ਡੈਪੋ ਪ੍ਰੋਗਰਾਮ ਦੇ ਤਹਿਤ ਸਿਖਲਾਈ ਪ੍ਰੋਗਰਾਮ ਆਯੋਜਿਤ

11/15/2018 4:32:20 PM

ਜਲੰਧਰ (ਅਮਿਤ)- ਲੋਕਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰ ਕੇ ਸੂਬੇ ਵਿਚ ਨਸ਼ਿਆਂ ਦੀ ਲਾਹਨਤ ਨੂੰ ਖਤਮ ਕਰਨ ਦੇ ਉਦੇਸ਼ ਨਾਲ ਜ਼ਿਲਾ ਪ੍ਰਸ਼ਾਸਨ ਵਲੋਂ ਮੰਗਲਵਾਰ ਨੂੰ ਪੰਜਾਬ ਸਰਕਾਰ ਦੇ ਡਰੱਗ ਐਬਿਊਜ਼ ਪ੍ਰੀਵੈਂਸ਼ਨ ਆਫੀਸਰ (ਡੈਪੋ) ਮੁਹਿੰਮ ਦੇ ਤਹਿਤ ਦੋਆਬਾ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਚ ਕਲਸਟਰ ਕੋਆਰਡੀਨੇਟਰ, ਸੁਪਰਵਾਈਜ਼ਰਾਂ, ਨਸ਼ਾ ਰੋਕੂ ਨਿਗਰਾਨ ਕਮੇਟੀਆਂ ਦੇ ਮੈਂਬਰਾਂ ਅਤੇ ਵਾਲੰਟੀਅਰਾਂ ਦਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਸਿਖਲਾਈ ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਸਬ ਡਵੀਜ਼ਨ ਐੱਸ. ਡੀ. ਐੱਮ.-1 ਡਾ. ਸੰਜੀਵ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਸਪਲਾਈ ਲਾਈਨ ਤੋਂ ਪਹਿਲਾਂ ਹੀ ਤੋੜ ਦਿੱਤੀ ਗਈ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਲੋਕਾਂ ਦੇ ਸਹਿਯੋਗ ਨਾਲ ਡੈਪੋ ਪ੍ਰੋਗਰਾਮ ਦੇ ਤਹਿਤ ਨਸ਼ਿਆਂ ਦੀ ਮੰਗ ਨੂੰ ਰੋਕਿਆ ਜਾਵੇ। ਐੱਸ. ਡੀ. ਐੱਮ. ਨੇ ਕਿਹਾ ਕਿ ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਜ਼ਮੀਨੀ ਪੱਧਰ ਦੇ ਟਰੇਨਰਾਂ ਦੀ ਯੋਗਤਾ ਵਿਚ ਵਾਧਾ ਕਰਨਾ ਹੈ ਤਾਂ ਜੋ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਮੁਹਿੰਮ ਸਬੰਧੀ ਜ਼ਿਆਦਾ ਤੋਂ ਜ਼ਿਆਦਾ ਜਾਗਰੂਕਤਾ ਫੈਲਾਈ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਹਰ ਵਾਰਡ ਵਿਚ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਦਾ ਗਠਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸ਼ਹਿਰੀ ਤੇ ਗ੍ਰਾਮੀਣ ਖੇਤਰਾਂ ਵਿਚ ਕਲਸਟਰ ਕੋਆਰਡੀਨੇਟਰ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਜੋ ਯੋਜਨਾਬੱਧ ਢੰਗ ਨਾਲ ਜ਼ਿਲੇ ਵਿਚ ਨਸ਼ਿਆਂ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਨੇ ਇਸ ਕੰਮ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ ਲਈ ਡੈਪੋ ਤੇ ਗਰਾਊਂਡ ਲੈਵਲ ਟਰੇਨਰਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਉਮਾ ਬੇਰੀ, ਡੋਲੀ, ਬਲਜੀਤ ਸਿੰਘ ਥਿੰਦ, ਸੁਰਜੀਤ ਰਾਮ ਤੇ ਹੋਰ ਮੌਜੂਦ ਸਨ।


Related News