ਜੇਕਰ ਬਹੁਤ ਸਾਰੇ ਵਿਕਲਪਾਂ 'ਚ ਨਿਵੇਸ਼ ਕਰਕੇ ਭੁੱਲ ਗਏ ਹੋ ਤਾਂ ਜ਼ਰੂਰ ਪੜ੍ਹੋ ਇਹ ਖਬਰ
Tuesday, Mar 10, 2020 - 02:42 PM (IST)
ਨਵੀਂ ਦਿੱਲੀ — ਬੈਂਕ ਫਿਕਸਡ ਡਿਪਾਜ਼ਿਟ, ਪੀ.ਪੀ.ਐਫ., ਈ.ਪੀ.ਐਫ. ਅਤੇ ਮਿਊਚੁਅਲ ਫੰਡ ਇਹ ਸਾਰੇ ਅਮੀਰ ਜਾਂ ਆਮ ਵਰਗ ਦੇ ਲੋਕਾਂ ਲਈ ਬਚਤ ਅਤੇ ਨਿਵੇਸ਼ ਦੇ ਲਿਹਾਜ਼ ਨਾਲ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਸਾਧਨ ਹਨ। ਪਿਛਲੇ ਕੁਝ ਸਾਲਾਂ 'ਚ ਲੋਕਾਂ ਦੇ ਰੁਝਾਨ 'ਚ ਬਦਲਾਅ ਦੇਖਿਆ ਜਾ ਰਿਹਾ ਹੈ ਹੁਣ ਲੋਕ ਮਿਊਚੁਅਲ ਫੰਡ 'ਚ ਵੀ ਨਿਵੇਸ਼ ਕਰਨ ਲੱਗ ਗਏ ਹਨ। ਇਨ੍ਹਾਂ ਤੋਂ ਇਲਾਵਾ ਲੋਕ ਬਾਕੀ ਦੇ ਨਿਵੇਸ਼ਾਂ 'ਚ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ। ਲੋਕ ਜ਼ਿਆਦਾਤਰ ਨਿਵੇਸ਼ ਵਿਕਲਪਾਂ 'ਚ ਲੰਮੀ ਮਿਆਦ ਲਈ ਨਿਵੇਸ਼ ਕਰਦੇ ਹਨ ਅਤੇ ਕਈ ਸਾਰੇ ਖਾਤਿਆਂ ਦਾ ਇਸਤੇਮਾਲ ਕਰਦੇ ਹਨ। ਇਸ ਤੋਂ ਇਲਾਵਾ ਕਈ ਵਾਰ ਨਿਵੇਸ਼ਕ ਨਿਵੇਸ਼ ਦੇ ਬਹੁਤ ਸਾਰੇ ਵਿਕਲਪਾਂ 'ਚ ਲੰਮੇ ਸਮੇਂ ਤੱਕ ਨਿਵੇਸ਼ ਕਰਕੇ ਅਤੇ ਕਈ ਸਾਰੇ ਖਾਤੇ ਰੱਖ ਕੇ ਭੁੱਲ ਜਾਂਦੇ।
ਸਭ ਤੋਂ ਆਮ ਕਾਰਨਾਂ ਵਿਚੋਂ ਇਕ ਇਹ ਹੈ ਕਿ ਇਹ ਖਾਤੇ ਜਾਂ ਫੰਡ ਕਿਸੇ ਨੇ ਬਹੁਤ ਸਮਾਂ ਪਹਿਲਾਂ ਬਣਾਏ ਜਾਂ ਖਰੀਦੇ ਅਤੇ ਲੋਕ ਸ਼ਾਇਦ ਇਨ੍ਹਾਂ ਬਾਰੇ ਭੁੱਲ ਗਏ ਹੋਣ। ਇਸ ਤੋਂ ਇਲਾਵਾ ਪੈਸਾ ਰੱਖਣ ਵਾਲੀਆਂ ਸੰਸਥਾਵਾਂ ਨੂੰ ਵੀ ਇਕ ਨਿਸ਼ਚਿਤ ਮਿਆਦ ਲਈ ਖਾਤਾਧਾਰਕਾਂ ਨਾਲ ਸੰਪਰਕ 'ਚ ਰਹਿਣਾ ਪੈਂਦਾ ਹੈ ਪਰ ਜ਼ਿਆਦਾਤਰ ਦਾ ਦਾਅਵਾ ਹੈ ਕਿ ਉਹ ਕਈ ਗਾਹਕਾਂ ਨਾਲ ਸੰਪਰਕ ਕਰਨ 'ਚ ਅਸਮਰੱਥ ਹਨ ਕਿਉਂਕਿ ਗਾਹਕਾਂ ਦਾ ਘਰ ਪਤਾ ਅਤੇ ਸੰਪਰਕ ਨਾਲ ਜੁੜੀ ਜਾਣਕਾਰੀ ਪਿਛਲੇ ਕੁਝ ਸਾਲਾਂ ਦੌਰਾਨ ਬਦਲ ਗਈ ਹੈ ਅਤੇ ਸੰਸਥਾ ਨਾਲ ਇਸ ਨੂੰ ਅਪਡੇਟ ਨਹੀਂ ਕਰਵਾਇਆ ਗਿਆ ਹੈ।
ਅਜਿਹੇ ਪੈਸੇ ਟਰਾਂਸਫਰ ਕਰ ਦਿੱਤੇ ਜਾਂਦੇ ਹਨ ਸਰਕਾਰੀ ਫੰਡਾਂ 'ਚ
ਬਿਨਾਂ ਦਾਅਵੇ ਵਾਲੇ (Unclaimed) ਅਜਿਹੇ ਪੈਸੇ ਇਕ ਸਮੇਂ ਬਾਅਦ ਵੱਖ-ਵੱਖ ਸਰਕਾਰੀ ਫੰਡਾਂ ਵਿਚ ਪਾ ਦਿੱਤੇ ਜਾਂਦੇ ਹਨ। ਬਹੁਤ ਸਾਰੇ ਅਜਿਹੇ ਵੈਲਫੇਅਰ ਅਤੇ ਜਾਗਰੂਕਤਾ ਫੰਡਸ ਹਨ ਜਿਨ੍ਹਾਂ ਵਿਚ ਇਹ ਅਨਕਲੇਮਡ ਫੰਡ ਪਾਏ ਜਾਂਦੇ ਹਨ। ਬੈਂਕ ਫਿਕਸਡ ਡਿਪਾਜ਼ਿਟ ਤੋਂ ਅਨਕਲੇਮਡ ਧਨਰਾਸ਼ੀ ਡਿਪਾਜ਼ਿਟਰ ਐਜੂਕੇਸ਼ਨ ਅਤੇ ਅਵੇਰਨੈੱਸ ਫੰਡ(DEAF) 'ਚ ਭੇਜ ਦਿੱਤੀ ਜਾਂਦੀ ਹੈ। ਅਨਕਲੇਮਡ ਬੀਮਾ, PPF ਅਤੇ EPF ਦਾ ਪੈਸਾ ਸੀਨੀਅਰ ਸਿਟੀਜ਼ਨ ਵੈਲਫੇਅਰ ਫੰਡ(SCWF) 'ਚ ਲਿਆਂਦਾ ਜਾਂਦਾ ਹੈ।
ਖਾਤਾ ਧਾਰਕ ਕਰ ਸਕਦੇ ਹਨ ਆਪਣੇ ਭੁੱਲ ਚੁੱਕੇ ਪੈਸਿਆਂ 'ਤੇ ਕਲੇਮ
ਇਸ 'ਚ ਉਹ ਬੈਂਕ ਜਮ੍ਹਾਂ ਸ਼ਾਮਲ ਹੁੰਦਾ ਹੈ ਜਿਹੜਾ ਪਿਛਲੇ 10 ਸਾਲਾਂ ਤੋਂ ਅਨਕਲੇਮਡ ਹੈ। ਇਸ ਦਾ ਗਠਨ 2014 'ਚ ਕੀਤਾ ਗਿਆ ਸੀ ਅਤੇ ਕਿਸੇ ਵੀ ਬੈਂਕ ਖਾਤੇ ਵਿਚੋਂ ਅਨਕਲੇਮਡ ਫੰਡ ਜਿਹੜਾ 10 ਸਾਲ ਜਾਂ ਉਸ ਤੋਂ ਜ਼ਿਆਦਾ ਸਮੇਂ ਤੋਂ ਆਪਰੇਸ਼ਨ 'ਚ ਨਹੀਂ ਹੈ ਉਹ ਫੰਡ 10 ਸਾਲ ਦੇ ਖਤਮ ਹੋਣ ਤੋਂ 3 ਮਹੀਨੇ ਅੰਦਰ ਇਸ ਫੰਡ ਵਿਚ ਟਰਾਂਸਫਰ ਕਰ ਦਿੱਤਾ ਜਾਂਦਾ ਹੈ। ਹੁਣ 10 ਸਾਲ ਦੇ ਬਾਅਦ ਵੀ ਨਿਵੇਸ਼ਕ ਆਪਣੇ ਪੈਸੇ 'ਤੇ ਦਾਅਵਾ ਕਰ ਸਕਦੇ ਹਨ। ਇਸ ਮਾਮਲੇ 'ਚ ਬੈਂਕ ਖਾਤਾਧਾਰਕ ਨੂੰ ਪੈਸੇ ਦਾ ਭੁਗਤਾਨ ਕਰੇਗਾ, ਜਿਸ ਨੂੰ ਬੈਂਕ ਨੂੰ DEAF ਵਲੋਂ ਵਾਪਸ ਕੀਤਾ ਜਾਵੇਗਾ।
ਇਨਵੈਸਟਰ ਐਜੂਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ (ਆਈ ਈ ਪੀ ਐੱਫ)
ਆਈਈਪੀਐਫ ਕੋਲ ਲਾਭਅੰਸ਼ ਅਤੇ ਜਮ੍ਹਾਂ ਕੀਤੀ ਉਹ ਰਕਮ ਹੁੰਦੀ ਹੈ ਜਿਸ ਦਾ ਕਿ ਕਈ ਸਾਲਾਂ ਤੋਂ ਦਾਅਵਾ ਨਹੀਂ ਕੀਤਾ ਜਾਂਦਾ। ਜੇਕਰ ਸੱਤ ਸਾਲਾਂ ਤੱਕ ਪੈਸੇ ਦਾ ਦਾਅਵਾ ਨਹੀਂ ਕੀਤਾ ਜਾਂਦਾ ਹੈ ਤਾਂ ਅਜਿਹੀ ਰਕਮ ਨੂੰ ਆਈਈਪੀਐਫ 'ਚ ਟਰਾਂਸਫਰ ਕਰ ਦਿੱਤਾ ਜਾਂਦਾ ਹੈ। ਆਈਈਪੀਐਫ ਦੀ ਆਪਣੀ ਅਧਿਕਾਰਤ ਵੈਬਸਾਈਟ ਹੈ ਜਿਸ ਨੂੰ iepf.gov.in ਦੇ ਨਾਂ ਨਾਲ ਚਲਾਇਆ ਜਾਂਦਾ ਹੈ। ਇਸ ਵੈਬਸਾਈਟ ਦਾ ਕੰਮ ਨਿਵੇਸ਼ਕਾਂ 'ਚ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਦੇ ਵਿਆਜ ਨੂੰ ਸੁਰੱਖਿਆ ਦੇਣਾ ਹੈ।