ਕੰਮ ਛੋਟਾ ਹੋਵੇ ਜਾਂ ਵੱਡਾ ਵਧੀਆ ਢੰਗ ਨਾਲ ਚਲਾਉਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

12/06/2019 1:38:57 PM

ਨਵੀਂ ਦਿੱਲੀ — ਆਪਣਾ ਕਾਰੋਬਾਰ ਸ਼ੁਰੂ ਕਰਨਾ ਕੋਈ ਅਸਾਨ ਕੰਮ ਨਹੀਂ ਹੈ। ਫਿਰ ਕੰਮ ਭਾਵੇਂ ਛੋਟਾ ਹੋਵੇ ਜਾਂ ਵੱਡਾ ਇਸ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਸਮੇਂ ਦੇ ਨਾਲ-ਨਾਲ ਊਰਜਾ ਵੀ ਭਰਪੂਰ ਲਗਦੀ ਹੈ। ਫਿਰ ਅੱਜਕੱਲ੍ਹ ਦੇ ਸਮੇਂ ਦੌਰਾਨ ਕਾਰੋਬਾਰ ਸ਼ੁਰੂ ਕਰਨ ਦੇ ਨਾਲ-ਨਾਲ ਇਸ ਨੂੰ ਬਰਕਰਾਰ ਰੱਖਣਾ ਵੀ ਇਕ ਵੱਡੀ ਚੁਣੌਤੀ ਸਾਬਤ ਹੁੰਦੀ ਜਾ ਰਹੀ ਹੈ, ਜਿਸ ਦਾ ਸਾਹਮਣਾ ਕੁਝ ਲੋਕ ਹੀ ਕਰ ਪਾਉਂਦੇ ਹਨ। ਆਓ ਜਾਣਦੇ ਹਾਂ ਆਪਣੇ ਕਾਰੋਬਾਰ ਨੂੰ ਸ਼ੁਰੂ ਕਰਨ ਤੋਂ ਲੈ ਕੇ ਜਾਰੀ ਰੱਖਣ ਤੱਕ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਆਪਣੇ ਉਤਪਾਦ ਬਾਰੇ ਕਰੋ ਲੋੜੀਂਦੀ ਰਿਸਰਚ

ਸ਼ੁਰੂਆਤੀ ਕਾਰੋਬਾਰ ਨੂੰ ਅੱਗੇ ਜਾਰੀ ਨਾ ਰੱਖ ਸਕਣ ਦਾ ਸਭ ਤੋਂ ਵੱਡਾ ਕਾਰਨ ਆਪਣੇ ਉਤਪਾਦ ਲਈ ਰਿਸਰਚ 'ਚ ਕਮੀ ਦਾ ਹੋਣਾ ਮੰਨਿਆ ਜਾਂਦਾ ਹੈ। ਕਈ ਵਾਰ ਲੋਕ ਜੋਸ਼ ਵਿਚ ਆ ਕੇ ਜਾਂ ਕਿਸੇ ਨੂੰ ਦੇਖ ਕੇ ਜਲਦਬਾਜ਼ੀ ਵਿਚ ਕਾਰੋਬਾਰ ਤਾਂ ਸ਼ੁਰੂ ਕਰ ਲੈਂਦੇ ਹਨ ਪਰ ਭਵਿੱਖ 'ਚ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਇਸ ਲਈ ਜੇਕਰ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਸਮੇਂ ਦਾ ਵੱਡਾ ਹਿੱਸਾ ਰਿਸਰਚ 'ਤੇ ਲਗਾਓ। ਇਸ ਰਿਸਰਚ ਦੇ ਜ਼ਰੀਏ ਹੀ ਤੁਹਾਨੂੰ ਆਪਣੇ ਉਤਪਾਦ ਦੀ ਮਾਰਿਕਟ ਵਿਚ ਵੈਲਿਊ ਬਾਰੇ ਜਾਣਕਾਰੀ ਮਿਲ ਸਕੇਗੀ ਕਿ ਇਹ ਇਸ ਉਤਪਾਦ ਨੂੰ ਕਿੰਨੇ ਸਮੇਂ ਲਈ ਬਜ਼ਾਰ ਵਿਚ ਇਸ ਦੀ ਮੰਗ ਜਾਰੀ ਰੱਖ ਸਕਦੇ ਹੋ।

ਪੈਸਾ

ਕਿਸੇ ਵੀ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ ਪੈਸਾ। ਇਸ ਦੇ ਨਾਲ ਇਹ ਵੀ ਸਮਝ ਲੈਣਾ ਜ਼ਰੂਰੀ ਹੁੰਦਾ ਹੈ ਕਿ ਜ਼ਿਆਦਾ ਪੈਸਾ ਲਗਾਉਣ ਕਾਰੋਬਾਰ ਦੀ ਸਫਲਤਾ ਦੀ ਗਾਰੰਟੀ ਨਹੀਂ ਹੁੰਦਾ ਹੈ। ਅਜਿਹੇ 'ਚ ਜ਼ਰੂਰੀ ਹੈ ਕਿ ਤੁਸੀਂ ਆਪਣੇ ਵਪਾਰ ਦੇ ਸੁਭਾਅ ਨੂੰ ਸਮਝੋ  ਅਤੇ ਜਿੰਨਾ ਜ਼ਰੂਰੀ ਲੱਗੇ ਉਨਾਂ ਹੀ ਪੈਸਾ ਲਗਾਓ। ਕਾਰੋਬਾਰ ਦਾ ਸੁਭਾਅ ਸਮੇਂ, ਹਾਲਾਂਤਾਂ, ਮੌਸਮ ਅਤੇ ਹੋਰ ਕਈ ਕਾਰਨਾਂ ਕਰਕੇ ਬਦਲਦਾ ਰਹਿੰਦਾ ਹੈ। ਅਜਿਹੇ 'ਚ ਇਕੋ ਵਾਰ ਸਾਰਾ ਪੈਸਾ ਨਿਵੇਸ਼ ਕਰ ਦੇਣਾ ਕਦੇ ਵੀ ਸਮਝਦਾਰੀ ਨਹੀਂ ਹੁੰਦਾ ਹੈ। ਅਜਿਹੀ ਸਥਿਤੀ ਵਿਚ ਕਿਸੇ ਮਾਹਰ ਦੀ ਸਲਾਹ ਲੈ ਸਕਦੇ ਹੋ।

ਸਮਾਂ ਦੇਣਾ

ਕਾਰੋਬਾਰ ਸ਼ੁਰੂ ਕਰਨਾ ਹੋਵੇ ਤਾਂ ਇਹ ਭਰਪੂਰ ਸਮਾਂ ਮੰਗਦਾ ਹੈ। ਸ਼ੁਰੂਆਤੀ ਦਿਨਾਂ 'ਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਲਈ ਤੁਹਾਡੇ ਕੋਲ ਬਿਹਤਰ ਟਾਈਮ ਮੈਨੇਜਮੈਂਟ ਸਕਿੱਲ ਹੋਣਾ ਚਾਹੀਦਾ ਹੈ ਜਿਹੜਾ ਕਿ ਤੁਹਾਡੇ ਕਾਰੋਬਾਰ ਅਤੇ ਤੁਹਾਡੀ ਸਿਹਤ ਵਿਚਕਾਰ ਸਹੀ ਤਾਲਮੇਲ ਦਾ ਕੰਮ ਕਰੇਗਾ। 

ਤਕਨਾਲੋਜੀ ਵੀ ਅਹਿਮ

ਦੇਸ਼ ਦੀਆਂ ਕਈ ਨਵੀਂਆਂ ਕੰਪਨੀਆਂ ਨਵੀਂ ਤਕਨਾਲੋਜੀ ਦਾ ਇਸਤੇਮਾਲ ਕਰਕੇ ਨਵੀਂਆਂ ਉਚਾਈਆਂ ਛੋਹ ਰਹੀਆਂ ਹਨ। ਜੇਕਰ ਤੁਸੀਂਂ ਵੀ ਆਪਣੇ ਕਾਰੋਬਾਰ ਦੀ ਸ਼ੁਰੂਆਤ ਕਰ ਰਹੇ ਹੋ ਤਾਂ ਪੈਸੇ ਦਾ ਕੁਝ ਹਿੱਸਾ ਤਕਨਾਲੋਜੀ ਦੇ ਇਸਤੇਮਾਲ ਲਈ ਜ਼ੂਰਰ ਰੱਖੋ। ਇਸ ਦੀ ਸਹਾਇਤਾ ਨਾਲ ਤੁਸੀਂ ਨਾ ਸਿਰਫ ਆਪਣਾ ਪੈਸਾ ਅਤੇ ਸਮਾਂ ਬਚਾ ਸਕਦੇ ਹੋ ਸਗੋਂ ਲਾਗਤ ਘੱਟ ਕਰਕੇ ਲਾਭ ਵੀ ਕਮਾ ਸਕਦੇ ਹੋ। 

ਮਾਰਕੀਟਿੰਗ

ਤਕਨੀਕ ਤੋਂ ਇਲਾਵਾ ਕੁਝ ਪੈਸਾ ਮਾਰਕੀਟਿੰਗ ਲਈ ਵੀ ਖਰਚ ਕਰਨਾ ਚਾਹੀਦਾ ਹੈ ਕਿਉਂਕਿ ਕੋਈ ਵੀ ਉਤਪਾਦ ਪ੍ਰਚਾਰ ਤੋਂ ਬਿਨਾਂ ਬਜ਼ਾਰ 'ਚ ਆਪਣੀ ਪਛਾਣ ਨਹੀਂ ਬਣਾ ਸਕਦਾ। ਜ਼ਿਕਰਯੋਗ ਹੈ ਕਿ ਕਾਰੋਬਾਰ ਦੀ ਸਫਲਤਾ ਲਈ ਮਾਰਕੀਟਿੰਗ ਜ਼ਰੂਰੀ ਹੈ ਖਾਸਤੌਰ 'ਤੇ ਜਦੋਂ ਤੁਸੀਂ ਅਜਿਹੇ ਖੇਤਰ ਵਿਚ ਕੰਮ ਕਰ ਰਹੇ ਹੋ ਜਿਥੇ ਪਹਿਲਾਂ ਤੋਂ ਹੀ ਇਸੇ ਤਰ੍ਹਾਂ ਦੇ ਉਤਪਾਦ ਜਾਂ ਸਰਵਿਸ ਦੇਣ ਵਾਲੇ ਵਪਾਰੀ ਮੌਜੂਦ ਹੋਣ।

ਕਿਸੇ ਵੀ ਕਾਰੋਬਾਰ ਨੂੰ ਜਾਰੀ ਰੱਖਣ ਲਈ ਸਮਾਂ ਅਤੇ ਸਹਿਣਸ਼ੀਲਤਾ ਦੀ ਜ਼ਰੂਰਤ ਹੁੰਦੀ ਹੈ। ਤੁਹਾਨੂੰ ਆਪਣੇ ਕਾਰੋਬਾਰ ਨੂੰ ਪਹਿਲਾਂ ਤਾਂ ਖੜ੍ਹਾ ਕਰਨ ਲਈ ਭਰਪੂਰ ਸਮਾਂ ਦੇਣਾ ਹੋਵੇਗਾ ਫਿਰ ਬਰਕਰਾਰ ਰੱਖਣ ਲਈ ਪੂਰੀ ਸ਼ਕਤੀ ਨਾਲ ਕੋਸ਼ਿਸ਼ ਕਰਨੀ ਹੋਵੇਗੀ।


Related News