ਇਟਲੀ ਦੇ ਦੋ ਸ਼ਹਿਰ ਦੂਸ਼ਿਤ ਹਵਾ ਨਾਲ ਹੋਣ ਵਾਲੀਆਂ ਮੌਤਾਂ ''ਚ ਸਭ ਤੋਂ ਅੱਗੇ

01/21/2021 8:41:12 PM

ਰੋਮ, (ਕੈਂਥ)- ਵਿਸ਼ਵ ਸਿਹਤ ਸੰਗਠਨ ਅਨੁਸਾਰ ਪੂਰੀ ਦੁਨੀਆ ਵਿਚ ਦੂਸ਼ਿਤ ਵਾਤਾਵਰਣ ਜਾਂ ਅਸ਼ੁੱਧ ਹਵਾ ਨਾਲ ਹਰ ਸਾਲ 70 ਲੱਖ ਲੋਕਾਂ ਦੀ ਮੌਤ ਹੁੰਦੀ ਹੈ। ਅਸ਼ੁੱਧ ਹਵਾ ਕਾਰਨ ਦਿਲ ਦੀਆਂ ਬੀਮਾਰੀਆਂ ,ਫੇਫੜਿਆਂ ਜਾਂ ਸਾਹ ਦੀਆਂ ਬੀਮਾਰੀਆਂ ਨਾਲ ਜ਼ਿਆਦਾਤਰ ਮੌਤਾਂ ਹੁੰਦੀਆਂ ਹਨ ।

ਦੁਨੀਆ ਦੇ 10 ਪ੍ਰਦੂਸ਼ਿਤ ਦੇਸ਼ਾਂ ਵਿਚ ਇਟਲੀ ਦਾ ਵੀ ਨਾਮ ਸ਼ਾਮਲ ਹੈ। ਪੂਰੇ ਯੂਰਪ ਵਿਚ ਅਸ਼ੁੱਧ ਹਵਾ ਨਾਲ ਹੋਣ ਵਾਲੀਆਂ ਮੌਤਾਂ ਵਾਲੇ ਸ਼ਹਿਰਾਂ ਦੀ ਸੂਚੀ ਵਿਚ ਪਹਿਲੇ 10 ਸਥਾਨਾਂ 'ਤੇ ਇਟਲੀ ਦੇ 4 ਸ਼ਹਿਰਾਂ ਦੇ ਨਾਮ ਸਾਹਮਣੇ ਆਏ ਹਨ, ਜਿਸ ਵਿਚ ਇਟਲੀ ਦੇ ਪ੍ਰਮੁੱਖ ਸ਼ਹਿਰ ਬਰੇਸ਼ੀਆ ਤੇ ਬੈਰਗਾਮੋ ਪਹਿਲੇ ਅਤੇ ਦੂਸਰੇ ਸਥਾਨ 'ਤੇ, ਵਿਚੈਂਜਾ ਚੌਥੇ ਅਤੇ ਸਰਾਨੋ ਅੱਠਵੇਂ ਸਥਾਨ 'ਤੇ ਆਏ ਹਨ। 

ਇਹ ਰਿਪੋਰਟ ਉਤਰੈਚਟ ਯੂਨੀਵਰਸਿਟੀ, ਗਲੋਬਲ ਹੈਲਥ ਇੰਸਟੀਚਿਊਟ ਆਫ਼ ਬਾਰਸੀਲੋਨਾ ਅਤੇ ਸਵਿਸ ਟਰੌਪੀਕਲ ਤੇ ਪਬਲਿਕ ਹੈਲਥ ਇੰਸਟੀਚਿਊਟ ਦੇ ਖੋਜਕਰਤਾਵਾਂ ਵਲੋਂ ਕੀਤੇ ਅਧਿਐਨ ਦਾ ਨਤੀਜਾ ਹੈ। ਇਸ ਨੂੰ ਸਪੇਨ ਦੇ ਨਵੀਨਤਾ ਅਤੇ ਗਲੋਬਲ ਸਿਹਤ ਮੰਤਰਾਲੇ ਵਲੋਂ ਫੰਡ ਦਿੱਤਾ ਗਿਆ ਅਤੇ ਲੈਸੇਂਟ ਪਲੈਨੇਟਰੀ  ਹੈਲਥ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਰਿਪੋਰਟ ਵਿਚ ਨਾਈਟ੍ਰੋਜਨ ਡਾਈਆਕਸਾਈਡ ਨਾਲ ਯੂਰਪ ਵਿਚ ਹੋਣ ਵਾਲੀਆਂ ਮੌਤਾਂ ਦਾ ਵੀ ਵਿਸ਼ਲੇਸ਼ਣ ਕੀਤਾ ਗਿਆ ਹੈ। ਇਸ ਵਿਚ ਯੂਰਪ ਵਿਚ ਸਭ ਤੋਂ ਪਹਿਲਾ ਨਾਮ ਸਪੇਨ ਦੇ ਸ਼ਹਿਰ ਮੈਡਰਿਡ ਜਦਕਿ ਇਟਲੀ ਦੇ ਸ਼ਹਿਰ ਤੌਰੀਨੋ ਅਤੇ ਮਿਲਾਨ ਕ੍ਰਮਵਾਰ ਤੀਜੇ ਅਤੇ ਪੰਜਵੇਂ ਸਥਾਨ 'ਤੇ ਹਨ।

ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਹਰ ਸਾਲ ਪੀ. ਐੱਮ.-2.5 ਨਾਲ 51,000 ਅਤੇ ਐੱਨ. ਓ-2 ਨਾਲ 900 ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਤੋਂ ਬਚਿਆ ਜਾ ਸਕਦਾ ਹੈ ਜੇ ਇਨ੍ਹਾਂ ਸ਼ਹਿਰਾਂ ਨੂੰ ਵਿਸ਼ਵ ਸਿਹਤ ਸੰਗਠਨ ਵਲੋਂ ਸਿਫਾਰਸ਼ ਕੀਤੇ ਗਏ ਦੋ ਪ੍ਰਦੂਸ਼ਣਾਂ ਦੇ ਪੱਧਰ ਨੂੰ ਘਟਾ ਦਿੱਤਾ।
 


Sanjeev

Content Editor

Related News