ਅੱਜ ਹੀ ਪੂਰੇ ਕਰੋ ਇਹ ਜ਼ਰੂਰੀ ਕੰਮ, ਭਵਿੱਖ 'ਚ ਨਹੀਂ ਹੋਵੇਗੀ ਪੈਸੇ ਦੀ ਚਿੰਤਾ

02/12/2019 11:29:35 AM

ਨਵੀਂ ਦਿੱਲੀ — ਬੁਢਾਪੇ 'ਚ ਪੈਸੇ ਲਈ ਕਿਸੇ ਦੂਜੇ ਦੇ ਮੁਹਤਾਜ ਹੋਣਾ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਖਾਸ ਕਰਕੇ ਉਸ ਸਮੇਂ ਜਦੋਂ ਕਿਸੇ ਨੇ ਵੀ ਜਵਾਨੀ 'ਚ ਚੰਗਾ ਪੈਸਾ ਕਮਾਇਆ ਹੋਵੇ ਅਤੇ ਖੁੱਲ੍ਹਾ ਖਰਚਾ ਵੀ ਕੀਤਾ ਹੋਵੇ। ਕੇਂਦਰ ਸਰਕਾਰ ਨੇ ਆਮ ਆਦਮੀ ਨੂੰ ਆਰਥਿਕ ਰੂਪ ਨਾਲ ਮਜ਼ਬੂਤ ਕਰਨ ਲਈ ਕਈ ਸਾਰੀਆਂ ਯੋਜਨਾਵਾਂ ਚਲਾਈਆਂ ਹੋਈਆਂ ਹਨ। ਪਰ ਇਨ੍ਹਾਂ ਸਕੀਮਾਂ  ਬਾਰੇ ਜ਼ਿਆਦਾ ਲੋਕਾਂ ਨੂੰ ਜਾਣਕਾਰੀ ਹੀ ਨਹੀਂ ਹੈ।  ਬੁਢਾਪੇ ਵਿਚ ਜ਼ਿਆਦਾ ਖਰਚਾ ਦਵਾਈਆਂ ਅਤੇ ਇਲਾਜ ਦਾ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਸਕੀਮਾਂ ਬਾਰੇ ਹੀ ਜਾਣਕਾਰੀ ਦੇਣ ਵਾਲੇ ਹਾਂ। ਅੱਜ ਅਸੀਂ ਤੁਹਾਨੂੰ ਅਜਿਹੀਆਂ ਤਿੰਨ ਯੋਜਨਾਵਾਂ ਬਾਰੇ ਜਾਣਕਾਰੀ ਦੇ ਰਹੇ ਹਾਂ ਜਿਨ੍ਹਾਂ ਵਿਚ ਨਿਵੇਸ਼ ਕਰਕੇ ਤੁਸੀਂ ਆਪਣੇ ਬੁਢਾਪੇ 'ਚ ਆਉਣ ਵਾਲੀ ਪੈਸੇ ਦੀ ਕਮੀ ਨੂੰ ਦੂਰ ਕਰ ਸਕਦੇ ਹੋ।

ਅਟਲ ਪੈਨਸ਼ਨ ਯੋਜਨਾ 

ਅਸੰਗਠਿਤ ਖੇਤਰ ਵਿਚ ਕੰਮ ਕਰਨ ਵਾਲੇ ਲੋਕਾਂ ਲਈ ਇਹ ਫਾਇਦੇਮੰਦ ਸਕੀਮ ਹੈ। 60 ਸਾਲ ਦੀ ਉਮਰ ਤੋਂ ਬਾਅਦ ਲੋਕਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਕੇਂਦਰ ਸਰਕਾਰ ਨੇ ਮਈ 2015 'ਚ ਅਟਲ ਪੈਨਸ਼ਨ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਲਾਭਪਾਤਰਾ ਨੂੰ 60 ਸਾਲ ਦੀ ਉਮਰ ਤੋਂ ਬਾਅਦ ਇਕ ਨੱਥੀ ਰਕਮ ਪੈਨਸ਼ਨ ਦੇ ਰੂਪ ਵਿਚ ਦਿੱਤੀ ਜਾਂਦੀ ਹੈ। 18 ਸਾਲ ਤੋਂ ਲੈ ਕੇ 40 ਸਾਲ ਦੀ ਉਮਰ ਵਾਲੇ ਲੋਕ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ। ਇਸ ਯੋਜਨਾ ਵਿਚ ਘੱਟੋ-ਘੱਟ 20 ਸਾਲ ਤੱਕ ਨਿਵੇਸ਼ ਕਰਨਾ ਹੁੰਦਾ ਹੈ। 500 ਰੁਪਏ ਤੋਂ ਲੈ ਕੇ 2500 ਰੁਪਏ ਤੱਕ ਸਾਲਾਨਾ ਨਿਵੇਸ਼ ਦੀ ਸਹਾਇਤਾ ਨਾਲ ਤੁਸੀਂ 1 ਹਜ਼ਾਰ ਰੁਪਏ ਤੋਂ ਲੈ ਕੇ 5,000 ਰੁਪਏ ਤੱਕ ਦੀ ਸਾਲਾਨਾ ਪੈਨਸ਼ਨ ਦਾ ਇੰਤਜ਼ਾਮ ਕਰ ਸਕਦੇ ਹੋ। ਹੁਣ ਇਸ ਰਾਸ਼ੀ ਨੂੰ ਵਧਾ ਕੇ 10,000 ਰੁਪਏ ਕੀਤੇ ਜਾਣ ਦੀ ਸਿਫਾਰਸ਼ ਹੋ ਰਹੀ ਹੈ। ਤੁਸੀਂ ਬੈਂਕ ਜਾਂ ਡਾਕ ਖਾਣੇ ਜ਼ਰੀਏ ਇਸ ਯੋਜਨਾ ਨਾਲ ਜੁੜ ਸਕਦੇ ਹੋ।

ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ

ਜ਼ਿਆਦਾਤਰ ਲੋਕਾਂ ਨੂੰ ਬੀਮਾ ਦੇ ਦਾਇਰੇ ਵਿਚ ਲਿਆਉਣ ਲਈ ਪ੍ਰਧਾਨ ਮੰਤਰੀ ਨੇ 9 ਮਈ 2015 ਨੂੰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਲਾਂਚ ਕੀਤੀ ਸੀ। 18 ਸਾਲ ਤੋਂ ਲੈ ਕੇ 70 ਸਾਲ ਤੱਕ ਦੀ ਉਮਰ ਦਾ ਕੋਈ ਵੀ ਵਿਅਕਤੀ ਇਸ ਯੋਜਨਾ ਦਾ ਲਾਭ ਲੈ ਸਕਦਾ ਹੈ। ਸਿਰਫ 12 ਰੁਪਏ ਦੇ ਪ੍ਰੀਮੀਅਮ 'ਤੇ ਇਸ ਯੋਜਨਾ ਦਾ ਲਾਭ ਲਿਆ ਜਾ ਸਕਦਾ ਹੈ। ਇਸ ਯੋਜਨਾ ਦੇ ਤਹਿਤ ਦੁਰਘਟਨਾ ਮੌਤ ਅਤੇ ਪੂਰਨ ਅਪੰਗਤਾ ਦੀ ਸਥਿਤੀ ਵਿਚ 2 ਲੱਖ ਰੁਪਏ ਅਤੇ ਅਧੂਰੀ ਅਪੰਗਤਾ ਦੀ ਸਥਿਤੀ ਵਿਚ 1 ਲੱਖ ਰੁਪਏ ਦਾ ਬੀਮਾ ਕਵਰ ਦਿੱਤਾ ਜਾਂਦਾ ਹੈ।

ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ

ਦੇਸ਼ ਦੇ ਗਰੀਬ ਅਤੇ ਪੇਂਡੂ ਪਰਿਵਾਰਾਂ ਲਈ ਇਹ ਸ਼ਾਨਦਾਰ ਯੋਜਨਾ ਹੈ। ਸਮਾਜ ਦੇ ਅਜਿਹੇ ਵਰਗ ਨੂੰ ਆਰਥਿਕ ਸੰਕਟ ਤੋਂ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਮਈ 2015 ਨੂੰ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਲਾਂਚ ਕੀਤੀ ਸੀ। 18 ਤੋਂ 50 ਸਾਲ ਤੱਕ ਦੀ ਉਮਰ ਦਾ ਕੋਈ ਵੀ ਵਿਅਕਤੀ ਇਸ ਬੀਮਾ ਯੋਜਨਾ ਦਾ ਲਾਭ ਲੈ ਸਕਦਾ ਹੈ। ਇਸ ਲਈ ਲਾਭਪਾਤਰ ਨੂੰ ਸਿਰਫ 330 ਰੁਪਏ ਸਾਲਾਨਾ ਦਾ ਪ੍ਰੀਮੀਅਮ ਦੇਣਾ ਹੁੰਦਾ ਹੈ। ਇਹ ਇਕ ਤਰ੍ਹਾਂ ਦਾ ਟਰਮ ਇੰਸ਼ੋਰੈਂਸ ਪਲਾਨ ਹੁੰਦਾ ਹੈ। ਜੇਕਰ ਲਾਭਪਾਤਰ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਪਰਿਵਾਰ ਵਾਲਿਆਂ ਨੂੰ 2 ਲੱਖ ਰੁਪਏ ਤੱਕ ਦੀ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ।

 


Related News