ਅੱਧੀ ਰਾਤ ਨੂੰ ਗੁਰਦੁਆਰਾ ਸਾਹਿਬ ''ਚ ਵਾਪਰਿਆ ਭਿਆਨਕ ਹਾਦਸਾ, ਪੈ ਗਿਆ ਚੀਕ-ਚਿਹਾੜਾ

08/27/2015 9:43:25 AM

ਜਲੰਧਰ (ਚਾਵਲਾ)-ਨਵੀਂ ਦਿੱਲੀ ਦੀ ਗੀਤਾ ਕਾਲੋਨੀ 10 ਬਲਾਕ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਡਿਗਣ ਦੇ ਹਾਦਸੇ ''ਚ 5 ਸਾਲਾ ਬੱਚੀ ਦੀ ਮੌਤ ਅਤੇ 2 ਪਾਵਨ ਸਰੂਪਾਂ ਦੇ ਮਲਬੇ ਹੇਠ ਦੱਬੇ ਜਾਣ ''ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨੋਟਿਸ ਲਿਆ ਹੈ। ਮੌਕੇ ''ਤੇ ਹਾਲਾਤ ਦਾ ਜਾਇਜ਼ਾ ਲੈਣ ਪੁੱਜੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਇਸ ਹਾਦਸੇ ਲਈ ਦਿੱਲੀ ਸਰਕਾਰ ਦੇ ਪੀ. ਡਬਲਿਊ. ਡੀ. ਮਹਿਕਮੇ ਨੂੰ ਦੋਸ਼ੀ ਗਰਦਾਨਦੇ ਹੋਏ ਪੀੜਤ ਪਰਿਵਾਰ ਤੇ ਗੁਰਦੁਆਰਾ ਸਾਹਿਬ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। 
ਇਥੇ ਜ਼ਿਕਰਯੋਗ ਹੈ ਕਿ ਬੀਤੀ ਰਾਤ ਲਗਭਗ ਢਾਈ ਵਜੇ ਗੁਰਦੁਆਰਾ ਸਾਹਿਬ ਦੇ ਬਾਹਰ ਜੇ. ਸੀ. ਬੀ. ਮਸ਼ੀਨ ਦੀ ਮਦਦ ਨਾਲ ਪੀ. ਡਬਲਿਊ. ਡੀ ਵਲੋਂ 6 ਫੁੱਟ ਡੂੰਘੀ ਮਿੱਟੀ ਪੁੱਟਣ ਕਾਰਨ ਗੁਰਦੁਆਰਾ ਸਾਹਿਬ ਦੀ ਕੰਧ ਡਿੱਗ ਗਈ ਸੀ, ਜਿਸਦੇ ਮਲਬੇ ''ਚ ਦੱਬਣ ਨਾਲ ਇਕ ਬੱਚੀ ਦੀ ਮੌਤ ਅਤੇ ਪੰਜ ਹੋਰ ਗੁਰਦੁਆਰੇ ਦੇ ਮੁਲਾਜ਼ਮ ਬੁਰੀ ਤਰ੍ਹਾਂ ਫੱਟੜ ਹੋ ਗਏ ਸਨ, ਜਿਨ੍ਹਾਂ ਨੂੰ ਸਥਾਨਕ ਲੋਕਾਂ ਅਤੇ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਵਲੋਂ ਐੱਲ. ਐੱਨ. ਜੇ. ਪੀ. ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। 
ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਜਤਿੰਦਰ ਸਿੰਘ ਨੇ ਸਵੇਰੇ ਮੌਕੇ ''ਤੇ ਪੁੱਜ ਕੇ ਮਲਬੇ ਹੇਠੋਂ ਦੱਬੀ ਪਾਲਕੀ ਸਾਹਿਬ ਅਤੇ ਸੁਖ ਆਸਨ ਅਸਥਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 2 ਪਾਵਨ ਸਰੂਪਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਵੀ ਦਾਅਵਾ ਕੀਤਾ ਹੈ। ਇਸ ਹਾਦਸੇ ''ਚ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਮੁੱਦਾ ਬਣਾਉਂਦੇ ਹੋਏ ਜੀ. ਕੇ. ਨੇ ਗੁਰਦੁਆਰਾ ਸਾਹਿਬ ਦੀ ਜ਼ਮੀਨ ''ਤੇ ਕਿਸੇ ਸਰਕਾਰੀ ਮਹਿਕਮੇ ਨੂੰ ਉਂਗਲ ਨਾ ਰੱਖਣ ਦੇਣ ਦੀ ਵੀ ਧਮਕੀ ਦਿੱਤੀ ਹੈ।


Babita Marhas

News Editor

Related News