ਓ.ਪੀ. ਸੋਨੀ ਦੀ ਗ੍ਰਿਫ਼ਤਾਰੀ ''ਤੇ ਰਾਜਾ ਵੜਿੰਗ ਦਾ ਬਿਆਨ, ''ਆਪ'' ''ਤੇ ਲਾਏ ਬਦਲਾਖ਼ੋਰੀ ਦੇ ਇਲਜ਼ਾਮ

07/10/2023 6:07:15 PM

ਜਲੰਧਰ : ਬੀਤੀ ਰਾਤ ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਉਪ ਮੁੱਖ ਮੰਤਰੀ ਓ. ਪੀ. ਸੋਨੀ ਨੂੰ ਸਾਲ 2016 ਤੋਂ 2022 ਦੇ ਸਮੇਂ ਦੌਰਾਨ ਆਪਣੀ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕਰ ਲਿਆ ਸੀ ਜਿਸ ਨੂੰ ਲੈ ਕੇ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਹੈ। ਰਾਜਾ ਵੜਿੰਗ ਨੇ ਓ. ਪੀ. ਸੋਨੀ ਖ਼ਿਲਾਫ਼ ਵਿਜੀਲੈਂਸ ਦੀ ਇਸ ਕਾਰਵਾਈ ਨੂੰ ਆਮ ਆਦਮੀ ਪਾਰਟੀ ਦੀ ਬਦਲਾਖੋਰੀ ਦੀ ਸਿਆਸਤ ਦਾ ਨਤੀਜਾ ਦੱਸਿਆ ਹੈ। 

ਇਹ ਵੀ ਪੜ੍ਹੋ :  ਪੰਜਾਬ ਦੇ ਮੌਜੂਦਾ ਹਾਲਾਤ 'ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖ ਸੰਸਥਾਵਾਂ ਨੂੰ ਖ਼ਾਸ ਅਪੀਲ
ਰਾਜਾ ਵੜਿੰਗ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਨਸ਼ੇ ਵਿੱਚ ਇੰਨੀ ਚੂਰ ਹੋ ਗਈ ਹੈ ਕਿ ਸਾਡੇ ਨੇਤਾਵਾਂ 'ਤੇ ਕਾਰਵਾਈ ਕਰਨ ਲਈ ਨਿਯਮਾਂ ਨੂੰ ਛਿੱਕੇ 'ਤੇ ਟੰਗ ਕੇ ਗ਼ਲਤ ਤਰੀਕੇ ਨਾਲ ਤੰਗ ਪਰੇਸ਼ਾਨ ਕਰ ਰਹੀ ਹੈ। ਇਹ ਸਭ ਬਦਲਾਖ਼ੋਰੀ ਦੀ ਰਾਜਨੀਤੀ ਤਹਿਤ ਤੱਥਾਂ ਨੂੰ ਲੁਕਾ ਕੇ ਜਾਂ ਤੋੜ ਮਰੋੜ ਕੇ ਪੇਸ਼ ਕਰਕੇ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀ ਵਾਇਰਲ ਵੀਡੀਓ 'ਤੇ ਪਿਆ ਬਖੇੜਾ, ਜਥੇਬੰਦੀਆਂ ਨੇ ਦਿੱਤਾ ਅਲਟੀਮੇਟਮ

1. ਮਾਨਯੋਗ ਓਪੀ ਸੋਨੀ ਜੀ ਉੱਪਰ ਆਮਦਨ ਤੋਂ ਵੱਧ ਜਾਇਦਾਦ ਦਾ ਝੂਠਾ ਕੇਸ ਬਣਾਇਆ ਗਿਆ ਹੈ।
2. ਸੋਨੀ ਸਾਬ੍ਹ ਦਾ ਸਾਰਾ ਪਰਿਵਾਰ ਇੱਕਠਿਆਂ ਹੀ ਰਹਿੰਦਾ ਹੈ ਅਤੇ ਉਹ ਇੱਕ ਵਪਾਰੀ ਵੀ ਹਨ।
3. ਸਰਕਾਰ ਨੇ ਸਾਰੇ ਪਰਿਵਾਰ ਵੱਲੋਂ ਕੀਤਾ ਗਿਆ ਖ਼ਰਚਾ ਸੋਨੀ ਸਾਬ੍ਹ ਦੇ ਮੱਥੇ ਮੜ੍ਹ ਦਿੱਤਾ ਹੈ ਅਤੇ ਉਹਨਾਂ ਦੇ ਪੁੱਤਰ ਜਾਂ ਭਤੀਜਿਆਂ ਵੱਲੋਂ ਸੋਨੀ ਸਾਬ੍ਹ ਨੂੰ ਘਰ ਬਣਾਉਣ ਲਈ ਜਾ ਵਪਾਰ (ਜੋ ਕਿ ਸਾਂਝਾ ਹੈ) ਲਈ ਉਹਨਾਂ ਦੇ ਖ਼ਾਤੇ ਰਾਹੀਂ ਦਿੱਤੇ ਗਏ ਪੈਸਿਆਂ ਨੂੰ ਵੀ ਉਹਨਾਂ ਦੇ ਨਿੱਜੀ ਖ਼ਰਚੇ ਵਿੱਚ ਗਿਣ ਲਿਆ ਹੈ ਜਿਸ ਕਾਰਨ ਸੁਭਾਵਿਕ ਹੈ ਕਿ ਉਹਨਾਂ ਵਲੋਂ ਕੀਤਾ ਖ਼ਰਚ ਜ਼ਿਆਦਾ ਲੱਗ ਰਿਹਾ ਹੈ। 
4. ਕੀ ਸਾਰੇ ਪਰਿਵਾਰ ਵੱਲੋਂ ਹਿੱਸਾ ਪਾ ਕੇ ਬਣਾਇਆ ਘਰ ਜਿਸਦਾ ਸਾਰਾ ਲੈਣ ਦੇਣ ਖਾਤੇ ਰਾਹੀਂ ਹੀ ਹੋਇਆ ਹੈ, ਉਸਨੂੰ ਇੱਕ ਬੰਦੇ ਦੇ ਹਿੱਸੇ ਲਿਖ ਦੇਣਾ ਠੀਕ ਹੈ?
5. ਇੱਕ ਪਰਿਵਾਰ ਵਿੱਚ ਇੱਕ ਦੂਜੇ ਨੂੰ ਖ਼ਾਤੇ ਰਾਹੀਂ ਪੈਸੇ ਲੋਨ ਵਜੋਂ ਦਿੱਤੇ ਜਾਂ ਲਏ ਜਾ ਸਕਦੇ ਹਨ ਜਿਸਦੀ ਇਜਾਜ਼ਤ ਸਰਕਾਰ ਵੀ ਦਿੰਦੀ ਹੈ ਪਰ ਫਿਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਪੰਜ ਵਾਰ ਦੇ ਵਿਧਾਇਕ ਨੂੰ ਇਸ ਤਰ੍ਹਾਂ ਝੂਠੇ ਇਲਜ਼ਾਮ ਲਗਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 
6. ਅਸਲ ਵਿੱਚ ਇਹ ਸਭ ਮਨੀਸ਼ ਸਿਸੋਦੀਆ ਉੱਤੇ ਚੱਲ ਰਹੇ ਘਪਲੇ ਤੇ ਈ.ਡੀ ਵੱਲੋਂ 52 ਕਰੋੜ ਦੀ ਵਸੂਲੀ ਦੀ ਖ਼ਬਰ ਨੂੰ ਲੁਕਾਉਣ ਲਈ ਕੀਤਾ ਜਾ ਰਿਹਾ ਹੈ। 
7. ਸ਼੍ਰੀ ਓਪੀ ਸੋਨੀ ਜੀ ਨੂੰ ਦਿਲ ਦਾ ਰੋਗ ਹੋਣ ਦੇ ਬਾਵਜੂਦ ਵੀ ਸਰਕਾਰ ਉਹਨਾਂ ਨੂੰ ਬੇਬੁਨਿਆਦ ਇਲਜ਼ਾਮ ਲਗਾ ਕੇ ਤੰਗ ਪਰੇਸ਼ਾਨ ਕਰ ਰਹੀ ਹੈ। 
ਮੈਨੂੰ ਪੂਰਾ ਯਕੀਨ ਹੈ ਕਿ ਬਾਕੀ ਸਾਰੇ ਕੇਸਾਂ ਵਾਂਗ ਇਹ ਵੀ ਝੂਠਾ ਨਿਕਲੇਗਾ ਤੇ ਸੋਨੀ ਸਾਬ੍ਹ ਬਾਇੱਜ਼ਤ ਬਰੀ ਹੋ ਕੇ ਬਾਹਰ ਆਉਣਗੇ। ਫਿਰ ਵੀ ਇੱਕ ਬਜ਼ੁਰਗ ਲੀਡਰ ਨੂੰ ਇਸ ਤਰ੍ਹਾਂ ਤੰਗ ਪਰੇਸ਼ਾਨ ਕਰਨਾ ਸਰਾਸਰ ਬੇਇਨਸਾਫ਼ੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੌਜੂਦਾ ਹਾਲਾਤ ਦਰਮਿਆਨ ਸ਼੍ਰੋਮਣੀ ਕਮੇਟੀ ਆਈ ਅੱਗੇ, ਲੋਕਾਂ ਲਈ ਕੀਤੇ ਖ਼ਾਸ ਪ੍ਰਬੰਧ

ਦੱਸਣਯੋਗ ਹੈ ਕਿ ਓ.ਪੀ. ਸੋਨੀ ਦੀ ਗ੍ਰਿਫ਼ਤਾਰੀ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਸੀ ਕਿ 10 ਅਕਤੂਬਰ, 2022 ਨੂੰ ਜਾਰੀ ਜਾਂਚ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਪੜਤਾਲ ਉਪਰੰਤ ਓ. ਪੀ. ਸੋਨੀ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 13 (1) (ਬੀ) ਅਤੇ 13 (2) ਤਹਿਤ ਐੱਫ. ਆਈ. ਆਰ. ਨੰ. 20 ਮਿਤੀ 9/7/2023 ਨੂੰ ਦਰਜ ਕੀਤੀ ਗਈ ਹੈ। ਬੁਲਾਰੇ ਨੇ ਦੱਸਿਆ ਕਿ 1 ਅਪ੍ਰੈਲ, 2016 ਤੋਂ 31 ਮਾਰਚ, 2022 ਤੱਕ ਦੇ ਚੈੱਕ ਪੀਰੀਅਡ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ 4,52,18,771 ਰੁਪਏ ਸੀ, ਜਦਕਿ ਖਰਚਾ 12,48,42,692 ਰੁਪਏ ਸੀ, ਜੋ ਕਿ ਉਨ੍ਹਾਂ ਦੀ ਆਮਦਨ ਦੇ ਸਰੋਤਾਂ ਨਾਲੋਂ 7,96,23,921 ਰੁਪਏ ਜਾਂ 176.08 ਫ਼ੀਸਦੀ ਵੱਧ ਬਣਦਾ ਹੈ। ਇਸ ਸਮੇਂ ਦੌਰਾਨ ਮੁਲਜ਼ਮ ਓ. ਪੀ. ਸੋਨੀ ਨੇ ਆਪਣੀ ਪਤਨੀ ਸੁਮਨ ਸੋਨੀ ਅਤੇ ਬੇਟੇ ਰਾਘਵ ਸੋਨੀ ਦੇ ਨਾਂ 'ਤੇ ਜਾਇਦਾਦਾਂ ਬਣਾਈਆਂ। ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : 95 ਲੱਖ 'ਚ ਚੀਤੇ ਦਾ ਬੱਚਾ ਵੇਚਣ ਦੀ ਚੱਲ ਰਹੀ ਸੀ ਡੀਲ, ਮੋਬਾਇਲ ਚੈੱਕ ਕਰਨ 'ਤੇ ਹੋਏ ਵੱਡੇ ਖ਼ੁਲਾਸੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harnek Seechewal

Content Editor

Related News