ਵਿਧਾਇਕ ਗੁਰਮੀਤ ਖੁੱਡੀਆਂ ਦਾ ਦਾਅਵਾ- ਪਿਛਲੀ ਚੋਣ ਤੋਂ ਵੱਖ ਸਾਬਿਤ ਹੋਵੇਗੀ ਜਲੰਧਰ ਜ਼ਿਮਨੀ ਚੋਣ

Tuesday, May 02, 2023 - 02:08 PM (IST)

ਜਲੰਧਰ (ਜਗਵੰਤ, ਸੋਮਨਾਥ) : ਜਲੰਧਰ ਲੋਕ ਸਭਾ ਸੀਟ ’ਤੇ ਹੋ ਰਹੀ ਉਪ-ਚੋਣ ਲਈ 10 ਮਈ ਨੂੰ ਪੋਲਿੰਗ ਹੋਣ ਜਾ ਰਹੀ ਹੈ। ਜਿਵੇਂ-ਜਿਵੇਂ ਪੋਲਿੰਗ ਦੀ ਤਾਰੀਖ਼ ਨੇੜੇ ਆ ਰਹੀ ਹੈ, ਸਿਆਸੀ ਸਰਗਰਮੀਆਂ ਤੇ ਚੋਣ ਪ੍ਰਚਾਰ ਤੇਜ਼ ਹੁੰਦਾ ਜਾ ਰਿਹਾ ਹੈ। ਹਰੇਕ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਜਲੰਧਰ ’ਚ ਡੇਰਾ ਲਾਇਆ ਹੋਇਆ ਹੈ। ਇਸ ਸਿਲਸਿਲੇ ’ਚ ਲੰਬੀ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਵੀ ਜਲੰਧਰ ਪਹੁੰਚੇ ਹੋਏ ਹਨ।

‘ਜਗ ਬਾਣੀ’ ਨਾਲ ਹੋਈ ਵਿਸ਼ੇਸ਼ ਗੱਲਬਾਤ ’ਚ ਖੁੱਡੀਆਂ ਨੇ ਕਿਹਾ ਕਿ ਉਨ੍ਹਾਂ ਜਲੰਧਰ ਲੋਕ ਸਭਾ ਹਲਕੇ ਅਧੀਨ ਆਉਂਦੇ ਵੱਖ-ਵੱਖ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਦਾ ਦੌਰਾ ਕੀਤਾ ਹੈ ਅਤੇ ਇਸ ਦੌਰਾਨ ਉਨ੍ਹਾਂ ਨੂੰ ਇਹ ਗੱਲ ਵੇਖਣ ਨੂੰ ਮਿਲੀ ਹੈ ਕਿ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਤੇ ਜਨ-ਕਲਿਆਣ ਲਈ ਲਾਗੂ ਕੀਤੀਆਂ ਗਈਆਂ ਨੀਤੀਆਂ ਅਤੇ ਭਗਵੰਤ ਮਾਨ ਸਰਕਾਰ ਦੀ ਇਕ ਸਾਲ ਦੀ ਕਾਰਗੁਜ਼ਾਰੀ ਤੋਂ ਬੇਹੱਦ ਖੁਸ਼ ਹਨ। ਇਸ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਜਿੱਤ ਯਕੀਨੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਨੂੰ ਵੱਡਾ ਝਟਕਾ, ਸਕੂਲ ਮੁਖੀਆਂ ਨੂੰ ਸਖ਼ਤ ਹੁਕਮ ਜਾਰੀ

ਪਿਛਲੀਆਂ ਚੋਣਾਂ ਤੋਂ ਵੱਖ ਸਾਬਿਤ ਹੋਵੇਗੀ ਇਹ ਚੋਣ

ਜਲੰਧਰ ਲੋਕ ਸਭਾ ਉਪ-ਚੋਣ ਲਈ ਪੋਲਿੰਗ ’ਚ ਹੁਣ ਕੁਝ ਹੀ ਦਿਨ ਬਾਕੀ ਬਚੇ ਹਨ। ਇਸ ਚੋਣ ਸਬੰਧੀ ਤੁਹਾਨੂੰ ਕੀ ਲੱਗਦਾ ਹੈ, ਇਸ ’ਤੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ਨਾਲ ਇਹ ਸੀਟ ਖ਼ਾਲੀ ਹੋਈ ਹੈ। ਪਹਿਲਾਂ ਸਮਾਂ ਵੱਖਰਾ ਸੀ ਅਤੇ ਇਹ ਸਮਾਂ ਵੱਖਰਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਨਹਿੱਤ ’ਚ ਬਹੁਤ ਚੰਗੇ ਫ਼ੈਸਲੇ ਲਏ ਹਨ, ਜਿਸ ਨਾਲ ਲੋਕਾਂ ਦੀਆਂ ਕਾਫ਼ੀ ਸਮੱਸਿਆਵਾਂ ਦੂਰ ਹੋਈਆਂ ਹਨ। ਇਸ ਲਈ ਇਹ ਚੋਣ ਪਿਛਲੀ ਚੋਣ ਤੋਂ ਵੱਖ ਸਾਬਿਤ ਹੋਵੇਗੀ।

‘ਆਪ’ ਸਰਕਾਰ ਵਲੋਂ ਪਹਿਲੇ ਸਾਲ ਪੂਰੀਆਂ ਹੋਈਆਂ ਗਾਰੰਟੀਆਂ ਨਾਲ ਲੋਕਾਂ ’ਚ ਆਸ ਬੱਝੀ

ਲੋਕ ਆਮ ਆਦਮੀ ਪਾਰਟੀ ਨੂੰ ਵੋਟ ਕਿਉਂ ਦੇਣ? ਇਸ ’ਤੇ ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪਹਿਲੀ ਗਾਰੰਟੀ 600 ਯੂਨਿਟ ਬਿਜਲੀ ਮੁਫ਼ਤ ਦੇਣਾ ਸੀ। ਸੱਤਾ ’ਚ ਆਉਣ ਤੋਂ ਬਾਅਦ ‘ਆਪ’ ਸਰਕਾਰ ਨੇ ਲੋਕਾਂ ਨੂੰ ਤਿੰਨ ਮਹੀਨਿਆਂ ਦੇ ਅੰਦਰ 600 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਪੂਰਾ ਕੀਤਾ। ਇਹ ਸਹੂਲਤ ਕਿਸੇ ਇਕ ਵਰਗ ਨੂੰ ਨਹੀਂ, ਸਗੋਂ ਸਾਰੇ ਵਰਗਾਂ ਨੂੰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸੂਬੇ ਵਿੱਚ ਅਨਾਜ ਵੰਡ ਲਈ ਵੱਡਾ ਕਦਮ ਚੁੱਕਣ ਜਾ ਰਹੀ ਪੰਜਾਬ ਸਰਕਾਰ

ਇਸ ਤੋਂ ਇਲਾਵਾ ਦੂਜੀ ਗਾਰੰਟੀ ਮੁਹੱਲਾ ਕਲੀਨਿਕ ਦੀ ਦਿੱਤੀ ਗਈ ਸੀ। ਪੰਜਾਬ ’ਚ ਹੁਣ ਤਕ 500 ਤੋਂ ਵੱਧ ਮੁਹੱਲਾ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ ਅਤੇ ਇਸ ਚੋਣ ਤੋਂ ਬਾਅਦ ਹੋਰ ਮੁਹੱਲਾ ਕਲੀਨਿਕ ਖੋਲ੍ਹਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਨ੍ਹਾਂ ਮੁਹੱਲਾ ਕਲੀਨਿਕਾਂ ’ਚ ਮਰੀਜ਼ਾਂ ਦੇ ਚੈੱਕਅਪ ਤੋਂ ਇਲਾਵਾ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਮੁਫ਼ਤ ਟੈਸਟ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ। ਹੁਣ ਤਕ ਮੁਹੱਲਾ ਕਲੀਨਿਕਾਂ ਤੋਂ ਲੱਖਾਂ ਲੋਕ ਲਾਭ ਉਠਾ ਚੁੱਕੇ ਹਨ।

ਇਸ ਤੋਂ ਇਲਾਵਾ ਹਰ ਇਕ ਵਿਧਾਨ ਸਭਾ ਹਲਕੇ ’ਚ ਸਕੂਲ ਆਫ ਐਮੀਨੈਂਸ ਖੋਲ੍ਹੇ ਜਾ ਰਹੇ ਹਨ ਅਤੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਸਰਕਾਰ ਨੇ ਪਹਿਲੇ ਸਾਲ ’ਚ 28 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ, ਜਿਸ ਦਾ ਲਾਭ ਸਰਕਾਰ ਨੂੰ ਇਸ ਜ਼ਿਮਨੀ ਚੋਣ ’ਚ ਜ਼ਰੂਰ ਮਿਲੇਗਾ ਅਤੇ ਲੋਕਾਂ ਨੂੰ ਆਸ ਹੈ ਕਿ ਅੱਗੇ ਵੀ ਉਨ੍ਹਾਂ ਨੂੰ ਇਨ੍ਹਾਂ ਲੋਕ ਭਲਾਈ ਸਹੂਲਤਾਂ ਦਾ ਲਾਭ ਮਿਲਦਾ ਰਹਿਗਾ।

ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ 'ਤੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਕਹੀ ਇਹ ਗੱਲ

ਸੁਸ਼ੀਲ ਰਿੰਕੂ ਲੋਕਾਂ ਨਾਲ ਜੁੜੇ ਨੇਤਾ ਹਨ ਅਤੇ ਜਿੱਤਣ ਦੀ ਸਮਰੱਥਾ ਰੱਖਦੇ ਹਨ

ਵਿਰੋਧੀ ਕਹਿ ਰਹੇ ਹਨ ਕਿ ਆਮ ਆਦਮੀ ਪਾਰਟੀ ਨੂੰ ਸੱਤਾ ’ਚ ਆਏ ਇਕ ਸਾਲ ਹੋ ਗਿਆ ਹੈ। ਸੂਬੇ ’ਚ ਪਾਰਟੀ ਦੀ ਸਰਕਾਰ ਸੀ ਤੇ ਸਮਾਂ ਵੀ ਸੀ ਪਰ ਫਿਰ ਪਾਰਟੀ ਨੂੰ ਬਾਹਰੋਂ ਉਮੀਦਵਾਰ ਲਿਆਉਣ ਦੀ ਕੀ ਲੋੜ ਸੀ। ਇਸ ’ਤੇ ਵਿਧਾਇਕ ਖੁੱਡੀਆਂ ਨੇ ਕਿਹਾ ਕਿ ਇਹ ਫ਼ੈਸਲਾ ਹਾਈਕਮਾਂਡ ਨੇ ਕਰਨਾ ਹੁੰਦਾ ਹੈ ਕਿ ਕਿਸ ਨੂੰ ਚੋਣ ਮੈਦਾਨ ’ਚ ਉਤਾਰਨਾ ਹੈ। ਲੋਕਾਂ ਨਾਲ ਜੁੜੇ ਆਗੂਆਂ ਨੂੰ ਸਾਰੀਆਂ ਪਾਰਟੀਆਂ ਆਪਣੇ ਵੱਲ ਖਿੱਚਣਾ ਚਾਹੁੰਦੀਆਂ ਹਨ ਅਤੇ ਆਮ ਆਦਮੀ ਪਾਰਟੀ ਵੀ ਚਾਹੁੰਦੀ ਹੈ ਕਿ ਇਸ ਉਪ ਚੋਣ ’ਚ ਉਸ ਦਾ ਉਮੀਦਵਾਰ ਜਿੱਤੇ। ਇਸੇ ਲਈ ਜਿਹੜਾ ਆਗੂ ਜਨਤਾ ਨਾਲ ਜੁੜਿਆ ਹੁੰਦਾ ਹੈ ਅਤੇ ਜਿੱਤਣ ਦੀ ਸਮਰੱਥਾ ਰੱਖਦਾ ਹੋਵੇ, ਉਸ ਨੂੰ ਚੋਣ ਮੈਦਾਨ ’ਚ ਉਤਾਰਿਆ ਜਾਂਦਾ ਹੈ। ਸੁਸ਼ੀਲ ਰਿੰਕੂ ਜਨਤਾ ਨਾਲ ਜੁੜੇ ਆਗੂ ਹਨ ਅਤੇ ਜਲੰਧਰ ਦੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਇਸ ਲਈ ਪਾਰਟੀ ਨੇ ਉਨ੍ਹਾਂ ਨੂੰ ਮੈਦਾਨ ’ਚ ਉਤਾਰਿਆ ਹੈ।

ਇਹ ਵੀ ਪੜ੍ਹੋ :  ਗੈਸ ਲੀਕ ਕਾਂਡ ’ਚ ਵਾਲ-ਵਾਲ ਬਚੇ ਪੁਲਸ ਮੁਲਾਜ਼ਮਾਂ ਨੇ ਬਿਆਨ ਕੀਤਾ ਲੂ ਕੰਡੇ ਕਰਨ ਵਾਲਾ ਮੰਜ਼ਰ

ਚੌਧਰੀ ਦੇ 9 ਸਾਲ ਤਕ ਸੰਸਦ ਮੈਂਬਰ ਰਹਿਣ ਦੇ ਬਾਵਜੂਦ ਜਲੰਧਰ ’ਚ ਸਮੱਸਿਆਵਾਂ ਕਿਉਂ?

ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਜਲੰਧਰ ਲੋਕ ਸਭਾ ਸੀਟ ਖ਼ਾਲੀ ਹੋਈ ਸੀ ਅਤੇ ਕਾਂਗਰਸ ਪਾਰਟੀ ਨੇ ਹਮਦਰਦੀ ਦੀਆਂ ਵੋਟਾਂ ਮੰਗਣ ਲਈ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਨੂੰ ਟਿਕਟ ਦਿੱਤੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਹਮਦਰਦੀ ਦੀਆਂ ਵੋਟਾਂ ਮਿਲਣਗੀਆਂ? ਇਸ ’ਤੇ ਵਿਧਾਇਕ ਨੇ ਕਿਹਾ ਕਿ ਇਸ ਦਾ ਕੁਝ ਅਸਰ ਤਾਂ ਹੋ ਸਕਦਾ ਹੈ ਪਰ ਲੋਕ ਇਹ ਵੀ ਸੋਚਦੇ ਹਨ ਕਿ ਅਸੀਂ ਇਕ ਸੰਸਦ ਮੈਂਬਰ ਨੂੰ 9 ਸਾਲ ਦਿੱਤੇ ਹਨ ਪਰ ਉਨ੍ਹਾਂ ਦੇ ਹਲਕੇ ਦੀਆਂ ਸਮੱਸਿਆਵਾਂ ਅਜੇ ਵੀ ਉਵੇਂ ਹੀ ਹਨ। ਇਕ ਸੰਸਦ ਮੈਂਬਰ ਕੋਲ ਖ਼ਰਚ ਕਰਨ ਲਈ ਕਾਫ਼ੀ ਫੰਡ ਹੁੰਦੇ ਹਨ, ਫਿਰ ਵੀ ਸਮੱਸਿਆਵਾਂ ਦਾ ਹੋਣਾ ਬਹੁਤ ਹੈਰਾਨੀਜਨਕ ਗੱਲ ਹੈ। ਇਸ ਲਈ ਸੂਬੇ ’ਚ ਜਿਸ ਪਾਰਟੀ ਦੀ ਸਰਕਾਰ ਹੋਵੇ, ਉਸ ਦਾ ਸੰਸਦ ਮੈਂਬਰ ਹੀ ਚੁਣਿਆ ਜਾਵੇ ਤਾਂ ਕੇਂਦਰ ਸਰਕਾਰ ਤੋਂ ਸੂਬੇ ਲਈ ਕੋਈ ਵੀ ਵੱਡਾ ਪ੍ਰਾਜੈਕਟ ਲਿਆਉਣ ’ਚ ਆਸਾਨੀ ਹੋਵੇਗੀ।

ਭਗਵੰਤ ਮਾਨ ਸਰਕਾਰ ਦੇ ਕੰਮ ਬੋਲਦੇ ਹਨ

ਜਲੰਧਰ ’ਚ ਤੁਹਾਨੂੰ ਕਿਹੜੀਆਂ-ਕਿਹੜੀਆਂ ਪਾਰਟੀਆਂ ’ਚ ਮੁਕਾਬਲਾ ਨਜ਼ਰ ਆਉਂਦਾ ਹੈ? ਇਸ ’ਤੇ ਵਿਧਾਇਕ ਖੁੱਡੀਆਂ ਨੇ ਕਿਹਾ ਕਿ ਸਾਡਾ ਕਿਸੇ ਪਾਰਟੀ ਨਾਲ ਮੁਕਾਬਲਾ ਨਹੀਂ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਇਕ ਸਾਲ ਦੇ ਥੋੜ੍ਹੇ ਜਿਹੇ ਕਾਰਜਕਾਲ ’ਚ ਉਹ ਕੰਮ ਕੀਤੇ ਹਨ ਜੋ ਦੂਜੀਆਂ ਸਰਕਾਰਾਂ ਕਈ ਵਾਰ 5-5 ਸਾਲਾਂ ’ਚ ਵੀ ਨਹੀਂ ਕਰਦੀਆਂ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਛੱਡ ਕੇ ਸੂਬੇ ਦੀ ਕੋਈ ਹੋਰ ਸਿਆਸੀ ਪਾਰਟੀ ਇਹ ਦਾਅਵਾ ਨਹੀਂ ਕਰ ਸਕਦੀ ਕਿ ਉਸ ਨੇ ਪਹਿਲੇ ਹੀ ਸਾਲ ’ਚ ਭਗਵੰਤ ਮਾਨ ਸਰਕਾਰ ਜਿੰਨੇ ਲੋਕ ਭਲਾਈ ਦੇ ਕੰਮ ਕੀਤੇ ਹਨ। ਭਗਵੰਤ ਮਾਨ ਸਰਕਾਰ ਦੇ ਕੰਮ ਬੋਲਦੇ ਹਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News