''ਆਪ'' ਦੇ ਬਾਗੀ ਵਿਧਾਇਕਾਂ ਮਗਰੋਂ ਕੈਪਟਨ ਕਰ ਸਕਦੇ ਨੇ ਨਵਾਂ ਧਮਾਕਾ, ਰਾਡਾਰ ’ਤੇ ਹੋਰ ਵੀ ਵਿਧਾਇਕ
Friday, Jun 04, 2021 - 05:20 PM (IST)
ਜਲੰਧਰ (ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਤਿੰਨ ਬਾਗ਼ੀ ਵਿਧਾਇਕਾਂ ਨੂੰ ਕਾਂਗਰਸ ’ਚ ਇਕੱਠੇ ਸ਼ਾਮਲ ਕਰਕੇ ਪੰਜਾਬ ਦੀ ਰਾਜਨੀਤੀ ’ਚ ਅਚਾਨਕ ਧਮਾਕਾ ਕਰ ਦਿੱਤਾ ਹੈ, ਉਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਦੇ ਨਜ਼ਦੀਕੀ ਸੂਤਰ ਦੱਸ ਰਹੇ ਹਨ ਕਿ ਕੈਪਟਨ ਦੇ ਰਾਡਾਰ ’ਤੇ ਕੁੱਝ ਹੋਰ ਵਿਰੋਧੀ ਵਿਧਾਇਕ ਵੀ ਹਨ, ਜਿਨ੍ਹਾਂ ਨੂੰ ਉਹ ਵੱਖ-ਵੱਖ ਪੜਾਵਾਂ ’ਚ ਕਾਂਗਰਸ ’ਚ ਸ਼ਾਮਲ ਕਰਨਗੇ।
ਇਨ੍ਹਾਂ ਨੇਤਾਵਾਂ ਨੇ ਦੱਸਿਆ ਕਿ ਕੁਝ ਵਿਰੋਧੀ ਵਿਧਾਇਕ ਲਗਾਤਾਰ ਮੁੱਖ ਮੰਤਰੀ ਦੇ ਸੰਪਰਕ 'ਚ ਹਨ। ਇਨ੍ਹਾਂ ’ਚੋਂ ਕੁਝ ਵਿਧਾਇਕ ਮਾਲਵਾ ਖੇਤਰ ਨਾਲ ਸਬੰਧ ਰੱਖਦੇ ਹਨ ਜੋ ਵੱਖ-ਵੱਖ ਪਾਰਟੀਆਂ ’ਚ ਆਪਣਾ ਸਿਆਸੀ ਭਵਿੱਖ ਸੁਰੱਖਿਅਤ ਨਹੀਂ ਮੰਨ ਰਹੇ ਹਨ। ਇਨ੍ਹਾਂ ਵਿਧਾਇਕਾਂ ਨੂੰ ਲੱਗਦਾ ਹੈ ਕਿ 2022 ’ਚ ਕੈਪਟਨ ਅਮਰਿੰਦਰ ਸਿੰਘ ਦੁਬਾਰਾ ਬਾਜ਼ੀ ਮਾਰ ਕੇ ਲੈ ਜਾਣਗੇ, ਇਸ ਲਈ ਇਨ੍ਹਾਂ ਵਿਧਾਇਕਾਂ ਨੂੰ ਕੈਪਟਨ ਦੀ ਅਗਵਾਈ ’ਚ ਆਪਣਾ ਸਿਆਸੀ ਭਵਿੱਖ ਸੁਰੱਖਿਅਤ ਵਿਖਾਈ ਦੇ ਰਿਹਾ ਹੈ।ਸੂਬੇ ’ਚ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ ਅਚਾਨਕ ਹੋਰ ਵਧ ਗਈ ਹੈ। ਪਹਿਲਾਂ ਹੀ ਕਾਂਗਰਸ ਦੇ ਵਿਧਾਇਕਾਂ ਦਾ ਅੰਕੜਾ 80 ਤੱਕ ਪੁੱਜਾ ਹੋਇਆ ਸੀ। ਬਿਨਾਂ ਚੋਣਾਂ ਹੀ ਕਾਂਗਰਸ ਨੇ ਆਪਣੇ ਵਿਧਾਇਕਾਂ ਦੀ ਗਿਣਤੀ ’ਚ 3 ਦਾ ਹੋਰ ਵਾਧਾ ਕਰ ਲਿਆ ਹੈ।
ਇਹ ਵੀ ਪੜ੍ਹੋ : ਖਹਿਰਾ ਸਮੇਤ ਬਾਕੀ ਵਿਧਾਇਕਾਂ ਦੇ ਕਾਂਗਰਸ 'ਚ ਸ਼ਾਮਿਲ ਹੋਣ 'ਤੇ ਡਾ. ਧਰਮਵੀਰ ਗਾਂਧੀ ਦੀ ਪੰਜਾਬੀਆਂ ਨੂੰ ਸਲਾਹ
ਸੂਤਰਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2022 ਦੇ ਮਿਸ਼ਨ ਨੂੰ ਲੈ ਕੇ ਆਪਣੀ ਰਣਨੀਤੀ ਤਿਆਰ ਕੀਤੀ ਹੋਈ ਹੈ। ਮੁੱਖ ਮੰਤਰੀ ਨੂੰ ਪਤਾ ਹੈ ਕਿ ਵਿਧਾਨ ਸਭਾ ਦੀਆਂ ਆਮ ਚੋਣਾਂ ’ਚ ਅਜੇ 8- 9 ਮਹੀਨਿਆਂ ਦਾ ਸਮਾਂ ਬਾਕੀ ਹੈ, ਇਸ ਲਈ ਕੈਪਟਨ ਅਮਰਿੰਦਰ ਸਿੰਘ ਵੱਖ-ਵੱਖ ਪੜਾਵਾਂ ’ਚ ਵਿਰੋਧੀ ਵਿਧਾਇਕਾਂ ਨੂੰ ਕਾਂਗਰਸ ’ਚ ਸ਼ਾਮਲ ਕਰਨਗੇ।
ਅੱਜ ਕੈਪਟਨ ਨੇ ਜਿਸ ਤਰ੍ਹਾਂ ਧਮਾਕਾ ਕੀਤਾ ਹੈ ਉਸ ਤੋਂ ਬਾਅਦ ਕੁਝ ਮਹੀਨੇ ਬਾਅਦ ਉਹ ਅਜਿਹਾ ਹੀ ਧਮਾਕਾ ਫਿਰ ਤੋਂ ਕਰ ਸਕਦੇ ਹਨ। ਕੈਪਟਨ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਉਨ੍ਹਾਂ ਵਿਧਾਇਕਾਂ ਨਾਲ ਤਾਲਮੇਲ ਬਿਠਾਇਆ ਹੋਇਆ ਹੈ ਜੋ ਵਿਰੋਧੀ ਪਾਰਟੀਆਂ ’ਚ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਇਨ੍ਹਾਂ ਵਿਧਾਇਕਾਂ ਦੇ ਸਰਕਾਰੀ ਕੰਮ ਵੀ ਅੰਦਰਖਾਤੇ ਕੀਤੇ ਜਾ ਰਹੇ ਹਨ, ਤਾਂ ਕਿ ਸਮਾਂ ਆਉਣ ’ਤੇ ਉਨ੍ਹਾਂ ਨੂੰ ਕਾਂਗਰਸ ’ਚ ਸ਼ਾਮਲ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਵਾਹ ਉਏ ਪੰਜਾਬੀਓ! ਪੰਜਾਬ ’ਚ 15000 ’ਚੋਂ 11000 ਛੱਪੜਾਂ ’ਤੇ ਹੋ ਗਏ ਕਬਜ਼ੇ
ਪੰਜਾਬ ਨੂੰ ਫਿਰ ਰਾਸ਼ਟਰੀ ਰਾਜਨੀਤੀ ’ਚ ਲੈ ਗਏ ਮੁੱਖ ਮੰਤਰੀ
ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਤੋਂ ਪੰਜਾਬ ਨੂੰ ਰਾਸ਼ਟਰੀ ਰਾਜਨੀਤੀ ਦੇ ਨਾਲ ਜੋੜ ਦਿੱਤਾ ਹੈ। 3 ‘ਆਪ’ ਵਿਧਾਇਕਾਂ ਨੂੰ ਜਿਸ ਤਰ੍ਹਾਂ ਨਾਲ ਅਚਾਨਕ ਕਾਂਗਰਸ ’ਚ ਸ਼ਾਮਲ ਕੀਤਾ, ਉਸ ਦੀ ਗੂੰਜ ਪੂਰੇ ਦੇਸ਼ ’ਚ ਹੋਈ ਹੈ। ਦਿੱਲੀ ’ਚ ਵੀ ਆਮ ਆਦਮੀ ਪਾਰਟੀ ਵੀ ਇਸ ਨਾਲ ਹਿੱਲ ਗਈ ਹੈ ਅਤੇ ਭਾਜਪਾ ਅਤੇ ਕਾਂਗਰਸ ਦੇ ਰਾਸ਼ਟਰੀ ਨੇਤਾਵਾਂ ਨੂੰ ਕੈਪਟਨ ਦੀ ਤਾਕਤ ਦਾ ਪਤਾ ਲੱਗਾ ਹੈ।
ਇਹ ਵੀ ਪੜ੍ਹੋ : ਜੂਨ 1984 ਦੇ ਘੱਲੂਘਾਰੇ ਸਮੇਂ ਜ਼ਖ਼ਮੀ ਹੋਏ ਪਾਵਨ ਸਰੂਪ ਸੰਗਤ ਦੇ ਦਰਸ਼ਨਾਂ ਲਈ ਸੁਸ਼ੋਭਿਤ
ਪ੍ਰਿਯੰਕਾ ਨੇ ਸਲਾਹਿਆ, ਪੂਰੇ ਸੋਸ਼ਲ ਮੀਡੀਆ ’ਤੇ ਕੈਪਟਨ ਦੇ ਧਮਾਕੇ ਦੀ ਗੂੰਜ
ਕੈਪਟਨ ਵੱਲੋਂ 3 ਵਿਧਾਇਕਾਂ ਨੂੰ ਪਾਰਟੀ ’ਚ ਸ਼ਾਮਲ ਕਰਨ ਦੀ ਗੂੰਜ ਪੂਰੇ ਸੋਸ਼ਲ ਮੀਡੀਆ ’ਤੇ ਵਿਖਾਈ ਦੇ ਰਹੀ ਸੀ। ਪ੍ਰਿਯੰਕਾ ਗਾਂਧੀ ਨੇ ਵੀ ਕੈਪਟਨ ਦੇ ਇਸ ਕਦਮ ਨੂੰ ਸੋਸ਼ਲ ਮੀਡੀਆ ’ਤੇ ਸਲਾਹਿਆ ਹੈ ਅਤੇ ਖੁਦ ਉਨ੍ਹਾਂ ਨੇ ਪੋਸਟ ਪਾ ਕੇ ਕੈਪਟਨ ਦੇ ਇਸ ਕਦਮ ਦਾ ਸਮਰਥਨ ਕੀਤਾ।
ਨੋਟ : ਕੀ ਸਿਆਸਤ 'ਚ ਦਲ ਬਦਲੂ ਵਿਧਾਇਕਾਂ ਲਈ ਵੀ ਕੋਈ ਕਾਨੂੰਨ ਬਣਨਾ ਚਾਹੀਦਾ ਹੈ? ਕੁਮੈਂਟ ਕਰਕੇ ਦਿਓ ਆਪਣੀ ਰਾਏ