ਲੰਡਨ ਪਹੁੰਚਦਿਆਂ ਹੀ ਨਰਮ ਪਏ ਜੇਲੈਂਸਕੀ, ਕਿਹਾ- ਟਰੰਪ ਦੀ ਹਮਾਇਤ ਬਹੁਤ ਜ਼ਰੂਰੀ
Sunday, Mar 02, 2025 - 08:02 AM (IST)

ਲੰਡਨ (ਇੰਟ.)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੇ ਸੁਰ ਕੁਝ ਬਦਲੇ ਹੋਏ ਜਾਪ ਰਹੇ ਹਨ। ਵ੍ਹਾਈਟ ਹਾਊਸ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗਰਮਾ-ਗਰਮ ਬਹਿਸ ਤੋਂ ਇਕ ਦਿਨ ਬਾਅਦ ਜਦੋਂ ਉਹ ਲੰਡਨ ਪਹੁੰਚੇ ਤਾਂ ਉਨ੍ਹਾਂ ਦਾ ਰਵੱਈਆ ਬਹੁਤ ਨਰਮ ਦਿਖਾਈ ਦਿੱਤਾ। ਉਨ੍ਹਾਂ ਨੇ ਨਾ ਸਿਰਫ ਅਮਰੀਕਾ ਵੱਲੋਂ ਦਿੱਤੀ ਗਈ ਫੌਜੀ ਮਦਦ ਦੀ ਸ਼ਲਾਘਾ ਕੀਤੀ ਸਗੋਂ ਡੋਨਾਲਡ ਟਰੰਪ ਦਾ ਧੰਨਵਾਦ ਵੀ ਕੀਤਾ।
ਯੂਕ੍ਰੇਨੀ ਨੇਤਾ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਸਾਰੇ ਹਮਾਇਤ ਲਈ ਅਮਰੀਕਾ ਦੇ ਬਹੁਤ ਧੰਨਵਾਦੀ ਹਾਂ। ਮੈਂ ਰਾਸ਼ਟਰਪਤੀ ਟਰੰਪ, ਕਾਂਗਰਸ ਅਤੇ ਅਮਰੀਕੀ ਲੋਕਾਂ ਦੀ ਦੋ-ਪੱਖੀ ਹਮਾਇਤ ਲਈ ਧੰਨਵਾਦੀ ਹਾਂ। ਯੂਕ੍ਰੇਨੀਆਂ ਨੇ ਹਮੇਸ਼ਾ ਇਸ ਹਮਾਇਤ ਦੀ ਕਦਰ ਕੀਤੀ ਹੈ, ਖਾਸ ਕਰ ਕੇ ਇਨ੍ਹਾਂ 3 ਸਾਲਾਂ ਦੇ ਪੂਰਨ ਪੈਮਾਨੇ ’ਤੇ ਹਮਲੇ ਦੌਰਾਨ। ਅਮਰੀਕਾ ਦੀ ਹਮਾਇਤ ਸਾਨੂੰ ਜਿਉਂਦੇ ਰਹਿਣ ਵਿਚ ਮਦਦ ਕਰਨ ਵਿਚ ਮੁੱਖ ਰਹੀ ਹੈ ਅਤੇ ਮੈਂ ਇਸ ਨੂੰ ਸਵੀਕਾਰ ਕਰਨਾ ਚਾਹੁੰਦਾ ਹਾਂ।
ਸਾਡੇ ਲਈ ਰਾਸ਼ਟਰਪਤੀ ਟਰੰਪ ਦੀ ਹਮਾਇਤ ਬਹੁਤ ਜ਼ਰੂਰੀ ਹੈ। ਉਹ ਜੰਗ ਖ਼ਤਮ ਕਰਨਾ ਚਾਹੁੰਦੇ ਹਨ ਪਰ ਸਾਡੇ ਨਾਲੋਂ ਵਧ ਕੋਈ ਵੀ ਸ਼ਾਂਤੀ ਨਹੀਂ ਚਾਹੁੰਦਾ। ਅਸੀਂ ਇਸ ਜੰਗ ਨੂੰ ਆਪਣੀ ਧਰਤੀ ’ਤੇ ਝੱਲ ਰਹੇ ਹਾਂ। ਇਹ ਸਾਡੀ ਆਜ਼ਾਦੀ ਅਤੇ ਸਾਡੀ ਹੋਂਦ ਦੀ ਜੰਗ ਹੈ।