ਪੰਜਾਬ ਕਾਂਗਰਸ ਲਈ ਨਵੇਂ ਇੰਚਾਰਜ ਦੀ ਭਾਲ ਸ਼ੁਰੂ; ਚੋਣਾਂ ਤੋਂ ਪਹਿਲਾਂ ਕੈਪਟਨ ਕਰਵਾਉਣਗੇ ਸਰਵੇ

Wednesday, Jun 09, 2021 - 02:07 PM (IST)

ਪੰਜਾਬ ਕਾਂਗਰਸ ਲਈ ਨਵੇਂ ਇੰਚਾਰਜ ਦੀ ਭਾਲ ਸ਼ੁਰੂ; ਚੋਣਾਂ ਤੋਂ ਪਹਿਲਾਂ ਕੈਪਟਨ ਕਰਵਾਉਣਗੇ ਸਰਵੇ

ਜਲੰਧਰ (ਧਵਨ) : ਕਾਂਗਰਸ ਲੀਡਰਸ਼ਿਪ ਨੇ ਪੰਜਾਬ ਦੇ ਨਵੇਂ ਇੰਚਾਰਜ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਗਲੇ ਇਕ ਹਫ਼ਤੇ ਤੋਂ 10 ਦਿਨਾਂ ਦੇ ਅੰਦਰ ਪੰਜਾਬ ਕਾਂਗਰਸ ’ਚ ਚੱਲ ਰਿਹਾ ਕਾਟੋ ਕਲੇਸ਼ ਹੱਲ ਹੋ ਜਾਣ ਦੀ ਉਮੀਦ ਹੈ। ਉਸ ਤੋਂ ਤੁਰੰਤ ਬਾਅਦ ਨਵੇਂ ਇੰਚਾਰਜ ਦੀ ਨਿਯੁਕਤੀ ਕਰ ਦਿੱਤੇ ਜਾਣ ਦੇ ਆਸਾਰ ਹਨ। ਕਾਂਗਰਸ ਸੂਤਰਾਂ ਨੇ ਦੱਸਿਆ ਕਿ ਹਰੀਸ਼ ਰਾਵਤ ਨੇ ਆਪਣਾ ਪੂਰਾ ਧਿਆਨ ਹੁਣ ਉਤਰਾਖੰਡ ਵੱਲ ਲਗਾ ਦਿੱਤਾ ਹੈ। ਸੂਤਰਾਂ ਅਨੁਸਾਰ ਆਉਣ ਵਾਲੇ ਦਿਨਾਂ ’ਚ ਕਾਂਗਰਸ ’ਚ ਕੌਮੀ ਪੱਧਰ ’ਤੇ ਫੇਰ-ਬਦਲ ਵੇਖਣ ਨੂੰ ਮਿਲੇਗਾ। ਇਸ ਦੀ ਰੂਪ-ਰੇਖਾ ਤਿਆਰ ਹੋਣੀ ਸ਼ੁਰੂ ਹੋ ਚੁੱਕੀ ਹੈ। 

ਇਹ ਵੀ ਪੜ੍ਹੋ : ਖਹਿਰਾ ਸਮੇਤ ਬਾਕੀ ਵਿਧਾਇਕਾਂ ਦੇ ਕਾਂਗਰਸ 'ਚ ਸ਼ਾਮਿਲ ਹੋਣ 'ਤੇ ਡਾ. ਧਰਮਵੀਰ ਗਾਂਧੀ ਦੀ ਪੰਜਾਬੀਆਂ ਨੂੰ ਸਲਾਹ

ਨਵੇਂ ਇੰਚਾਰਜ ਲਈ ਚੁਣੌਤੀਆਂ
ਪੰਜਾਬ ’ਚ ਨਵੇਂ ਇੰਚਾਰਜ ਦੀ ਨਿਯੁਕਤੀ ਇਸ ਲਈ ਮਹੱਤਵਪੂਰਨ ਹੋ ਗਈ ਹੈ ਕਿਉਂਕਿ ਅਗਲੇ ਸਾਲ ਦੇ ਸ਼ੁਰੂ ’ਚ ਵਿਧਾਨ ਸਭਾ ਦੀਆਂ ਆਮ ਚੋਣਾਂ ਹੋਣੀਆਂ ਹਨ। ਕਾਂਗਰਸ ਲੀਡਰਸ਼ਿਪ ਕਿਸੇ ਅਜਿਹੇ ਆਗੂ ਦੀ ਇੰਚਾਰਜ ਦੇ ਰੂਪ ’ਚ ਨਿਯੁਕਤੀ ਕਰਨਾ ਚਾਹੁੰਦੀ ਹੈ ਜਿਸ ਨਾਲ ਆਉਣ ਵਾਲੇ ਸਮੇਂ ’ਚ ਕਿਸੇ ਵੀ ਤਰ੍ਹਾਂ ਦੇ ਟਕਰਾਅ ਦੀ ਸਥਿਤੀ ਪੈਦਾ ਨਾ ਹੋਵੇ। ਨਵੇਂ ਮੁਖੀ ਦੇ ਮੋਢਿਆਂ ’ਤੇ ਕਾਂਗਰਸ ਦੇ ਸਾਰੇ ਧੜਿਆਂ ਨੂੰ ਨਾਲ ਲੈ ਕੇ ਚੱਲਣ ਦੀ ਜ਼ਿੰਮੇਵਾਰੀ ਵੀ ਹੋਵੇਗੀ। ਕਾਂਗਰਸ ਸੂਤਰਾਂ ਨੇ ਦੱਸਿਆ ਕਿ ਸਭ ਤੋਂ ਮਹੱਤਵਪੂਰਨ ਕੰਮ ਵਿਧਾਨ ਸਭਾ ਚੋਣਾਂ ’ਚ ਟਿਕਟਾਂ ਦੀ ਵੰਡ ਨਾਲ ਸਬੰਧ ਰੱਖੇਗਾ। ਜੇਕਰ ਪੰਜਾਬ ਕਾਂਗਰਸ ਲਈ ਨਵੇਂ ਇੰਚਾਰਜ ਦੀ ਨਿਯੁਕਤੀ ਹੁੰਦੀ ਹੈ ਤਾਂ ਕਾਂਗਰਸ 'ਚ ਮੁੜ ਕੋਈ ਧੜਾ ਬਾਗ਼ੀ ਨਾ ਹੋਵੇ, ਇਹ ਇੰਚਾਰਜ ਲਈ ਵੱਡੀ ਚੁਣੌਤੀ ਹੋਵੇਗੀ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਦੇ ਨਿਸ਼ਾਨੇ 'ਤੇ ਮੁੜ ਰਾਣਾ ਗੁਰਜੀਤ, ਕਾਂਗਰਸ 'ਚ ਰਹਿ ਕੇ ਵੀ ਨਹੀਂ ਹੋਵੇਗੀ ਦੋਸਤੀ!

ਟਿਕਟਾਂ ਦੀ ਵੰਡ ਤੋਂ ਪਹਿਲਾਂ ਹੋਵੇਗਾ ਸਰਵੇ 
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਉਣ ਵਾਲੇ ਸਮੇਂ ’ਚ ਮਜ਼ਬੂਤ ਦਾਅਵੇਦਾਰਾਂ ਨੂੰ ਲੈ ਕੇ ਸਰਵੇ ਵੀ ਕਰਵਾਉਣਗੇ। ਕਾਂਗਰਸ ਲੀਡਰਸ਼ਿਪ ਵੀ ਆਪਣੇ ਪੱਧਰ ’ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਵੇ ਜ਼ਰੂਰ ਕਰਵਾਉਂਦੀ ਹੈ। ਅਖੀਰ ਦੋਵਾਂ ਸਰਵੇ ਰਿਪੋਰਟਾਂ ਨੂੰ ਆਧਾਰ ਬਣਾ ਕੇ ਟਿਕਟਾਂ ਦੀ ਵੰਡ ਕੀਤੀ ਜਾਂਦੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਵੀ ਅਜਿਹੇ ਸਰਵੇ ਕਰਵਾਏ ਗਏ ਸਨ। ਉਸ ਦਾ ਪਾਰਟੀ ਨੂੰ ਲਾਭ ਵੀ ਹੋਇਆ ਸੀ, ਕਿਉਂਕਿ ਇਨ੍ਹਾਂ ਰਿਪੋਰਟਾਂ ਦੇ ਆਧਾਰ ’ਤੇ ਜਿੱਥੇ ਸਾਰੇ ਵਰਗਾਂ ’ਚ ਸੰਤੁਲਨ ਬਣਾਇਆ ਗਿਆ ਸੀ, ਉੱਥੇ ਹੀ ਦੂਜੇ ਪਾਸੇ ਕਾਂਗਰਸ ਨੇ ਸੱਤਾ ਦੀ ਦਾਅਵੇਦਾਰ ਆਮ ਆਦਮੀ ਪਾਰਟੀ ਨੂੰ ਪਿੱਛੇ ਧੱਕਦੇ ਹੋਏ ਸੱਤਾ ਵੀ ਹਾਸਲ ਕਰ ਲਈ ਸੀ। ਇਸ ਵਾਰ ਵੀ ਕੁਝ ਨਿਰਪੱਖ ਏਜੰਸੀਆਂ ਦਾ ਸਹਾਰਾ ਸਰਵੇ ਲਈ ਲਿਆ ਜਾਵੇਗਾ।

ਨੋਟ : ਪੰਜਾਬ ਵਿਧਾਨ ਸਭਾ ਚੋਣਾਂ 2022  ਨੂੰ ਲੈ ਕੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜੁਆਬ


author

Harnek Seechewal

Content Editor

Related News