ਦਿੱਲੀ ਤੋਂ ਨਸ਼ਾ ਲਿਆ ਕੇ ਕਰਤਾਰਪੁਰ ’ਚ ਸਪਲਾਈ ਕਰਨ ਵਾਲੇ 2 ਚੜ੍ਹੇ ਪੁਲਸ ਅੜਿੱਕੇ
Thursday, Aug 25, 2022 - 04:40 PM (IST)

ਜਲੰਧਰ/ਕਰਤਾਰਪੁਰ (ਸ਼ੋਰੀ, ਸਾਹਨੀ) : ਦਿਹਾਤ ਦੀ ਕ੍ਰਾਈਮ ਬ੍ਰਾਂਚ ਪੁਲਸ ਨੇ 2 ਸਮੱਗਲਰਾਂ ਨੂੰ ਨਸ਼ੇ ਨਾਲ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐੱਸ. ਪੀ. (ਡੀ) ਸਰਬਜੀਤ ਸਿੰਘ ਬਾਹੀਆ, ਡੀ. ਐੱਸ. ਪੀ. ਬਲਕਾਰ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਸਵਰਨਦੀਪ ਸਿੰਘ ਦੇ ਹੁਕਮਾਂ ’ਤੇ ਦਿਹਾਤ ਇਲਾਕੇ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਜਾਰੀ ਹੈ। ਇਸੇ ਤਹਿਤ ਦਿਹਾਤ ਦੀ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਪੁਸ਼ਪ ਬਾਲੀ ਦੀ ਅਗਵਾਈ 'ਚ ਸਬ-ਇੰਸਪੈਕਟਰ ਨਿਰਮਲ ਸਿੰਘ ਪੁਲਸ ਪਾਰਟੀ ਸਮੇਤ ਮਕਸੂਦਾਂ ਤੋਂ ਕਰਤਾਰਪੁਰ ਵੱਲ ਗਸ਼ਤ ਕਰ ਰਹੇ ਸਨ ਕਿ ਅੱਡਾ ਕਰਤਾਰਪੁਰ ਕੋਲ 2 ਵਿਅਕਤੀ ਖੜ੍ਹੇ ਸਨ, ਜੋ ਪੁਲਸ ਨੂੰ ਦੇਖ ਕੇ ਪਿੱਛੇ ਮੁੜਨ ਲੱਗੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਖ਼ਿਲਾਫ਼ ਸੜਕਾਂ 'ਤੇ ਉੱਤਰੇ ਟਿੱਪਰ ਮਾਲਕ, ਜੰਮ ਕੇ ਕੀਤੀ ਨਾਅਰੇਬਾਜ਼ੀ
ਸ਼ੱਕ ਹੋਣ ’ਤੇ ਪੁਲਸ ਨੇ ਉਨ੍ਹਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਇਕ ਨੇ ਆਪਣਾ ਨਾਂ ਅਜੀਤ ਕੁਮਾਰ ਪੁੱਤਰ ਰਾਜੂ ਪਾਸਵਾਨ ਵਾਸੀ ਐੱਸ. ਐੱਸ. ਨਗਰ ਤੇ ਦੂਜੇ ਨੇ ਆਪਣਾ ਨਾਂ ਰੁਪੇਸ਼ ਕੁਮਾਰ ਪੁੱਤਰ ਸ਼ੰਕਰ ਵਾਸੀ ਬਿਹਾਰ ਦੱਸਿਆ। ਨਸ਼ੇ ਦੀ ਖੇਪ ਹੋਣ ਦਾ ਸ਼ੱਕ ਹੋਣ ਕਾਰਨ ਸਬ-ਇੰਸਪੈਕਟਰ ਨਿਰਮਲ ਸਿੰਘ ਨੇ ਇਸ ਸਬੰਧੀ ਡੀ. ਐੱਸ. ਪੀ. ਬਲਕਾਰ ਸਿੰਘ ਨਾਲ ਗੱਲ ਕੀਤੀ ਤਾਂ ਉਹ ਮੌਕੇ ’ਤੇ ਪਹੁੰਚੇ। ਉਨ੍ਹਾਂ ਦੀ ਹਾਜ਼ਰੀ 'ਚ ਅਜੀਤ ਸਿੰਘ ਦੇ ਬੈਗ ਦੀ ਤਲਾਸ਼ੀ ਦੌਰਾਨ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਰੁਪੇਸ਼ ਦੀ ਤਲਾਸ਼ੀ ਲੈਣ ਦੌਰਾਨ ਉਸ ਕੋਲੋਂ 120 ਗ੍ਰਾਮ ਆਈਸ (ਨਸ਼ੀਲਾ ਪਦਾਰਥ) ਬਰਾਮਦ ਹੋਈ।
ਇਹ ਵੀ ਪੜ੍ਹੋ : ਪੱਕੇ ਮੋਰਚੇ 'ਚ ਗੂੰਜੇ ਨਾਅਰੇ, "ਦੁੱਧ ਉਤਪਾਦਕ ਹੀ ਨਹੀਂ ਹੋਣਗੇ ਤਾਂ ਦੁੱਧ ਕਿੱਥੋਂ ਆਵੇਗਾ"
ਪੁਲਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਕਰਤਾਰਪੁਰ 'ਚ ਕੇਸ ਦਰਜ ਕਰ ਲਿਆ ਹੈ। ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਅਜੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਇਕ ਅਪਰਾਧਿਕ ਕੇਸ ਦਰਜ ਹੈ। ਮੁਲਜ਼ਮ ਦਿੱਲੀ ਤੋਂ ਨਸ਼ਾ ਲਿਆਏ ਸਨ ਅਤੇ ਇਸਦੀ ਡਲਿਵਰੀ ਕਰਤਾਰਪੁਰ ਵਿਖੇ ਹੋਣੀ ਸੀ। ਮੁਲਜ਼ਮਾਂ ਦੇ ਫੋਨ ਦੀ ਡਿਟੇਲ ਪੁਲਸ ਕੱਢ ਕੇ ਜਾਂਚ ਕਰ ਰਹੀ ਹੈ। ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ।