ਰਿਟਾਇਰਮੈਂਟ ਤੋਂ ਬਾਅਦ ਹੋ ਰਹੇ ਹੋ ਬੋਰ ਤਾਂ ਇਨ੍ਹਾਂ ਵਿਕਲਪਾਂ 'ਤੇ ਕਰੋ ਗੌਰ

04/17/2019 2:10:49 PM

ਨਵੀਂ ਦਿੱਲੀ — ਜ਼ਰਾ ਸੋਚੋ ਕਿ ਤੁਸੀਂ ਲੰਮੇ ਸਮੇਂ ਤੋਂ ਨੌਕਰੀ ਕਰ ਰਹੇ ਸੀ ਅਤੇ ਇਕ ਦਿਨ ਤੁਸੀਂ ਰਿਟਾਇਰ ਹੋ ਜਾਂਦੇ ਹੋ। ਤੁਹਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਤੁਸੀਂ ਅੱਗੇ ਕੀ ਕਰਨਾ ਹੈ। ਰਿਟਾਇਰਮੈਂਟ ਦੇ ਬਾਅਦ ਜ਼ਿਆਦਾਤਰ ਲੋਕਾਂ ਦਾ ਸ਼ਾਂਤੀਪੂਰਣ ਜੀਵਨ ਜੀਊਣ ਦਾ ਸਪਨਾ ਹੁੰਦਾ ਹੈ। ਪਰ ਇਹ ਇੰਨਾ ਅਸਾਨ ਵੀ ਨਹੀਂ ਹੈ। ਰਿਟਾਇਰਮੈਂਟ ਦੇ ਸ਼ੁਰੂਆਤੀ ਦਿਨ ਤਾਂ ਬਹੁਤ ਚੰਗੇ ਲਗਦੇ ਹਨ ਪਰ ਇਹ ਸਮੇਂ ਦੇ ਨਾਲ ਬਦਲਣ ਲੱਗ ਜਾਂਦੇ ਹਨ।

ਲੋਕ ਰਿਟਾਇਰਮੈਂਟ ਦੇ ਕੁਝ ਸਮੇਂ ਬਾਅਦ ਬੋਰ ਹੋਣ ਲੱਗਦੇ ਹਨ ਕਿਉਂਕਿ ਉਨ੍ਹਾਂ ਨੇ ਬਹੁਤ ਕੁਝ ਤਾਂ ਕਰਨਾ ਨਹੀਂ ਹੁੰਦਾ। ਇਕ ਵਾਰ ਰਿਟਾਇਰਮੈਂਟ ਦੇ ਬਾਅਦ ਜੀਵਨ ਜਿਸ ਤਰ੍ਹਾਂ ਦਾ ਲਗਦਾ ਸੀ ਉਹ ਹੁਣ ਲੰਮੀ ਬੋਰ ਯਾਤਰਾ ਦੀ ਤਰ੍ਹਾਂ ਲੱਗ ਰਿਹਾ ਹੁੰਦਾ ਹੈ। ਇਹ ਜ਼ਿਆਦਾਤਰ ਉਸ ਸਮੇਂ ਹੁੰਦਾ ਹੈ ਜਦੋਂ ਕਿਸੇ ਕੋਲ ਰਿਟਾਇਰਮੈਂਟ ਦੇ ਬਾਅਦ ਦਾ ਕੋਈ ਪਲਾਨ ਨਹੀਂ ਹੁੰਦਾ । ਬੇਸ਼ੱਕ ਤੁਹਾਡੇ ਕੋਲ ਹੁਣ ਨੌਕਰੀ ਨਹੀਂ ਹੈ ਪਰ ਫਿਰ ਵੀ ਤੁਹਾਡੇ ਕੋਲ ਕਈ ਵਿਕਲਪ ਮੌਜੂਦ ਹੋ ਸਕਦੇ ਹਨ। ਅੱਜ ਅਸੀਂ ਤੁਹਾਨੂੰ ਇਸ ਬਾਰੇ ਹੀ ਜਾਣਕਾਰੀ ਦੇਣ ਜਾ ਰਹੇ ਹਾਂ।

ਸਲਾਹਕਾਰ

ਬਹੁਤ ਸਾਰੀਆਂ ਕਾਰਪੋਰੇਟ ਕੰਪਨੀਆਂ ਤਜ਼ੁਰਬੇਕਾਰ ਲੋਕਾਂ ਦੀ ਭਾਲ 'ਚ ਰਹਿੰਦੀਆਂ ਹਨ ਜਿਹੜੀਆਂ ਕਿ ਸਲਾਹਕਾਰ ਦੇ ਰੂਪ ਵਿਚ ਤਜ਼ੁਰਬੇਕਾਰ ਲੋਕਾਂ ਨੂੰ ਆਪਣੇ ਵਪਾਰ ਦਾ ਹਿੱਸਾ ਬਣਾਉਂਦੀਆਂ ਹਨ। ਰਿਟਾਇਰਮੈਂਟ ਦੇ ਬਾਅਦ ਲੋਕਾਂ ਕੋਲ ਦਹਾਕਿਆਂ ਦਾ ਤਜ਼ਰਬਾ ਹੁੰਦਾ ਹੈ, ਇਸ ਲਈ ਉਹ ਅਜਿਹੀਆਂ ਕੰਪਨੀਆਂ ਲਈ ਬਹੁਤ ਵਧੀਆ ਵਿਕਲਪ ਹੋ ਸਕਦੀਆਂ ਹਨ। 

ਟਿਊਸ਼ਨ

ਰਿਟਾਇਰਮੈਂਟ ਦੇ ਬਾਅਦ ਤੁਸੀਂ ਵਿਦਿਆਰਥੀਆਂ ਨੂੰ ਟਿਊਸ਼ਨ ਪੜ੍ਹਾ ਸਕਦੇ ਹੋ ਜਾਂ ਪੇਸ਼ੇਵਰ ਅਧਿਆਪਕ ਵੀ ਬਣ ਸਕਦੇ ਹੋ। ਕਈ ਟੀਚਿੰਗ ਨੌਕਰੀਆਂ 'ਚ ਵਿੱਦਿਅਕ ਯੋਗਤਾ ਦੀ ਬਜਾਏ ਨੌਕਰੀ ਦੇ ਤਜ਼ੁਰਬੇ ਵਾਲੇ ਲੋਕਾਂ ਦੀ ਜ਼ਰੂਰਤ ਹੁੰਦੀ ਹੈ। ਜੇਕਰ ਤੁਹਾਨੂੰ ਬੱਚਿਆਂ ਨੂੰ ਪੜਾਉਣ ਦਾ ਸ਼ੌਕ ਹੈ ਤਾਂ ਇਹ ਤੁਹਾਡੀ ਲਈ ਵਧੀਆ ਵਿਕਲਪ ਹੋ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਗਰੀਬ ਬੱਚਿਆਂ ਨੂੰ ਮੁਫਤ 'ਚ ਪੜਾਉਣਾ ਚਾਹੋ ਤਾਂ ਇਹ ਵੀ ਪੁੰਨ ਦਾ ਕੰਮ ਹੋ ਸਕਦਾ ਹੈ।

ਬਲਾਗ ਦੁਆਰਾ ਕਮਾਈ 

ਜੇਕਰ ਤੁਸੀਂ ਰਿਟਾਇਰਮੈਂਟ ਦੇ ਬਾਅਦ ਦੇਸ਼ ਜਾਂ ਦੁਨੀਆ ਦੀ ਯਾਤਰਾ ਦਾ ਸ਼ੌਂਕ ਰੱਖਦੇ ਹੋ ਤਾਂ ਤੁਸੀਂ ਅਜਿਹਾ ਕਰਕੇ ਇਸ ਤੋਂ ਕਮਾਈ ਵੀ ਕਰ ਸਕਦੇ ਹੋ। ਤੁਸੀਂ ਆਪਣੀ ਯਾਤਰਾ ਨਾਲ ਇਕ ਸੀਨੀਅਰ ਨਾਗਰਿਕ ਦੇ ਰੂਪ ਵਿਚ ਇਕ ਬਲਾਗ ਸ਼ੁਰੂ ਕਰ ਸਕਦੇ ਹੋ ਜਿਹੜਾ ਕਿ ਸੀਨੀਅਰ ਨਾਗਰਿਕਾਂ ਦੀ ਯਾਤਰਾ 'ਤੇ ਕੇਂਦਰਿਤ ਹੈ। 

ਪਾਰਟ ਟਾਈਮ ਨੌਕਰੀ

ਜੇਕਰ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਜ਼ਿਆਦਾ ਘੰਟੇ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਪਾਰਟ ਟਾਈਮ ਨੌਕਰੀ ਕਰ ਸਕਦੇ ਹੋ। ਬਾਜ਼ਾਰ ਵਿਚ ਬਹੁਤ ਸਾਰੀਆਂ ਪਾਰਟ ਟਾਈਮ ਨੌਕਰੀਆਂ ਮੌਜੂਦ ਹਨ। ਤੁਸੀਂ ਆਪਣੇ ਤਜ਼ਰਬੇ ਨਾਲ ਅਸਾਨੀ ਨਾਲ ਪਾਰਟ ਟਾਈਮ ਨੌਕਰੀ ਹਾਸਲ ਕਰ ਸਕਦੇ ਹੋ ਅਤੇ ਪਰਿਵਾਰ ਨਾਲ ਸਮਾਂ ਵੀ ਗੁਜ਼ਾਰ ਸਕਦੇ ਹੋ। 

ਕਾਰੋਬਾਰ

ਵੈਸੇ ਤਾਂ ਰਿਟਾਇਰਮੈਂਟ ਦੇ ਬਾਅਦ ਵਪਾਰ ਸ਼ੁਰੂ ਕਰਨ ਦਾ ਫੈਸਲਾ ਹੈਰਾਨ ਕਰ ਸਕਦਾ ਹੈ, ਪਰ ਪੈਸਾ ਵਧਾਉਣ ਲਈ ਇਹ ਇਕ ਵਧੀਆ ਵਿਕਲਪ ਹੋ ਸਕਦਾ ਹੈ। ਜੇਕਰ ਤੁਹਾਡੇ ਕੋਲ ਕਾਰੋਬਾਰ ਕਰਨ ਦੀ ਚੰਗੀ ਸਮਝ ਹੈ ਤਾਂ ਤੁਸੀਂ ਕੋਈ ਛੋਟਾ-ਮੋਟਾ ਵਪਾਰ ਵੀ ਸ਼ੁਰੂ ਕਰ ਸਕਦੇ ਹੋ।


Related News