੇ ਚੋਣ ਮੈਦਾਨ ’ਚ ਉਤਰ ਰਹੇ ਹਨ। 

ਰਾਘਵ ਚੱਢਾ ਦਾ ਕਾਂਗਰਸ ’ਤੇ ਵੱਡਾ ਇਲਜ਼ਾਮ, CM ਚੰਨੀ ਲਈ ਅਪਣਾਈ ‘ਯੂਜ਼ ਐਂਡ ਥਰੋਅ’ ਦੀ ਪਾਲਿਸੀ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ‘ਆਪ’ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਾਂਗਰਸ ਹਾਈਕਮਾਨ ਵੱਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਦੂਜੀ ਲਿਸਟ ਨੂੰ ਲੈ ਕੇ ਕਾਂਗਰਸ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ  ਕਾਂਗਰਸ ਹਾਈਕਮਾਨ ਅਨੁਸੂਚਿਤ ਭਾਈਚਾਰੇ ਦੀ ਆਵਾਜ਼ ਨਹੀਂ ਸੁਣਦੀ ਹੈ। ਕਾਂਗਰਸ ਪਾਰਟੀ ਦਾ ਅਨੁਸੂਚਿਤ ਭਾਈਚਾਰੇ ਦੇ ਵਿਰੋਧੀ ਹੋਣ ਦਾ ਚਿਹਰਾ ਸਾਹਮਣੇ ਆਇਆ ਹੈ। ਉਨ੍ਹਾਂ ਕਾਂਗਰਸ ਹਾਈਕਮਾਨ ’ਤੇ ਵੱਡੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਸਿਰਫ਼ ਵੋਟਾਂ ਲਈ ਹੀ ਅਨੁਸੂਚਿਤ ਭਾਈਚਾਰੇ ਦਾ ਇਸਤੇਮਾਲ ਕਰ ਰਹੀ ਹੈ। ਅਨੁਸੂਚਿਤ ਭਾਈਚਾਰੇ ਦੀਆਂ ਵੋਟਾਂ ਹਾਸਲ ਕਰਨ ਲਈ ਹੀ ਚੰਨੀ ਸਾਬ੍ਹ ਨੂੰ ਕੁਝ ਹਫ਼ਤਿਆਂ ਲਈ ਹੀ ਮੁੱਖ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਕਾਂਗਰਸ ਹਾਈਕਮਾਨ ਕਿਸੇ ਹੋਰ ਦੇ ਸਿਰ ’ਤੇ ਦੁਲਹੇ ਦਾ ਸਿਹਰਾ ਸਜਾਏਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਜਿਹੀ ਹੀ ਕਰਦੀ ਆਈ ਹੈ। ਕਾਂਗਰਸ ਪਾਰਟੀ ਵੀ ਚੋਣਾਂ ਤੋਂ ਬਾਅਦ ਕਿਸੇ ਹੋਰ ਨੂੰ ਹੀ ਮੁੱਖ ਮੰਤਰੀ ਬਣਾਏਗੀ ਜਦਕਿ ਚਰਨਜੀਤ ਸਿੰਘ ਚੰਨੀ ਨੂੰ ਨਹੀਂ। 

ਸੂਬੇ ਦੀ ਸੁਰੱਖਿਆ ਨੂੰ ਲੈ ਕੇ ਭਗਵੰਤ ਮਾਨ ਨੇ ਘੇਰੀ ਕਾਂਗਰਸ, ਪੰਜਾਬ ਪੁਲਸ ਲਈ ਕੀਤੇ ਅਹਿਮ ਐਲਾਨ

 ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਗੱਲਬਾਤ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਆਪਸ ’ਚ ਲੜਾਈ ਕਰਨ ’ਚ ਵਿਅਸਥ ਹੈ, ਜਿਸ ਕਰਕੇ ਉਹ ਸੂਬੇ ਦੀ ਸੁਰੱਖਿਆ ਵੱਲ ਧਿਆਨ ਨਹੀਂ ਦੇ ਰਹੀ। ਕਾਂਗਰਸ ਸਰਕਾਰ ’ਤੇ ਸ਼ਬਦੀ ਹਮਲਾ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਹੁਣ ਤੱਕ 4 ਡੀ.ਜੀ.ਪੀ ਬਦਲ ਦਿੱਤੇ ਗਏ ਹਨ, ਜਿਸ ਕਰਕੇ ਪੁਲਸ ਨੂੰ ਆਪਣੇ ਮੁੱਖ ਅਧਿਕਾਰੀ ਬਾਰੇ ਕੁਝ ਪਤਾ ਨਹੀਂ ਲੱਗ ਰਿਹਾ। ਕਾਂਗਰਸ ਤੋਂ ਪਹਿਲਾਂ ਅਕਾਲੀ-ਭਾਜਪਾ ਦੀ ਸਰਕਾਰ ਸੀ। ਉਸ ਸਮੇਂ ਬੇਅਦਬੀਆਂ ਦੀਆਂ ਘਟਨਾਵਾਂ, ਲੁੱਟ-ਖੋਹ, ਛੇੜਛਾੜ ਦੇ ਮਾਮਲੇ ਆਦਿ ਹੁੰਦੇ ਹਨ। ਪੰਜਾਬ ’ਚ ਮਜ਼ਬੂਤ ਸਰਕਾਰ ਨਾ ਹੋਣ ਕਾਰਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। 

 


author

Harnek Seechewal

Content Editor

Related News