ਚੋਰਾਂ ਨੇ ਸ਼ੋਅਰੂਮ ਨੂੰ ਬਣਾਇਆ ਨਿਸ਼ਾਨਾ, ਮੋਟਰਸਾਈਕਲ ਤੇ ਸਕੂਟਰੀਆਂ ਲੈ ਕੇ ਫਰਾਰ
Sunday, Nov 06, 2022 - 09:21 PM (IST)

ਨਕੋਦਰ (ਸੋਨੂੰ) : ਸ਼ਹਿਰ 'ਚ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਨਕੋਦਰ-ਸ਼ੰਕਰ ਰੋਡ 'ਤੇ ਸਥਿਤ ਟੀ.ਵੀ.ਐੱਸ ਏਜੰਸੀ ਦੇ ਸ਼ੋਅਰੂਮ ਨੂੰ ਚੋਰਾਂ ਵੱਲੋਂ ਰਾਤ ਦੇ ਸਮੇਂ ਨਿਸ਼ਾਨਾ ਬਣਾਇਆ ਗਿਆ ਅਤੇ ਸ਼ੋਅਰੂਮ ਦੇ ਸ਼ੀਸ਼ੇ ਤੋੜ ਕੇ 2 ਮੋਟਰਸਾਈਕਲ, 2 ਸਕੂਟਰੀਆਂ, ਲੈਪਟਾਪ ਅਤੇ ਜ਼ਰੂਰੀ ਕਾਗਜ਼ਾਤ ਚੋਰੀ ਕਰਕੇ ਫਰਾਰ ਹੋ ਗਏ।
ਇਸ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ। ਸ਼ੋਅਰੂਮ ਦੇ ਮਾਲਕ ਮੁਕੇਸ਼ ਚੋਪੜਾ ਤੇ ਉਨ੍ਹਾਂ ਦੇ ਮੈਨੇਜਰ ਜਤਿੰਦਰ ਨੇ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕਰੀਬ 5-6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਥਾਣਾ ਸਿਟੀ ਦੇ ਏ.ਐੱਸ.ਆਈ ਪਰਮਜੀਤ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ਿਕਾਇਤ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।