ਅਸ਼ਲੀਲ ਇਸ਼ਾਰੇ ਕਰਨ ਤੇ ਰਾਜ਼ੀਨਾਮੇ ਲਈ ਧਮਕਾਉਣ ਦੇ ਮਾਮਲੇ ''ਚ ਕੰਗਣੀਵਾਲ ਦੀ ਸਰਪੰਚ ਤੇ ਪੁੱਤ ’ਤੇ FIR ਦਰਜ

Monday, Sep 26, 2022 - 05:08 PM (IST)

ਅਸ਼ਲੀਲ ਇਸ਼ਾਰੇ ਕਰਨ ਤੇ ਰਾਜ਼ੀਨਾਮੇ ਲਈ ਧਮਕਾਉਣ ਦੇ ਮਾਮਲੇ ''ਚ ਕੰਗਣੀਵਾਲ ਦੀ ਸਰਪੰਚ ਤੇ ਪੁੱਤ ’ਤੇ FIR ਦਰਜ

ਜਲੰਧਰ (ਮਹੇਸ਼) : ਅਸ਼ਲੀਲ ਇਸ਼ਾਰੇ ਕਰਨ ਅਤੇ ਰਾਜ਼ੀਨਾਮੇ ਲਈ ਧਮਕਾਉਣ ਦੇ ਮਾਮਲੇ ’ਚ ਥਾਣਾ ਪਤਾਰਾ ਦੀ ਪੁਲਸ ਨੇ ਪਿੰਡ ਕੰਗਣੀਵਾਲ ਦੀ ਸਰਪੰਚ ਬੀਬੀ ਹਰਜੀਤ ਕੌਰ ਅਤੇ ਉਸ ਦੇ ਪੁੱਤਰ ਹਰਮਿੰਦਰ ਸਿੰਘ ਹੈਪੀ ਪੁੱਤਰ ਮਨੋਹਰ ਸਿੰਘ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 354-ਏ ਅਤੇ 506 ਅਧੀਨ 75 ਨੰਬਰ ਐੱਫ. ਆਈ. ਆਰ. ਦਰਜ ਕੀਤੀ ਹੈ।ਜਾਂਚ ਅਧਿਕਾਰੀ ਐੱਸ. ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਕੰਗਣੀਵਾਲ ਨਿਵਾਸੀ ਆਸ਼ਾ ਰਾਣੀ ਪਤਨੀ ਅਵਤਾਰ ਚੰਦ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਹ ਆਪਣੇ ਪਤੀ ਨਾਲ ਅੱਡਾ ਕੰਗਣੀਵਾਲ ਵਿਚ ਸਿਲਾਈ-ਕਢਾਈ ਦੀ ਦੁਕਾਨ ਕਰਦੀ ਹੈ। 22 ਸਤੰਬਰ ਨੂੰ ਸਵੇਰੇ 8.15 ਵਜੇ ਉਹ ਆਪਣੀ ਦੁਕਾਨ ਦੇ ਬਾਹਰ ਝਾੜੂ ਲਾ ਰਹੀ ਸੀ। ਨੇੜੇ ਹੀ ਹਰਮਿੰਦਰ ਸਿੰਘ ਹੈਪੀ ਅਤੇ ਉਸ ਦੀ ਮਾਤਾ ਹਰਜੀਤ ਕੌਰ ਸਰਪੰਚ ਆਪਣੇ ਘਰ ਦੇ ਬਾਹਰ ਕੁਰਸੀਆਂ ’ਤੇ ਬੈਠੇ ਸਨ। ਹਰਜੀਤ ਕੌਰ ਕੋਲ ਤੇਜ਼ਧਾਰ ਹਥਿਆਰ ਸੀ। ਦੋਵੇਂ ਮਾਂ- ਪੱੁਤਰ ਉਸ ਨੂੰ ਝਾੜੂ ਮਾਰਦੀ ਦੇਖ ਕੇ ਗਾਲ੍ਹਾਂ ਕੱਢਣ ਲੱਗ ਪਏ।

ਹਰਜੀਤ ਕੌਰ ਨੇ ਲਲਕਾਰਾ ਮਾਰਦਿਆਂ ਕਿਹਾ ਕਿ ਪਹਿਲਾਂ ਵੀ 4 ਦਸੰਬਰ 2021 ਨੂੰ ਅਸੀਂ ਹੀ ਉਨ੍ਹਾਂ ’ਤੇ ਹਮਲਾ ਕਰਵਾਇਆ ਸੀ ਅਤੇ ਹੁਣ ਵੀ ਉਹੀ ਹਮਲਾਵਰ ਉਨ੍ਹਾਂ ਨੂੰ ਮਾਰਨ ਲਈ ਆਉਣਗੇ। ਸਰਪੰਚ ਹਰਜੀਤ ਕੌਰ ਨੇ ਆਪਣੇ ਪੁੱਤਰ ਹੈਪੀ ਨੂੰ ਕਿਹਾ ਕਿ ਉਹ ਉਸ ਨੂੰ ਫੜ ਕੇ ਉਸ ਕੋਲ ਲਿਆਵੇ। ਆਸ਼ਾ ਰਾਣੀ ਨੇ ਦੱਸਿਆ ਕਿ ਉਸ ਦਾ ਪਤੀ ਅਵਤਾਰ ਚੰਦ ਵੀ ਮੌਕੇ ’ਤੇ ਪਹੁੰਚ ਗਿਆ। ਪੀੜਤਾ ਨੇ ਦੱਸਿਆ ਕਿ ਜਦੋਂ ਹੈਪੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਅਸ਼ਲੀਲ ਇਸ਼ਾਰੇ ਕਰ ਰਿਹਾ ਸੀ ਤਾਂ ਉਸ ਦੇ ਪਤੀ ਅਵਤਾਰ ਚੰਦ ਨੇ ਆਪਣੇ ਮੋਬਾਇਲ ਨਾਲ ਉਸ ਦੀ ਵੀਡੀਓ ਬਣਾ ਲਈ।

ਆਸ਼ਾ ਰਾਣੀ ਨੇ ਦੱਸਿਆ ਕਿ ਪਹਿਲਾਂ ਵੀ ਹਰਜੀਤ ਕੌਰ ਅਤੇ ਉਸ ਦੇ ਛੋਟੇ ਪੁੱਤਰ ਹਰਨੇਕ ਸਿੰਘ ਨੇ ਮੇਰੇ, ਮੇਰੇ ਮੁੰਡੇ ਕੁਲਦੀਪ ਅਤੇ ਪਤੀ ਅਵਤਾਰ ਚੰਦ ਨਾਲ ਕੁੱਟਮਾਰ ਕੀਤੀ ਸੀ। ਇਸ ਮਾਮਲੇ ਸਬੰਧੀ ਮੇਰੇ ਮੁੰਡੇ ਕੁਲਦੀਪ ਦੇ ਬਿਆਨਾਂ ’ਤੇ ਹਰਜੀਤ ਕੌਰ ਅਤੇ ਉਸ ਦੇ ਛੋਟੇ ਪੁੱਤਰ ਹਰਨੇਕ ਖ਼ਿਲਾਫ਼ ਥਾਣਾ ਪਤਾਰਾ ਵਿਖੇ ਸਾਲ 2021 ’ਚ ਆਈ. ਪੀ. ਸੀ. ਦੀ ਧਾਰਾ 323 ਅਤੇ 341 ਅਧੀਨ 96 ਨੰਬਰ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਇਹ ਮਾਮਲਾ ਮਾਣਯੋਗ ਅਦਾਲਤ ਵਿਚ ਚੱਲ ਰਿਹਾ ਹੈ ਅਤੇ ਇਸਦੀ ਅਗਲੀ ਤਾਰੀਖ਼ 28 ਸਤੰਬਰ 2022 ਹੈ।

ਆਸ਼ਾ ਨੇ ਇਲਜ਼ਾਮ ਲਾਇਆ ਕਿ ਹਰਜੀਤ ਕੌਰ ਉਸ ਨੂੰ ਪੁਰਾਣੇ ਕੇਸ ਵਿਚ ਰਾਜ਼ੀਨਾਮਾ ਕਰਨ ਲਈ ਡਰਾ-ਧਮਕਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਰਪੰਚ ਅਤੇ ਉਸ ਦੇ ਪੁੱਤਰਾਂ ਤੋਂ ਆਪਣੀ ਜਾਨ ਦਾ ਖ਼ਤਰਾ ਹੈ। ਜਾਂਚ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਆਸ਼ਾ ਰਾਣੀ ਦੇ ਬਿਆਨਾਂ ’ਤੇ ਪੁਲਸ ਨੇ ਸਰਪੰਚ ਅਤੇ ਉਸ ਦੇ ਪੁੱਤਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਅਜੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।

ਪੁਲਸ ਨੇ ਝੂਠਾ ਕੇਸ ਦਰਜ ਕੀਤਾ : ਹਰਜੀਤ ਕੌਰ

ਪਿੰਡ ਕੰਗਣੀਵਾਲ ਦੀ ਸਰਪੰਚ ਹਰਜੀਤ ਕੌਰ ਨੇ ਕਿਹਾ ਕਿ ਪਤਾਰਾ ਪੁਲਸ ਨੇ ਉਨ੍ਹਾਂ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਸ ਨੂੰ ਆਸ਼ਾ ਰਾਣੀ ਵੱਲੋਂ ਉਨ੍ਹਾਂ ਖ਼ਿਲਾਫ਼ ਲਾਏ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਸੀ, ਜੋ ਕਿ ਪੁਲਸ ਨੇ ਨਹੀਂ ਕੀਤੀ ਅਤੇ ਜਲਦਬਾਜ਼ੀ ਵਿਚ ਉਨ੍ਹਾਂ ’ਤੇ ਕਾਨੂੰਨੀ ਕਾਰਵਾਈ ਕਰ ਦਿੱਤੀ। ਸਰਪੰਚ ਨੇ ਕਿਹਾ ਕਿ ਉਹ ਇਨਸਾਫ਼ ਲਈ ਜ਼ਿਲ੍ਹਾ ਦਿਹਾਤੀ ਦੇ ਪੁਲਸ ਮੁਖੀ ਸਵਰਨਦੀਪ ਸਿੰਘ ਨੂੰ ਮਿਲ ਕੇ ਪੂਰੇ ਮਾਮਲੇ ਤੋਂ ਜਾਣੂ ਕਰਵਾਉਣਗੇ।


author

Harnek Seechewal

Content Editor

Related News