ਜੇਕਰ ਇਨ੍ਹਾਂ ਗੱਲਾਂ ਦਾ ਨਹੀਂ ਰੱਖਿਆ ਧਿਆਨ ਤਾਂ ਪਰਸਨਲ ਲੋਨ ਬਣ ਸਕਦਾ ਹੈ ਮੁਸੀਬਤ

02/20/2019 1:30:09 PM

ਨਵੀਂ ਦਿੱਲੀ — ਪੈਸੇ ਦੀ ਜ਼ਰੂਰਤ ਹੋਣ 'ਤੇ ਜੇਕਰ ਪਰਸਨਲ ਲੋਨ ਅਸਾਨੀ ਨਾਲ ਮਿਲ ਜਾਵੇ ਤਾਂ ਵੱਡੀ ਸਹੂਲਤ ਬਣ ਸਕਦਾ ਹੈ। ਪਰ ਇਸ ਦੇ ਉਲਟ ਇਕ ਛੋਟੀ ਜਿਹੀ ਗਲਤੀ ਤੁਹਾਡੇ ਲਈ ਵੱਡੀ ਮੁਸੀਬਤ ਬਣ ਸਕਦੀ ਹੈ। 

ਬੈਂਕ ਸਮੇਂ-ਸਮੇਂ 'ਤੇ ਆਪਣੇ ਖਾਤਾ ਧਾਰਕਾਂ ਨੂੰ ਪਰਸਨਲ ਲੋਨ ਲਈ ਆਪਣੀਆਂ ਆਫਰ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ। ਹਾਲਾਂਕਿ ਤੁਹਾਨੂੰ ਪਰਸਨਲ ਲੋਨ ਲਈ ਅਰਜ਼ੀ ਦਿੰਦੇ ਸਮੇਂ ਬਹੁਤ ਚੌਕੰਨੇ ਰਹਿਣ ਦੀ ਜ਼ਰੂਰਤ ਹੁੰਦੀ ਹੈ। ਤੁਹਾਡੀ ਇਕ ਗਲਤੀ ਤੁਹਾਨੂੰ ਪੈਸੇ ਦੇ ਲਿਹਾਜ਼ ਨਾਲ ਮੁਸ਼ਕਲ ਵਿਚ ਪਾ ਸਕਦੀ ਹੈ। ਅੱਜ ਅਸੀਂ ਤੁਹਾਨੂੰ 7 ਅਜਿਹੀਆਂ ਜ਼ਰੂਰੀ ਗਲਤੀਆਂ ਬਾਰੇ ਜਾਣਕਾਰੀ ਦੇ ਰਹੇ ਹਾਂ ਜਿਹੜੀਆਂ ਕਿ ਆਮਤੌਰ 'ਤੇ ਲੋਕ ਕਰਦੇ ਹਨ।

ਲੋਨ ਲੈਣ ਲਈ ਕਈ ਬੈਂਕਾਂ ਨਾਲ ਸੰਪਰਕ ਕਰਨਾ

ਲੋਕ ਪਰਸਨਲ ਲੋਨ ਲੈਣ ਤੋਂ ਪਹਿਲਾਂ ਕਈ ਬੈਂਕਾਂ ਨਾਲ ਸੰਪਰਕ ਕਰਦੇ ਹਨ। ਪਰ ਕੀ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਜਦੋਂ ਤੁਸੀਂ ਕਿਸੇ ਬੈਂਕ ਤੋਂ ਲੋਨ ਲੈਣ ਬਾਰੇ ਕਵੈਰੀ ਕਰਦੇ ਹੋ ਤਾਂ ਇਹ ਤੁਹਾਡੀ ਕ੍ਰੈਡਿਟ ਰਿਪੋਰਟ ਵਿਚ ਆ ਜਾਂਦਾ ਹੈ। ਹਰ ਕਵੈਰੀ ਨਾਲ ਤੁਹਾਡਾ ਕ੍ਰੈਡਿਟ ਸਕੋਰ ਘੱਟ ਹੋ ਜਾਂਦਾ ਹੈ। ਜੇਕਰ ਤੁਸੀਂ ਘੱਟ ਸਮੇਂ ਵਿਚ ਕਈ ਬੈਂਕਾਂ ਨਾਲ ਪਰਸਨਲ ਲੋਨ ਨੂੰ ਲੈ ਕੇ ਕਵੈਰੀ ਕਰਦੇ ਹੋ ਤਾਂ ਤੁਹਾਡੀ ਕ੍ਰੈਡਿਟ ਪ੍ਰੋਫਾਈਲ ਖਰਾਬ ਹੋ ਜਾਂਦੀ ਹੈ। ਅਜਿਹੇ 'ਚ ਜੇਕਰ ਤੁਸੀਂ ਪਰਸਨਲ ਲੋਨ ਲਈ ਅਰਜ਼ੀ ਦਿਓਗੇ ਤਾਂ ਹੋ ਸਕਦਾ ਹੈ ਕਿ ਬੈਂਕ ਤੁਹਾਡੇ ਲੋਨ ਦੀ ਅਰਜ਼ੀ ਨੂੰ ਰਿਜੈਕਟ ਕਰ ਦੇਵੇ ਜਾਂ ਫਿਰ ਤੁਹਾਨੂੰ ਲੋਨ ਲਈ ਜ਼ਿਆਦਾ ਵਿਆਜ ਦੇਣਾ ਪਵੇ।

ਆਪਣੀ ਸਮਰੱਥਾ ਦਾ ਸਹੀ ਤਰੀਕੇ ਨਾਲ ਮੁਲਾਂਕਣ ਨਾਲ ਕਰ ਸਕਣਾ

ਜ਼ਿਆਦਾਤਰ ਲੋਕ ਜਲਦੀ-ਜਲਦੀ 'ਚ ਪਰਸਨਲ ਲੋਨ ਦੀ ਅਰਜ਼ੀ ਤਾਂ ਦੇ ਦਿੰਦੇ ਹਨ ਪਰ ਪਰਸਨਲ ਲੋਨ ਵਾਪਸ ਕਰਨ ਲਈ ਦਿੱਤੀ ਜਾਣ ਵਾਲੀ ਪੈਮੇਂਟ ਦਾ ਸਹੀ ਢੰਗ ਨਾਲ ਅਨੁਮਾਨ ਨਹੀਂ ਲਗਾਉਂਦੇ। ਇਹ ਛੋਟੀ ਜਿਹੀ ਗਲਤੀ ਵੱਡੀ ਆਰਥਿਕ ਸਮੱਸਿਆ ਦਾ ਕਾਰਨ ਬਣ ਸਕਦੀ ਹੈ। ਅਜਿਹੇ 'ਚ ਤੁਹਾਨੂੰ ਉਨ੍ਹਾਂ ਹੀ ਲੋਨ ਲੈਣਾ ਚਾਹੀਦਾ ਹੈ ਜਿਸਦਾ ਕਿ ਤੁਸੀਂ ਮੰਥਲੀ ਈ.ਐਮ.ਆਈ. ਦਾ ਅਸਾਨੀ ਨਾਲ ਭੁਗਤਾਨ ਕਰ ਸਕੋ। ਇਸ ਦਾ ਅਨੁਮਾਨ ਲਗਾਉਣ ਲਈ ਤੁਸੀਂ ਬੈਂਕ ਦੀ ਸਹਾਇਤਾ ਲੈ ਸਕਦੇ ਹੋ।

ਮੌਜੂਦਾ ਲੋਨ ਜਾਂ ਲੈ ਚੁੱਕੇ ਲੋਨ ਬਾਰੇ ਬੈਂਕ ਨੂੰ ਜਾਣਕਾਰੀ ਨਾ ਦੇਣਾ

ਜੇਕਰ ਤੁਸੀਂ ਪਹਿਲਾਂ ਵੀ ਕਿਸੇ ਤਰ੍ਹਾਂ ਦਾ ਲੋਨ ਲਿਆ ਹੋਇਆ ਹੈ ਤਾਂ ਤੁਹਾਨੂੰ ਇਸ ਦੀ ਜਾਣਕਾਰੀ ਬੈਂਕ ਨੂੰ ਜ਼ਰੂਰ ਦੇਣੀ ਚਾਹੀਦੀ ਹੈ। ਬੈਂਕ ਇਸੇ ਵੇਰਵੇ ਦੇ ਆਧਾਰ 'ਤੇ ਤੈਅ ਕਰਦਾ ਹੈ ਕਿ ਤੁਹਾਨੂੰ ਕਿੰਨਾ ਲੋਨ ਮਿਲ ਸਕਦਾ ਹੈ। ਜੇਕਰ ਤੁਸੀਂ ਪਹਿਲਾਂ ਤੋਂ ਲਏ ਹੋਏ ਲੋਨ ਦੀ ਜਾਣਕਾਰੀ ਬੈਂਕ ਕੋਲੋਂ ਛੁਪਾਉਂਦੇ ਹੋ ਤਾਂ ਬੈਂਕ ਤੁਹਾਡੀ ਅਰਜ਼ੀ ਰੱਦ ਕਰ ਸਕਦਾ ਹੈ ਜਾਂ ਜ਼ਿਆਦਾ ਵਿਆਜ 'ਤੇ ਲੋਨ ਜਾਰੀ ਕਰੇ।

ਲੋਨ ਦੀਆਂ ਸ਼ਰਤਾਂ ਨੂੰ ਧਿਆਨ ਨਾਲ ਨਾ ਪੜ੍ਹਣਾ

ਜ਼ਿਆਦਾਤਰ ਲੋਕ ਲੋਨ ਲੈਂਦੇ ਸਮੇਂ ਇਸ ਦੀਆਂ ਸ਼ਰਤਾਂ ਅਤੇ ਨਿਯਮÎਾਂ ਨੂੰ ਧਿਆਨ ਨਾਲ ਨਹੀਂ ਪੜਦੇ ਅਤੇ ਬੈਂਕ ਦਾ ਨੁਮਾਇੰਦਾ ਜਿਥੇ ਦਸਤਖਤ ਕਰਨ ਲਈ ਕਹਿੰਦਾ ਹੈ ਉਥੇ ਕਰ ਦਿੰਦੇ ਹਨ। ਪਰ ਇਹ ਗਲਤੀ ਕਈ ਵਾਰ ਬਹੁਤ ਮਹਿੰਗੀ ਸਾਬਤ ਹੁੰਦੀ ਹੈ ਅਤੇ ਬਾਅਦ ਵਿਚ ਕਈ ਗੈਰ-ਜ਼ਰੂਰੀ ਚਾਰਜ ਦੇਣੇ ਪੈ ਸਕਦੇ ਹਨ। ਇਸ ਲਈ ਲੋਨ ਲੈਂਦੇ ਸਮੇਂ ਸਾਰੇ ਦਸਤਾਵੇਜ਼ ਧਿਆਨ ਨਾਲ ਪੜੋ ਜਾਂ ਬੈਂਕ ਦੇ ਨੁਮਾਇੰਦੇ ਕੋਲੋਂ ਪੂਰੀ ਜਾਣਕਾਰੀ ਲਵੋ।

ਘੱਟ ਈ.ਐਮ.ਆਈ. ਨਾਲ ਲੰਮੀ ਮਿਆਦ ਦਾ ਲੋਨ ਲੈਣਾ

ਕਈ ਲੋਕ ਪਰਸਨਲ ਲੋਨ ਲੰਮੀ ਮਿਆਦ ਦੇ ਲੈਂਦੇ ਹਨ ਇਸ ਨਾਲ ਉਨ੍ਹਾਂ ਦੀ ਮਹੀਨਾਵਾਰ ਈ.ਐਮ.ਆਈ. ਘੱਟ ਹੋ ਜਾਂਦੀ ਹੈ। ਪਰ ਇਹ ਵੀ 
ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੀ ਲੋਨ ਵਾਪਸ ਕਰਨ ਦੀ ਮਿਆਦ ਜਿੰਨੀ ਜ਼ਿਆਦਾ ਹੋਵੇਗੀ, ਵਿਆਜ ਦੀ ਰਕਮ ਵੀ ਜ਼ਿਆਦਾ ਚੁਕਾਣੀ ਪਵੇਗੀ। ਇਸ ਲਈ ਤੁਹਾਨੂੰ ਆਪਣੀ ਸਮਰੱਥਾ ਅਨੁਸਾਰ ਘੱਟ ਤੋਂ ਘੱਟ ਮਿਆਦ ਦੀ ਚੋਣ ਕਰਨੀ ਚਾਹੀਦੀ ਹੈ। ਇਸ ਤਰੀਕੇ ਨਾਲ ਤੁਹਾਨੂੰ ਵਿਆਜ ਦੇ ਤੌਰ 'ਤੇ ਘੱਟ ਪੈਸਾ ਚੁਕਾਉਣਾ ਹੋਵੇਗਾ।

ਆਪਣੀ ਕ੍ਰੈਡਿਟ ਰਿਪੋਰਟ ਚੈੱਕ ਨਾ ਕਰਨਾ

ਬੈਂਕ ਤੁਹਾਡੀ ਪਰਸਨਲ ਲੋਨ ਦੀ ਅਰਜ਼ੀ ਮਨਜ਼ੂਰ ਕਰੇਗਾ ਜਾਂ ਨਹੀਂ ਇਹ ਕਾਫੀ ਹੱਦ ਤੱਕ ਤੁਹਾਡੇ ਕ੍ਰੈਡਿਟ ਸਕੋਰ 'ਤੇ  ਵੀ ਨਿਰਭਰ ਕਰਦਾ ਹੈ। ਇਸ ਲਈ ਤੁਹਾਨੂੰ ਪਰਸਨਲ ਲੋਨ ਲੈਂਦੇ ਸਮੇਂ ਆਪਣਾ ਕ੍ਰੈਡਿਟ ਸਕੋਰ ਜ਼ਰੂਰ ਚੈੱਕ ਕਰਨਾ ਚਾਹੀਦਾ ਹੈ। ਜੇਕਰ ਤੁਹਾਡਾ ਕ੍ਰੈਡਿਟ ਸਕੋਰ ਘੱਟ ਹੈ ਤਾਂ ਹੋ ਸਕਦਾ ਹੈ ਕਿ ਬੈਂਕ ਤੁਹਾਡੀ ਅਰਜ਼ੀ ਰੱਦ ਕਰ ਦੇਵੇ। 
 


Related News