ਜ਼ਰੀਫ ਨੇ ਯੁਕਰੇਨ ਜਹਾਜ਼ ਹਾਦਸੇ ਦੇ ਰਾਜਨੀਤੀਕਰਨ ਦੀ ਕੋਸ਼ਿਸ਼ ਦੇ ਖਿਲਾਫ ਦਿੱਤੀ ਚਿਤਾਵਨੀ

Saturday, Jan 18, 2020 - 08:43 PM (IST)

ਜ਼ਰੀਫ ਨੇ ਯੁਕਰੇਨ ਜਹਾਜ਼ ਹਾਦਸੇ ਦੇ ਰਾਜਨੀਤੀਕਰਨ ਦੀ ਕੋਸ਼ਿਸ਼ ਦੇ ਖਿਲਾਫ ਦਿੱਤੀ ਚਿਤਾਵਨੀ

ਤੇਹਰਾਨ (ਸ਼ਿਨਹੁਆ)- ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜ਼ਰੀਫ ਨੇ ਦੇਸ਼ 'ਚ ਹਾਲ ਹੀ ਵਿਚ ਵਾਪਰੀ ਯੁਕਰੇਨ ਯਾਤਰੀ ਜਹਾਜ਼ ਹਾਦਸੇ 'ਤੇ ਰਾਜਨੀਤੀਕਰਣ ਦੀ ਕਿਸੇ ਵੀ ਕੋਸ਼ਿਸ਼ ਖਿਲਾਫ ਸ਼ਨੀਵਾਰ ਨੂੰ ਸਖ਼ਤ ਚਿਤਾਵਨੀ ਦਿੱਤੀ। ਜਰੀਫ ਨੇ ਕਿਹਾ ਕਿ ਇਸ ਤ੍ਰਾਸਦੀ ਦਾ ਰਾਜਨੀਤੀਕਰਣ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ 'ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਈਰਾਨ ਦੇ ਸਰਵ ਉੱਚ ਨੇਤਾ ਅਯਾਤੁੱਲਾ ਅਲੀ ਖਾਮਨੇਈ ਨੇ ਕਿਹਾ ਕਿ ਦੇਸ਼ ਦੇ ਦੁਸ਼ਮਣਾਂ ਨੇ ਯਾਤਰੀ ਜਹਾਜ਼ ਦੁਰਘਟਨਾ ਦੀ ਵਰਤੋਂ ਕਰਕੇ ਸਰਕਾਰ ਵਿਰੋਧੀ ਭਾਵਨਾਵਾਂ ਨੂੰ ਭੜਕਾਉਣ ਅਤੇ ਅਮਰੀਕਾ ਵਲੋਂ ਈਰਾਨ ਦੇ ਸੀਨੀਅਰ ਕਮਾਂਡਰ ਦੇ ਕਤਲ ਦੇ ਮਾਮਲੇ ਨੂੰ ਦਬਾਉਣ ਲਈ ਕੀਤਾ ਹੈ।

ਜ਼ਿਕਰਯੋਗ ਹੈ ਕਿ 8 ਜਨਵਰੀ ਨੂੰ ਈਰਾਨ ਵਿਚ ਤਹਿਰਾਨ ਨੇੜੇ ਯੁਕਰੇਨ ਦਾ ਇਕ ਯਾਤਰੀ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ, ਜਿਸ ਨਾਲ ਇਸ ਵਿਚ ਸਵਾਰ ਸਾਰੇ 176 ਲੋਕਾਂ ਦੀ ਮੌਤ ਹੋ ਗਈ ਸੀ। ਇਹ ਦੁਰਘਟਨਾ ਉਸੇ ਦਿਨ ਹੋਈ ਸੀ, ਜਿਸ ਸਮੇਂ ਈਰਾਨ ਨੇ ਮਿਜ਼ਾਈਲ ਤੋਂ ਇਰਾਕ ਸਥਿਤ ਅਮਰੀਕੀ ਫੌਜੀ ਅੱਡਿਆਂ 'ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਈਰਾਨ ਦੀ ਫੌਜ ਨੇ ਪੁਸ਼ਟੀ ਕੀਤੀ ਸੀ ਕਿ ਯੁਕਰੇਨ ਦੇ ਇਸ ਜਹਾਜ਼ ਨੂੰ ਅਣਜਾਣੇ ਵਿਚ ਮਾਰ ਦਿੱਤਾ ਗਿਆ ਸੀ। ਫੌਜ ਦੀ ਇਸ ਪੁਸ਼ਟੀ ਤੋਂ ਬਾਅਦ ਈਰਾਨ ਵਿਸ਼ਵ ਦੇ ਕਈ ਦੇਸ਼ਾਂ ਦੇ ਨਿਸ਼ਾਨੇ 'ਤੇ ਆ ਗਿਆ।


author

Sunny Mehra

Content Editor

Related News