ਚੀਨ 'ਚ ਮਿਲਿਆ ਨਵਾਂ 'Zoonotic Langya' ਵਾਇਰਸ, 35 ਕੇਸ ਆਏ ਸਾਹਮਣੇ

Tuesday, Aug 09, 2022 - 05:13 PM (IST)

ਚੀਨ 'ਚ ਮਿਲਿਆ ਨਵਾਂ 'Zoonotic Langya' ਵਾਇਰਸ, 35 ਕੇਸ ਆਏ ਸਾਹਮਣੇ

ਬੀਜਿੰਗ (ਬਿਊਰੋ) ਕੋਰੋਨਾ ਮਹਾਮਾਰੀ ਹਾਲੇ ਖ਼ਤਮ ਨਹੀਂ ਹੋਈ ਹੈ ਕਿ ਚੀਨ ਵਿਚ ਇਕ ਹੋਰ ਵਾਇਰਸ ਮਿਲਿਆ ਹੈ। ਤਾਈਵਾਨ ਸੈਂਟਰ ਫਾਰ ਡਿਜੀਜ਼ ਕੰਟਰੋਲ ਮੁਤਾਬਕ ਚੀਨ ਵਿਚ Zoonotic Langya ਵਾਇਰਸ ਮਿਲਿਆ ਹੈ। ਇਸ ਨਾਲ ਕਰੀਬ 35 ਲੋਕ ਵੀ ਸੰਕਰਮਿਤ ਮਿਲੇ ਹਨ। ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਤਾਈਵਾਨ ਇਸ ਵਾਇਰਸ ਦੀ ਪਛਾਣ ਅਤੇ ਇਨਫੈਕਸ਼ਨ ਨੂੰ ਮਾਨੀਟਰ ਕਰਨ ਲਈ ਨਿਊਕਲਿਕ ਐਸਿਡ ਟੈਸਟਿੰਗ ਵਿਧੀ ਸ਼ੁਰੂ ਕਰੇਗਾ। 

ਲੈਂਗਯਾ ਹੇਨਿਪਾਵਾਇਰਸ ਚੀਨ ਦੇ ਸ਼ੇਡੋਂਗ ਅਤੇ ਹੇਨਾਨ ਸੂਬਿਆਂ ਵਿਚ ਪਾਇਆ ਗਿਆ ਹੈ। ਤਾਇਪੇ ਟਾਈਮਜ਼ ਮੁਤਾਬਕ ਇਹ ਜਾਨਵਰਾਂ ਤੋਂ ਇਨਸਾਨਾਂ ਵਿਚ ਫੈਲ ਸਕਦਾ ਹੈ।ਤਾਈਵਾਨ ਦੇ ਸੀਡੀਸੀ ਦੇ ਡਿਪਟੀ ਡਾਇਰੈਕਟਰ ਜਨਰਲ ਚੁਆਂਗ ਜੇਨ-ਹਿਸਿਯਾਂਗ ਨੇ ਐਤਵਾਰ ਨੂੰ ਦੱਸਿਆ ਕਿ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਵਾਇਰਸ ਵਿਚ ਮਨੁੱਖ ਤੋਂ ਮਨੁੱਖ ਵਿਚ ਟਰਾਂਸਮਿਸ਼ਨ ਨਹੀਂ ਹੈ। ਹਾਲਾਂਕਿ ਉਹਨਾਂ ਨੇ ਕਿਹਾ ਕਿ ਸੀਡੀਸੀ ਹਾਲੇ ਇਹ ਨਹੀਂ ਕਹਿ ਸਕਦਾ ਕਿ ਇਹ ਵਾਇਰਸ ਇਨਸਾਨ ਤੋਂ ਇਨਸਾਨ ਵਿਚ ਨਹੀਂ ਫੈਲ ਸਕਦਾ। ਉਹਨਾਂ ਨੇ ਵਾਇਰਸ ਬਾਰੇ ਹੋਰ ਜਾਣਕਾਰੀ ਆਉਣ ਤੱਕ ਸਾਵਧਾਨੀ ਵਰਤਣ ਲਈ ਕਿਹਾ ਹੈ। 

ਪੜ੍ਹੋ ਇਹ ਅਹਿਮ  ਖ਼ਬਰ- ਦੱਖਣੀ ਕੋਰੀਆ 'ਚ ਕੋਰੋਨਾ ਵਿਸਫੋਟ : 1 ਲੱਖ ਤੋਂ ਵਧੇਰੇ ਨਵੇਂ ਮਾਮਲੇ ਦਰਜ

ਉਹਨਾਂ ਨੇ ਘਰੇਲੂ ਜਾਨਵਰਾਂ 'ਤੇ ਹੋਏ ਅਧਿਐਨ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤੱਕ ਦੀ ਜਾਂਚ ਕੀਤੀ ਗਈ ਬਕਰੀਆਂ ਵਿਚ 2 ਫੀਸਦੀ ਅਤੇ ਕੁੱਤਿਆਂ ਵਿਚ 5 ਫੀਸਦੀ ਕੇਸ ਮਿਲੇ ਹਨ। ਉਹਨਾਂ ਨੇ ਦੱਸਿਆ ਕਿ 25 ਜੰਗਲੀ ਜਾਨਵਰਾਂ ਦੀਆਂ ਪ੍ਰਜਾਤੀਆਂ 'ਤੇ ਹੋਏ ਪ੍ਰੀਖਣ ਦੇ ਨਤੀਜੇ ਦੱਸਦੇ ਹਨ ਕਿ ਛਛੂੰਦਰ (shrew) (ਚੂਹੇ ਵਾਂਗ ਦਿਸਣ ਵਾਲਾ ਇਕ ਛੋਟਾ ਕੀੜੇ ਖਾਣ ਵਾਲਾ ਥਣਧਾਰੀ ਜੀਵ) ਲੈਂਗਯਾ ਹੇਨਿਪਾਵਾਇਰਸ ਫੈਲਣ ਦਾ ਪ੍ਰਮੁੱਖ ਕਾਰਨ ਹੋ ਸਕਦਾ ਹੈ। ਇੰਨਾ ਹੀ ਨਹੀਂ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ਵਿਚ ਵੀਰਵਾਰ ਨੂੰ ਛਪੀ "A zoonotic henipavirus in febrile patients in China" ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਵਿਚ ਨਵੇਂ ਹੇਨਿਪਾਵਾਇਰਸ ਦੀ ਪਛਾਣ ਕੀਤੀ ਗਈ ਹੈ, ਜੋ ਇਨਸਾਨਾਂ ਵਿਚ ਬੁਖਾਰ ਸਬੰਧੀ ਬੀਮਾਰੀ ਦਾ ਕਾਰਨ ਹੈ। 

ਜਾਂਚ ਵਿਚ ਪਤਾ ਚੱਲਿਆ ਹੈ ਕਿ ਚੀਨ ਦੇ ਸ਼ੇਡੋਂਗ ਅਤੇ ਹੇਨਾਨ ਸੂਬਿਆਂ ਵਿਚ Langya henipavirus ਨਾਲ ਸੰਕਰਮਿਤ 35 ਮਰੀਜ਼ ਮਿਲੇ ਹਨ। ਚੁਆਂਗੇ ਨੇ ਕਿਹਾ ਕਿ ਚੀਨ ਵਿਚ 35 ਮਰੀਜ਼ਾਂ ਦਾ ਇਕ-ਦੂਜੇ ਨਾਲ ਕੋਈ ਸੰਪਰਕ ਨਹੀਂ ਮਿਲਿਆ ਹੈ ਨਾ ਹੀ ਇਹਨਾਂ ਮਰੀਜ਼ਾਂ ਦੇ ਪਰਿਵਾਰਾਂ ਅਤੇ ਕਰੀਬੀਆਂ ਵਿਚ ਕੋਈ ਸੰਕਰਮਿਤ ਮਿਲਿਆ ਹੈ। 35 ਵਿਚੋਂ 26 ਮਰੀਜ਼ਾਂ ਵਿਚ ਬੁਖਾਰ, ਥਕਾਵਟ, ਖੰਘ, ਭੁੱਖ ਨਾ ਲੱਗਣਾ, ਮਾਸਪੇਸ਼ੀਆਂ ਵਿਚ ਦਰਦ, ਸਿਰਦਰਦ ਅਤੇ ਉਲਟੀ ਜਿਹੇ ਲੱਛਣ ਮਿਲੇ ਹਨ। ਮਰੀਜ਼ਾਂ ਵਿਚ ਚਿੱਟੇ ਲਹੂ ਸੈੱਲਾਂ ਵਿਚ ਕਮੀ ਦੇਖੀ ਗਈ ਹੈ। ਇੰਨਾ ਹੀ ਨਹੀਂ ਮਰੀਜ਼ਾਂ ਵਿਚ ਘੱਟ ਪਲੇਟਲੇਟ, ਲੀਵਰ ਫੇਲੀਅਰ ਅਤੇ ਕਿਡਨੀ ਫੇਲੀਅਰ ਜਿਹੇ ਲੱਛਣ ਵੀ ਮਿਲੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News