ਬਸੰਤ ਪੰਚਮੀ ਮੌਕੇ ਮੁਹੰਮਦ ਯੂਨਸ ਨੇ ਸਰਸਵਤੀ ਪੂਜਾ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ
Monday, Feb 03, 2025 - 02:55 PM (IST)
ਢਾਕਾ (ਭਾਸ਼ਾ)- ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਹਿੰਦੂ ਭਾਈਚਾਰੇ ਨੂੰ ਸਰਸਵਤੀ ਪੂਜਾ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਨਾਲ ਹੀ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਹਰ ਧਰਮ ਅਤੇ ਜਾਤੀ ਦੇ ਲੋਕਾਂ ਲਈ ਇੱਕ ਸੁਰੱਖਿਅਤ ਸਥਾਨ ਹੈ। ਬਸੰਤ ਪੰਚਮੀ ਦੇ ਮੌਕੇ ਬੰਗਲਾਦੇਸ਼ ਵਿੱਚ ਹਿੰਦੂਆਂ ਨੇ ਸੋਮਵਾਰ ਨੂੰ ਸਰਸਵਤੀ ਪੂਜਾ ਬਹੁਤ ਉਤਸ਼ਾਹ ਨਾਲ ਮਨਾਈ। ਯੂਨਸ ਨੇ ਐਤਵਾਰ ਨੂੰ ਕਿਹਾ ਕਿ ਬੰਗਲਾਦੇਸ਼ ਵਿਚ ਫਿਰਕੂ ਸਦਭਾਵਨਾ ਦਾ ਨਿਵਾਸ ਹੈ। ਉਨ੍ਹਾਂ ਕਿਹਾ, "ਹਜ਼ਾਰਾਂ ਸਾਲਾਂ ਤੋਂ ਇਸ ਦੇਸ਼ ਵਿੱਚ ਸਾਰੀਆਂ ਜਾਤਾਂ, ਰੰਗਾਂ ਅਤੇ ਧਰਮਾਂ ਦੇ ਲੋਕ ਇਕੱਠੇ ਰਹਿ ਰਹੇ ਹਨ।" ਉਨ੍ਹਾਂ ਕਿਹਾ, "ਇਹ ਦੇਸ਼ ਸਾਡਾ ਸਾਰਿਆਂ ਦਾ ਹੈ ਅਤੇ ਹਰ ਧਰਮ ਅਤੇ ਜਾਤੀ ਦੇ ਲੋਕਾਂ ਲਈ ਇੱਕ ਸੁਰੱਖਿਅਤ ਜਗ੍ਹਾ ਹੈ।''
ਯੂਨਸ ਨੇ ਦੇਸ਼ ਦੇ ਅੰਤਰਿਮ ਨੇਤਾ ਵਜੋਂ ਉਸ ਸਮੇਂ ਅਹੁਦਾ ਸੰਭਾਲਿਆ ਜਦੋਂ ਪਿਛਲੇ ਸਾਲ ਵਿਦਿਆਰਥੀ-ਅਗਵਾਈ ਵਾਲੇ ਵਿਦਰੋਹ ਤੋਂ ਬਾਅਦ 5 ਅਗਸਤ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਭਾਰਤ ਭੱਜਣ ਲਈ ਮਜਬੂਰ ਹੋਣਾ ਪਿਆ ਸੀ। ਇਸ ਦੇ ਨਾਲ ਹੀ ਦੇਸ਼ ਵਿੱਚ ਹਸੀਨਾ ਦੇ 15 ਸਾਲਾਂ ਦੇ ਰਾਜ ਦਾ ਅੰਤ ਹੋ ਗਿਆ। ਯੂਨਸ ਨੇ ਕਿਹਾ ਕਿ ਅੰਤਰਿਮ ਸਰਕਾਰ "ਜਾਤ, ਧਰਮ ਅਤੇ ਨਸਲ ਦੀ ਪਰਵਾਹ ਕੀਤੇ ਬਿਨਾਂ ਸਾਰਿਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਅਤੇ ਉਨ੍ਹਾਂ ਦੇ ਬਰਾਬਰ ਅਧਿਕਾਰਾਂ ਨੂੰ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰ ਰਹੀ ਹੈ"।
ਪੜ੍ਹੋ ਇਹ ਅਹਿਮ ਖ਼ਬਰ-ਉੱਤਰੀ ਕੋਰੀਆ ਨੇ ‘rogue state’ ਕਹਿਣ 'ਤੇ ਅਮਰੀਕਾ ਨੂੰ ਦਿੱਤੀ ਚਿਤਾਵਨੀ
ਉਨ੍ਹਾਂ ਕਿਹਾ ਕਿ ਦੇਵੀ ਸਰਸਵਤੀ ਸੱਚਾਈ, ਨਿਆਂ ਅਤੇ ਗਿਆਨ ਦੀ ਰੌਸ਼ਨੀ ਦਾ ਪ੍ਰਤੀਕ ਹੈ। ਯੂਨੁਸ ਨੇ ਕਿਹਾ, "ਉਹ ਗਿਆਨ, ਬੋਲੀ ਅਤੇ ਮਿਠਾਸ ਦੀ ਸਰਵਸ਼ਕਤੀਮਾਨ ਦੇਵੀ ਹੈ।" ਯੂਨਸ ਨੇ ਹਿੰਦੂ ਭਾਈਚਾਰੇ ਨੂੰ ਉਸ ਸਮੇਂ ਸ਼ੁਭਕਾਮਨਾਵਾਂ ਦਿੱਤੀਆਂ ਜਦੋਂ ਦੇਸ਼ ਦੀ ਅੰਤਰਿਮ ਸਰਕਾਰ 'ਤੇ ਧਾਰਮਿਕ ਅਤੇ ਨਸਲੀ ਘੱਟ ਗਿਣਤੀਆਂ ਨੂੰ ਹਮਲਿਆਂ ਅਤੇ ਅਤਿਆਚਾਰਾਂ ਤੋਂ ਬਚਾਉਣ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਬੰਗਲਾਦੇਸ਼ ਵਿੱਚ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਹਸੀਨਾ ਦੇ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਬੰਗਲਾਦੇਸ਼ ਵਿੱਚ ਮੰਦਰਾਂ 'ਤੇ ਹਮਲੇ ਹੋਏ ਅਤੇ ਭਾਰਤ ਨੇ ਇਨ੍ਹਾਂ ਘਟਨਾਵਾਂ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।