ਅੱਪਰਾ ਇਲਾਕੇ ''ਚ ''ਲੰਪੀ ਸਕਿਨ'' ਬਿਮਾਰੀ ਦਾ ਕਹਿਰ ਜਾਰੀ, 2 ਹੋਰ ਗਊਆਂ ਦੀ ਮੌਤ

Thursday, Aug 11, 2022 - 03:38 PM (IST)

ਅੱਪਰਾ ਇਲਾਕੇ ''ਚ ''ਲੰਪੀ ਸਕਿਨ'' ਬਿਮਾਰੀ ਦਾ ਕਹਿਰ ਜਾਰੀ, 2 ਹੋਰ ਗਊਆਂ ਦੀ ਮੌਤ

ਅੱਪਰਾ (ਦੀਪਾ) : ਅੱਪਰਾ ਤੇ ਆਸ-ਪਾਸ ਦੇ ਪਿੰਡਾਂ 'ਚ ਪਸ਼ੂ-ਪਾਲਕਾਂ ਤੇ ਕਿਸਾਨਾਂ ਵਲੋਂ ਘਰਾਂ-ਹਵੇਲੀਆਂ 'ਚ ਰੱਖੀਆਂ ਹੋਈਆਂ ਗਊਆਂ 'ਲੰਪੀ ਸਕਿਨ' ਬਿਮਾਰੀ ਦੀ ਗੰਭੀਰ ਲਪੇਟ 'ਚ ਆਉਣ ਕਾਰਨ ਜਿੱਥੇ ਅਣਗਿਣਤ ਗਾਵਾਂ ਬਿਮਾਰ ਹੋ ਚੁੱਕੀਆਂ ਹਨ, ਉੱਥੇ ਹੀ ਉਕਤ ਬਿਮਾਰ ਕਾਰਨ ਗਾਵਾਂ ਲਗਾਤਾਰ ਮਰ ਵੀ ਰਹੀਆਂ ਹਨ। ਕਰੀਬੀ ਪਿੰਡ ਛੋਕਰਾਂ ਦੇ ਵਸਨੀਕ ਪਰਮਜੀਤ ਸਿੰਘ ਪੰਮਾ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਛੋਕਰਾਂ ਨੇ ਦੱਸਿਆ ਕਿ 'ਲੰਪੀ ਸਕਿਨ' ਬਿਮਾਰੀ ਦੇ ਕਾਰਨ ਉਸ ਦੀਆਂ ਦੋ ਗਾਵਾਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਿਮਾਰ ਸਨ।

ਉਕਤ ਗਾਵਾਂ ਦੀ ਬਿਮਾਰੀ ਦੇ ਇਲਾਜ 'ਤੇ ਲਗਭਗ 12 ਹਜ਼ਾਰ ਰੁਪਏ ਦੀਆਂ ਦਵਾਈਆਂ ਦਾ ਖਰਚਾ ਵੀ ਕਰ ਚੁੱਕਾ ਹਾਂ ਪਰ ਫਿਰ ਵੀ ਦੋਵੇਂ ਗਾਵਾਂ ਨਹੀਂ ਬਚੀਆਂ ਤੇ ਦੋਵਾਂ ਗਾਵਾਂ ਦੀ ਮੌਤ ਹੋ ਗਈ ਹੈ।  ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਦੋਵਾਂ ਗਾਵਾਂ ਦੀ ਮੌਤ ਹੋ ਜਾਣ ਦੇ ਕਾਰਣ ਉਸਦਾ ਲਗਭਗ 1 ਲੱਖ 50 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸੇ ਤਰ੍ਹਾਂ ਪਿੰਡ ਚੀਮਾ ਖੁਰਦ ਦੇ ਕਿਸਾਨ ਬਹਾਦਰ ਸਿੰਘ ਚੀਮਾ ਨੇ ਦੱਸਿਆ ਕਿ ਉਸਦੀ ਇੱਕ ਸੂਣ ਵਾਲੀ ਮੱਝ ਦੀ ਵੀ ਬੀਤੇ ਦਿਨ ਮੌਤ ਹੋ ਗਈ।

ਇਹ ਵੀ ਪੜ੍ਹੋ : ਫਿਲੌਰ-ਨਵਾਂਸ਼ਹਿਰ ਮੁੱਖ ਮਾਰਗ 'ਤੇ ਦੋ ਗੱਡੀਆਂ ਦੀ ਟੱਕਰ 'ਚ 4 ਗੰਭੀਰ ਜ਼ਖ਼ਮੀ

ਇੱਥੇ ਇਹ ਦੱਸਣਯੋਗ ਹੈ ਕਿ ਲੰਪੀ ਸਕਿਨ ਬਿਮਾਰੀ ਦੇ ਕਾਰਨ ਇਲਾਕੇ ਦੇ ਪਿੰਡ ਛੋਕਰਾਂ, ਕਟਾਣਾ, ਸਮਰਾੜੀ, ਬੰਸੀਆਂ ਢੱਕ, ਥਲਾ ਆਦਿ ਪਿੰਡਾਂ 'ਚ ਅਣਗਿਣਤ ਪਸ਼ੂ ਬਿਮਾਰ ਹੋ ਚੁੱਕੇ ਹਨ, ਜਿਸ ਕਾਰਨ ਪਸ਼ੂ-ਪਾਲਕ ਤੇ ਕਿਸਾਨ ਡਾਹਢੇ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਜਿੱਥੇ ਉਹ ਆਪਣਾ ਰੁਜ਼ਗਾਰ ਪਹਿਲਾਂ ਹੀ ਸਹੀ ਨਾ ਚੱਲਣ ਕਾਰਣ ਪਸ਼ੂ ਪਾਲਣ ਧੰਦੇ ਨੂੰ  ਸਹਾਇਕ ਧੰਦੇ ਵਜੋਂ ਅਪਣਾ ਕੇ ਗੁਜ਼ਾਰਾ ਕਰ ਰਹੇ ਹਨ, ਉਸ ਉੱਪਰ ਵੀ 'ਲੰਪੀ ਸਕਿਨ' ਬਿਮਾਰੀ ਦੇ ਕਹਿਰ ਕਾਰਨ ਉਨ੍ਹਾਂ ਦੇ ਪਸ਼ੂ ਗੰਭੀਰ ਬਿਮਾਰ ਹੋ ਚੁੱਕੇ ਹਨ, ਜਿਸ ਉੱਪਰ ਹਰ ਰੋਜ਼ ਹਜ਼ਾਰਾਂ ਰੁਪਏ ਦੀ ਦਵਾਈ ਦੀ ਲਾਗਤ ਆ ਰਹੀ ਹੈ। ਇਲਾਕਾ ਵਾਸੀ ਪਸ਼ੂ-ਪਾਲਕਾਂ ਨੇ ਦੱਸਿਆ ਕਿ ਉਕਤ ਬਿਮਾਰੀ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਪਸ਼ੂ-ਧਨ ਉਜੜ ਰਿਹਾ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Anuradha

Content Editor

Related News