ਸਮੁੱਚੀ ਭਰਤੀ ਪ੍ਰਕਿਰਿਆ ਨੂੰ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ : ਮੁੱਖ ਮੰਤਰੀ ਮਾਨ
Friday, May 06, 2022 - 03:04 PM (IST)
ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ‘ਆਪ’ ਸਰਕਾਰ ਦੇ 50 ਦਿਨ ਪੂਰੇ ਹੋਣ ’ਤੇ ਵੱਡੀ ਪੱਧਰ ’ਤੇ ਭਰਤੀ ਮੁਹਿੰਮ ਚਲਾਉਣ ਦਾ ਐਲਾਨ ਕਰਦਿਆਂ ਯੋਗ ਉਮੀਦਵਾਰਾਂ ਨੂੰ ਉਨ੍ਹਾਂ ਦੀ ਵਿਦਿਅਕ ਯੋਗਤਾ ਮੁਤਾਬਕ ਨਿਰੋਲ ਮੈਰਿਟ ਦੇ ਆਧਾਰ ’ਤੇ ਨੌਕਰੀਆਂ ਦੇਣ ਦੀ ਵਚਨਬੱਧਤਾ ਨੂੰ ਦੁਹਰਾਇਆ। ਮੁੱਖ ਮੰਤਰੀ ਨੇ ਕਿਹਾ ਕਿ ਸਮੁੱਚੀ ਭਰਤੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹੀ ਜਾਵੇਗੀ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਵੱਡੇ ਪੱਧਰ ’ਤੇ ਚੱਲ ਰਹੀ ਭਰਤੀ ਮੁਹਿੰਮ ’ਚ ਸਿਫਾਰਿਸ਼ ਜਾਂ ਰਿਸ਼ਵਤਖੋਰੀ ਨੂੰ ਕੋਈ ਥਾਂ ਨਹੀਂ ਮਿਲੇਗੀ।
ਇਹ ਵੀ ਪੜ੍ਹੋ : ਅਧਿਆਪਕ ਨੇ 4 ਸਾਲਾ ਬੱਚੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਹਸਪਤਾਲ ’ਚ ਹਾਲਤ ਗੰਭੀਰ
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ 25 ਵੱਖ-ਵੱਖ ਵਿਭਾਗਾਂ ਵਿਚ 26,454 ਆਸਾਮੀਆਂ ਲਈ ਭਰਤੀ ਭ੍ਰਿਸ਼ਟਾਚਾਰ-ਮੁਕਤ ਅਤੇ ਬਿਨਾਂ ਕਿਸੇ ਪੱਖਪਾਤ ਤੋਂ ਕੀਤੀ ਜਾਵੇਗੀ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਅਖ਼ਬਾਰਾਂ ’ਚ ਵਿਸਥਾਰਪੂਰਵਕ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ, ਜਿਸ ਵਿਚ ਵਿੱਦਿਅਕ ਯੋਗਤਾ ਅਨੁਸਾਰ ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰਾਂ ਦੀ ਸਹੂਲਤ ਲਈ ਖਾਲੀ ਆਸਾਮੀਆਂ ਦੀ ਗਿਣਤੀ, ਭਰਤੀ ਏਜੰਸੀਆਂ (ਪੀ. ਪੀ. ਐੱਸ. ਸੀ./ਐੱਸ. ਐੱਸ. ਐੱਸ. ਬੀ./ਤੀਜੀ ਧਿਰ/ਵਿਭਾਗ) ਅਤੇ ਭਰਤੀ ਦੇ ਵੇਰਵੇ ਜਾਣਨ ਵਿਭਾਗੀ ਵੈੱਬਸਾਈਟਾਂ ਦੇ ਲਿੰਕ ਸ਼ਾਮਿਲ ਕੀਤੇ ਗਏ ਹਨ। ਨੌਜਵਾਨਾਂ ਲਈ ਰੋਜ਼ਗਾਰ ਦੇ ਬੇਸ਼ੁਮਾਰ ਮੌਕਿਆਂ ਦਾ ਵਾਅਦਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਛੇਤੀ ਹੀ ਸਰਕਾਰੀ ਅਤੇ ਪ੍ਰਾਈਵੇਟ ਖੇਤਰਾਂ ’ਚ ਹੋਰ ਨੌਕਰੀਆਂ ਵੀ ਲੈ ਕੇ ਆਵੇਗੀ ਤਾਂ ਜੋ ਨੌਜਵਾਨਾਂ ਨੂੰ ਮਾਣ-ਇੱਜ਼ਤ ਨਾਲ ਜੀਵਨ ਬਤੀਤ ਕਰਨ ਲਈ ਰੋਜ਼ੀ-ਰੋਟੀ ਦੇ ਸਮਰੱਥ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਕਈ ਹੋਰ ਲੋਕ-ਪੱਖੀ ਪਹਿਲਕਦਮੀਆਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਦਾ ਐਲਾਨ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਪੇਸ਼ ਹੋਣ ਵਾਲੇ ਸਾਲਾਨਾ ਆਮ ਬਜਟ 2022-23 ਵਿਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਕਰਜ਼ੇ ਤੋਂ ਤੰਗ ਜੋੜੇ ਨੇ ਇਕੱਠਿਆਂ ਪੀਤਾ ਜ਼ਹਿਰ, ਪਤਨੀ ਦੀ ਮੌਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ