ਇਟਲੀ ’ਚ ਮਨਾਇਆ ਗਿਆ ਬਾਬਾ ਸਾਹਿਬ ਦਾ ਜਨਮ ਦਿਨ, ਆਨਲਾਈਨ ਵਿਚਾਰ ਗੋਸ਼ਟੀ 18 ਨੂੰ

04/14/2021 1:04:34 PM

ਰੋਮ (ਇਟਲੀ) (ਕੈਂਥ)-ਭਾਰਤੀ ਸੰਵਿਧਾਨ ਦੇ ਨਿਰਮਾਤਾ, ਗਰੀਬਾਂ ਦੇ ਰਹਿਬਰ, ਭਾਰਤੀ ਨਾਰੀ ਦੇ ਮੁਕਤੀਦਾਤਾ ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਸਾਹਿਬ ਜੀ ਨੇ ਆਪਣੀ ਸਾਰੀ ਜ਼ਿੰਦਗੀ ਸਮਾਜ ਦੇ ਲਤਾੜੇ ਅਤੇ ਦੁਤਕਾਰੇ ਵਰਗ ਨੂੰ ਹੱਕ ਦਿਵਾਉਣ ’ਚ ਗੁਜ਼ਾਰੀ। ਜੋ ਦੇਣ ਭਾਰਤ ਦੇ ਦਲਿਤ ਸਮਾਜ ਨੂੰ ਬਾਬਾ ਸਾਹਿਬ ਦੀ ਹੈ, ਉਸ ਦੇਣ ਦਾ ਦੇਣਾ ਦਲਿਤ ਸਮਾਜ ਕਦੇ ਵੀਂ ਨਹੀਂ ਦੇ ਸਕਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਬੀ. ਆਰ. ਅੰਬੇਡਕਰ ਸਾਹਿਬ ਜੀ ਦੇ 130ਵੇਂ ਜਨਮ ਦਿਨ ਮੌਕੇ ਪ੍ਰੈੱਸ ਨਾਲ ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਵੈੱਲਫੇਅਰ ਐਸੋਸੀਏਸ਼ਨ (ਰਜਿ.)ਇਟਲੀ ਦੇ ਸਮੂਹ ਮੈਂਬਰਾਂ ਨੇ ਕਰਦਿਆਂ ਕਿਹਾ ਕਿ ਅੱਜ ਜੇਕਰ ਭਾਰਤ ਦਾ ਦਲਿਤ ਸਮਾਜ ਭਾਰਤ ਜਾਂ ਵਿਦੇਸ਼ਾਂ ’ਚ ਬੈਠ ਬਰਾਬਰੀ ਤੇ ਸਨਮਾਨਜਨਕ ਜ਼ਿੰਦਗੀ ਬਿਤਾ ਰਿਹਾ ਹੈ ਤਾਂ ਇਹ ਸਭ ਬਾਬਾ ਸਾਹਿਬ ਦੀ ਬਦੌਲਤ ਹੈ।

ਬਾਬਾ ਸਾਹਿਬ ਨੇ ਉਨ੍ਹਾਂ ਲੋਕਾਂ ਨੂੰ ਵੋਟ ਦਾ ਅਧਿਕਾਰ ਲੈ ਕੇ ਦਿੱਤਾ, ਜਿਨ੍ਹਾਂ ਲੋਕਾਂ ਦੀ ਸਮਾਜ ’ਚ ਗਿਣਤੀ ਹੀ ਨਹੀਂ ਸੀ ਸਗੋਂ ਉਸ ਵਰਗ ਨੂੰ ਸਮਾਜ ’ਚ ਗੈਰ-ਬਰਾਬਰੀ ਅਤੇ ਹੀਣਤਾ ਭਰਿਆ ਜੀਵਨ ਜਿਊਣ ਲਈ ਮਜਬੂਰ ਤੇ ਬੇਵੱਸ ਕੀਤਾ ਜਾਂਦਾ ਸੀ। ਭਾਰਤ ’ਚ ਔਰਤ ਨੂੰ ਸਮਾਜ ਦੇ ਖੋਖਲੇ ਅਤੇ ਅੰਧ-ਵਿਸ਼ਵਾਸੀ ਰੀਤੀ ਰਿਵਾਜਾਂ ਤੋਂ ਬਾਬਾ ਸਾਹਿਬ ਜੀ ਨੇ ਹੀ ਮੁਕਤੀ ਦੁਆਈ । ਅਜਿਹੇ ਗਰੀਬਾਂ ਦੇ ਰਹਿਬਰ ਦਾ ਜਨਮ ਦਿਨ ਮਨਾਉਣਾ ਤੇ ਉਸ ਨੂੰ ਯਾਦ ਕਰਨਾ ਆਪਣੇ ਆਪ ’ਚ ਮਾਣ ਵਾਲੀ ਗੱਲ ਹੈ । ਅੱਜ ਸਮੁੱਚੇ ਦਲਿਤ ਸਮਾਜ ਨੂੰ ਬਾਬਾ ਸਾਹਿਬ ਦੀ ਸੋਚ ਦਾ ਸਮਾਜ ਸਿਰਜਣ ਲਈ ਲਾਮਬੰਦ ਹੋਣਾ ਚਾਹੀਦਾ ਹੈ।

ਇਸ ਮੌਕੇ ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਵੈੱਲਫੇਅਰ ਐਸੋਸੀਏਸ਼ਨ (ਰਜਿ.)ਇਟਲੀ ਦੇ ਸਮੂਹ ਮੈਂਬਰਾਂ ਨੇ ਭਾਰਤ ’ਚ ਸਮਾਜ ਵਿਰੋਧੀ ਅਨਸਰਾਂ ਵੱਲੋਂ ਨਿਰੰਤਰ ਗ਼ਰੀਬਾਂ ਨਾਲ ਕੀਤੇ ਜਾ ਰਹੇ ਧੱਕਿਆਂ ਦੀ ਤਿੱਖੇ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੇ ਲੋਕਾਂ ਉੱਪਰ ਸਖ਼ਤ ਕਾਰਵਾਈ ਹੋਈ ਚਾਹੀਦੀ ਹੈ। ਭਾਰਤ ਦੇ ਦਲਿਤ ਜੇਕਰ ਆਪਣੀਆਂ ਲਾਡਲੀਆਂ ਧੀਆਂ ਨੂੰ ਸਮਾਜ ’ਚ ਸਨਮਾਨਜਕ ਜ਼ਿੰਦਗੀ ਦੇਣਾ ਚਾਹੁੰਦੇ ਹਨ ਤਾਂ ਆਪਣੇ ਸੁਆਰਥਾਂ ਤੋਂ ਉੱਪਰ ਉੱਠ ਕੇ ਬਾਬਾ ਸਾਹਿਬ ਵੱਲੋਂ ਲੈ ਕੇ ਦਿੱਤੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਤਾਂ ਹੀ ਬਾਬਾ ਸਾਹਿਬ ਦੀ ਸੋਚ ਵਾਲਾ ਮਹਾਨ ਭਾਰਤ ਬਣ ਸਕਦਾ ਹੈ।
ਬਾਬਾ ਸਾਹਿਬ ਦੇ 130ਵੇਂ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਵਿਚਾਰ ਗੋਸ਼ਟੀ 18 ਅਪ੍ਰੈਲ ਨੂੰ ਆਨਲਾਈਨ ਯੂਮ ’ਤੇ ਕੀਤੀ ਜਾ ਰਹੀ ਹੈ, ਜਿਸ ’ਚ ਮੁੱਖ ਤੌਰ ’ਤੇ ਸਮਾਜ ਦੇ ਪ੍ਰਸਿੱਧ ਬੁਲਾਰੇ ਪ੍ਰੋ. ਵਿਵੇਕ ਕੁਮਾਰ ਸ਼ਮੂਲੀਅਤ ਕਰਨਗੇ । ਇਹ ਵਿਸ਼ਵ ਪੱਧਰੀ ਵਿਚਾਰ ਗੋਸ਼ਟੀ ਭਾਰਤ ਦੇ ਸ਼ਾਮੀਂ 7.30 ਅਤੇ ਇਟਲੀ ਦੇ ਸ਼ਾਮ 4 ਵਜੇ ਸ਼ੁਰੂ ਹੋਵੇਗੀ, ਜਿਸ ਨੂੰ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਵੈੱਲਫੇਅਰ ਐਸੋਸੀਏਸ਼ਨ (ਰਜਿ.) ਇਟਲੀ ਵੱਲੋਂ ਆਰਗੇਨਾਈਜ਼ ਕੀਤਾ ਜਾਵੇਗਾ।


Anuradha

Content Editor

Related News