ਹੋਮ ਲੋਨ ਹੋ ਸਕਦਾ ਹੈ ਦੂਜੇ ਬੈਂਕ 'ਚ ਟਰਾਂਸਫਰ, ਜਾਣੋ ਪ੍ਰਕਿਰਿਆ

04/15/2019 12:56:19 PM

ਨਵੀਂ ਦਿੱਲੀ — ਜੇਕਰ ਤੁਸੀਂ ਹੋਮ ਲੋਨ ਟਰਾਂਸਫਰ ਕਰਵਾਉਣ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਦੀ ਪ੍ਰਕਿਰਿਆ ਬਾਰੇ ਪੂਰੀ ਜਾਣਕਾਰੀ ਦੇ ਰਹੇ ਹਾਂ। ਹੋਮ ਲੋਨ ਦੀ ਮਿਆਦ ਲੰਮੀ ਹੁੰਦੀ ਹੈ ਇਹ 30 ਸਾਲ ਤੱਕ ਦੀ ਹੋ ਸਕਦੀ ਹੈ ਅਤੇ ਇਸ ਦੌਰਾਨ 50 ਫੀਸਦੀ ਤੱਕ EMI ਲੋਨ 'ਤੇ ਵਿਆਜ ਦਾ ਹਿੱਸਾ ਹੁੰਦੀ ਹੈ। ਸਟੇਟ ਬੈਂਕ ਵਰਤਮਾਨ ਸਮੇਂ 'ਚ 30 ਲੱਖ ਤੱਕ ਦੇ ਲੋਨ ਲਈ 8.70 ਫੀਸਦੀ ਤੋਂ 9 ਫੀਸਦੀ ਤੱਕ ਦੀਆਂ ਵਿਆਜ ਦਰਾਂ ਅਤੇ 30 ਲੱਖ ਤੋਂ 75 ਲੱਖ ਤੱਕ ਦੇ ਲੋਨ ਲਈ 8.90 ਫੀਸਦੀ ਤੋਂ 9.20 ਫੀਸਦੀ ਤੱਕ ਦੀਆਂ ਵਿਆਜ ਦਰਾਂ ਹਨ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਮੌਜੂਦਾ ਬੈਂਕ ਦੇ ਹੋਮ ਲੋਨ 'ਤੇ ਉੱਚ ਵਿਆਜ ਦਰ ਅਤੇ EMI ਦਾ ਭੁਗਤਾਨ ਕਰ ਰਹੇ ਹੋ ਤਾਂ ਤੁਸੀਂ ਇਸ ਲੋਨ ਨੂੰ ਦੂਜੇ ਬੈਂਕ ਵਿਚ ਟਰਾਂਸਪਰ ਕਰਨ ਬਾਰੇ ਵਿਚਾਰ ਕਰ ਸਕਦੇ ਹੋ। 

ਇਸ ਤਰ੍ਹਾਂ ਹੁੰਦੀ ਹੈ ਪ੍ਰਕਿਰਿਆ

ਹੋਮ ਲੋਨ ਟਰਾਂਸਫਰ ਹੋਣ 'ਤੇ ਨਵਾਂ ਬੈਂਕ ਜਾਂ ਫਾਇਨਾਂਸ ਕੰਪਨੀ ਪਿਛਲੇ ਬੈਂਕ ਜਾਂ ਫਾਇਨਾਂਸ ਕੰਪਨੀ ਨੂੰ ਬਾਕੀ ਬਚੀ ਹੋਮ ਲੋਨ ਦੀ ਰਾਸ਼ੀ ਦਾ ਭੁਗਤਾਨ ਕਰਦਾ ਹੈ। ਜੇਕਰ ਹੋਮ ਲੋਨ ਦੇ ਸ਼ੁਰੂਆਤੀ 4-5 ਸਾਲਾਂ 'ਚ ਹੈ ਤਾਂ ਹੋਮ ਲੋਨ ਟਰਾਂਸਫਰ ਕਰਵਾਉਣਾ ਚੰਗਾ ਵਿਕਲਪ ਹੋ ਸਕਦਾ ਹੈ ਕਿਉਂਕਿ ਸ਼ੁਰੂਆਤ 'ਚ ਵਿਆਜ ਦਰਾਂ ਜ਼ਿਆਦਾ ਹੁੰਦੀਆਂ ਹਨ। ਦੂਜੇ ਪਾਸੇ ਵਿਚਕਾਰ ਜਾਂ ਆਖਿਰ ਦੇ ਸਾਲਾਂ ਵਿਚ ਹੋਮ ਲੋਨ ਟਰਾਂਸਫਰ ਕਰਵਾਉਣਾ ਤੁਹਾਡੇ ਲਈ ਫਾਇਦੇਮੰਦ ਸਾਬਤ ਨਹੀਂ ਹੋ ਸਕਦਾ ਹੈ ਕਿਉਂਕਿ ਸ਼ੁਰੂਆਤ ਵਿਚ ਜ਼ਿਆਦਾ ਵਿਆਜ ਵਾਲੀ EMI ਤੁਸੀਂ ਬੈਂਕ ਨੂੰ ਦੇ ਚੁੱਕੇ ਹੋ। ਹੋਮ ਲੋਨ ਇਸ ਲਈ ਟਰਾਂਸਫਰ ਕੀਤਾ ਜਾਂਦਾ ਹੈ ਤਾਂ ਜੋ ਵਿਆਜ ਘੱਟ ਹੋ ਕੇ ਤੁਹਾਡੀ EMI ਘੱਟ ਹੋ ਜਾਵੇ ਅਤੇ ਇਹ ਸਿਰਫ ਸ਼ੁਰੂਆਤ ਦੇ ਸਾਲਾਂ ਲਈ ਹੀ ਸਹੀ ਹੈ। 

ਹੋਮ ਲੋਨ ਟਰਾਂਸਫਰ ਕਰਨ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

1. ਜੇਕਰ ਤੁਸੀਂ ਹੋਮ ਲੋਨ ਬੈਂਕ ਤੋਂ ਲਿਆ ਹੈ ਤਾਂ ਇਹ MCLR 'ਤੇ ਬੇਸਡ ਹੁੰਦਾ ਹੈ। NBFC ਅਤੇ ਹਾਊਸਿੰਗ ਫਾਇਨਾਂਸ ਕੰਪਨੀਆਂ MCLR ਦਾ ਪਾਲਣ ਨਹੀਂ ਕਰਦੀਆਂ ਹਨ ਅਤੇ ਉਹ ਲੋਨ ਬਜ਼ਾਰ ਦੇ ਮਿਆਰਾਂ ਅਤੇ ਉਨ੍ਹਾਂ ਦੇ ਮੁਕਾਬਲੇ 'ਤੇ ਬੇਸਡ ਹੁੰਦਾ ਹੈ। ਇਸ ਲਈ ਟਰਾਂਸਫਰ ਕਰਨ ਤੋਂ ਪਹਿਲਾਂ ਇਨ੍ਹਾਂ ਗੱਲ੍ਹਾਂ 'ਤੇ ਜਰੂਰ ਧਿਆਨ ਦਿਓ। 

2. ਜੇਕਰ ਤੁਸੀਂ ਹੋਮ ਲੋਨ 'ਤੇ ਵਰਤਮਾਨ ਬਜ਼ਾਰ ਦਰਾਂ ਤੋਂ ਜ਼ਿਆਦਾ EMI ਦੇ ਰਹੇ ਹੋ ਤਾਂ ਹੋਮ ਲੋਨ ਨੂੰ ਟਰਾਂਸਫਰ ਕਰਵਾਉਣਾ ਚਾਹੀਦਾ ਹੈ, ਕਿਉਂਕਿ ਇਸ ਦੇ ਟਰਾਂਸਫਰ ਨਾਲ ਤੁਹਾਡੀ ਮਹੀਨਾਵਾਰ EMI ਘੱਟ ਹੋ ਜਾਵੇਗੀ। ਹੋਮ ਲੋਨ ਦੀਆਂ ਵਿਆਜ ਦਰਾਂ ਹਰ ਸਾਲ ਸੋਧਿਆ ਜਾਂਦੀਆਂ ਹਨ।

3. ਲੋਨ ਟਰਾਂਸਫਰ ਲਈ ਕ੍ਰੈਡਿਟ ਰੇਟਿੰਗ ਵੀ ਅਹਿਮੀਅਤ ਰੱਖਦੀ ਹੈ। ਲੋਨ ਟਰਾਂਸਫਰ ਇਕ ਮੌਜੂਦਾ ਲੋਨ ਦਾ ਭੁਗਤਾਨ ਕਰਨ ਲਈ ਦੂਜਾ ਲੋਨ ਲੈਣ ਵਰਗਾ ਹੈ। ਜਿਸ ਸਮੇਂ ਤੁਸੀਂ ਪਹਿਲਾ ਲੋਨ ਲਿਆ ਸੀ ਉਸ ਸਮੇਂ ਤੁਹਾਡੀ ਕ੍ਰੈਡਿਟ ਰੇਟ ਉੱਚੀ ਸੀ ਅਤੇ ਹੁਣ ਇਹ ਘੱਟ ਹੋ ਗਈ ਹੈ ਤਾਂ ਇਸ ਨਾਲ ਤੁਹਾਨੂੰ ਕਾਫੀ ਫਰਕ ਪੈ ਸਕਦਾ ਹੈ।

4. ਜੇਕਰ ਹੋਮ ਲੋਨ ਦੀ ਮਿਆਦ ਖਤਮ ਹੋਣ ਕੰਢੇ ਹੈ ਤਾਂ ਲੋਨ ਟਰਾਂਸਫਰ ਨਹੀਂ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਜਲਦੀ ਹੀ ਘਰ ਵੇਚਣ ਦਾ ਪਲਾਨ ਬਣਾ ਰਹੇ ਹੋ ਤਾਂ ਵੀ ਲੋਨ ਟਰਾਂਸਫਰ ਨਹੀਂਂ ਕਰਨਾ ਚਾਹੀਦਾ ਹੈ।

5. ਬਹੁਤ ਸਾਰੇ ਬੈਂਕ ਲੋਨ ਨੂੰ ਵਿਚਕਾਰ ਟਰਾਂਸਫਰ ਕਰਨ ਲਈ ਫੀਸ ਲਗਾਉਂਦੇ ਹਨ। ਟਰਾਂਸਫਰ ਕਰਨ ਸਮੇਂ ਇਸ ਤਰ੍ਹਾਂ ਦੀ ਫੀਸ ਬਾਰੇ ਗਣਨਾ ਕਰਨੀ ਚਾਹੀਦੀ ਹੈ ਅਤੇ ਬੈਂਕ ਨਾਲ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ। 

6. ਬਹੁਤ ਸਾਰੇ ਬੈਂਕ ਲੋਨ ਟਰਾਂਸਫਰ ਨੂੰ ਲੈ ਕੇ ਪ੍ਰੋਸੈਸਿੰਗ ਫੀਸ ਲੈਂਦੇ ਹਨ। ਜਦੋਂ ਤੁਸੀਂ ਮੌਜੂਦਾ ਬੈਂਕ ਤੋਂ ਨਵੇਂ ਬੈਂਕ ਵਿਚ ਲੋਨ ਟਰਾਂਸਫਰ ਕਰੋਗੇ ਤਾਂ ਉਹ ਤੁਹਾਡੇ ਕੋਲੋਂ ਇਸ ਲਈ ਕੁੱਲ ਬਾਕੀ ਬਚੀ ਰਕਮ 'ਤੇ 1 ਫੀਸਦੀ ਤੱਕ ਦੀ ਪ੍ਰੋਸੈਸਿੰਗ ਫੀਸ ਲੈ ਸਕਦੇ ਹਨ। ਵਰਤਮਾਨ ਸਮੇਂ 'ਚ ਹੋਮ ਲੋਨ ਟਰਾਂਸਫਰ ਕਰਨ ਦੀ ਪ੍ਰਕਿਰਿਆ ਲਈ ਲਗਭਗ 15 ਤੋਂ 20 ਦਿਨ ਦਾ ਸਮਾਂ ਲੱਗ ਸਕਦਾ ਹੈ।


Related News