ਕੈਨੇਡਾ ਦੀ ਸੰਗਤ ਨੇ ਗੁਰਦੁਆਰਾ ਸ਼ਹੀਦਾਂ ਤੱਲ੍ਹਣ ਨੂੰ 11 ਕਨਾਲ ਜ਼ਮੀਨ ਦਾਨ ਕੀਤੀ : ਰਿਸੀਵਰ ਭੁੱਲਰ
Wednesday, Dec 05, 2018 - 01:53 PM (IST)
ਜਲੰਧਰ (ਮਹੇਸ਼)-ਕੈਨੇਡਾ ਵਾਸੀ ਗੁਰਮੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਬੇਟੇ ਹਰਸਿਮਰਨਪਾਲ ਸਿੰਘ ਬੈਂਸ ਨੇ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਨੂੰ 11 ਕਨਾਲ ਜ਼ਮੀਨ ਦਾਨ ਦਿੱਤੀ ਹੈ। ਇਹ ਜਾਣਕਾਰੀ ਜ਼ਿਲਾ ਪ੍ਰਸ਼ਾਸਨ ਵੱਲੋਂ ਉਕਤ ਗੁਰਦੁਆਰਾ ਸਾਹਿਬ ’ਚ ਬਤੌਰ ਰਿਸੀਵਰ ਸੇਵਾਵਾਂ ਨਿਭਾਅ ਰਹੇ ਜਲੰਧਰ ਦੇ ਤਹਿਸੀਲਦਾਰ-1 ਕਰਨਦੀਪ ਸਿੰਘ ਭੁੱਲਰ ਨੇ ਦਿੱਤੀ ਹੈ। ਉਨ੍ਹਾਂ ਨੇ ਉਕਤ ਪਰਿਵਾਰ ਦਾ ਧੰਨਵਾਦ ਕਰਦਿਅਾਂ ਕਿਹਾ ਕਿ ਗੁਰਮੀਤ ਸਿੰਘ ਬੈਂਸ ਨੇ ਕੁਝ ਮਹੀਨੇ ਪਹਿਲਾਂ ਸਾਢੇ 5 ਕਨਾਲ ਜ਼ਮੀਨ ਗੁਰਦੁਆਰਾ ਸਾਹਿਬ ਨੂੰ ਦਾਨ ਦਿੱਤੀ ਸੀ ਤੇ ਹੁਣ ਉਨ੍ਹਾਂ ਦੇ ਬੇਟੇ ਹਰਸਿਮਰਨਪਾਲ ਸਿੰਘ ਬੈਂਸ ਵੱਲੋਂ ਸਾਢੇ 5 ਕਨਾਲ ਜ਼ਮੀਨ ਦਾਨ ਦਿੱਤੀ ਗਈ ਹੈ। ਰਿਸੀਵਰ ਭੁੱਲਰ ਅਨੁਸਾਰ ਪਰਿਵਾਰ ਵੱਲੋਂ ਦਾਨ ਦਿੱਤੀ ਗਈ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੀ ਸਥਿਤ ਹੈ, ਜਿਸ ਦਾ ਗੁਰਦੁਆਰਾ ਸਾਹਿਬ ਨੂੰ ਕਾਫੀ ਲਾਭ ਮਿਲੇਗਾ। ਬੈਂਸ ਪਰਿਵਾਰ ਦਾ ਗੁਰਦੁਆਰਾ ਸਾਹਿਬ ਵੱਲੋਂ ਸਨਮਾਨ ਵੀ ਕੀਤਾ ਗਿਆ, ਜਿਸ ਦੌਰਾਨ ਗੁਰਦੁਆਰਾ ਸਾਹਿਬ ਦੇ ਕਾਰਜਕਾਰੀ ਮੈਨੇਜਰ ਹਰਪ੍ਰੀਤ ਸਿੰਘ, ਬਲਜੀਤ ਸਿੰਘ ਤੇ ਹੋਰ ਸੇਵਾਦਾਰ ਵੀ ਮੌਜੂਦ ਸਨ। ਕਰਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਬੈਂਸ ਪਰਿਵਾਰ ਵੱਲੋਂ ਦਾਨ ਕੀਤੀ ਗਈ ਜ਼ਮੀਨ ਦੀ ਸਰਕਾਰੀ ਤੌਰ ’ਤੇ ਗੁਰਦੁਆਰਾ ਸਾਹਿਬ ਦੇ ਨਾਂ ’ਤੇ ਰਜਿਸਟਰੀ ਵੀ ਕਰਵਾ ਦਿੱਤੀ ਗਈ ਹੈ।
