ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਧਾਰਮਿਕ ਪ੍ਰਬੰਧ ਜਾਂ ਰਾਜਨੀਤਿਕ ਅਖਾੜਾ?

Wednesday, Jul 30, 2025 - 04:33 PM (IST)

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਧਾਰਮਿਕ ਪ੍ਰਬੰਧ ਜਾਂ ਰਾਜਨੀਤਿਕ ਅਖਾੜਾ?

ਲੰਡਨ (ਸਰਬਜੀਤ ਸਿੰਘ ਬਨੂੜ)- ਲੰਡਨ ਦਾ ਸਾਊਥਾਲ ਸਿਰਫ਼ ਪ੍ਰਵਾਸੀ ਪੰਜਾਬੀਆਂ ਦਾ ਕੇਂਦਰ ਨਹੀਂ, ਸਗੋਂ ਬ੍ਰਿਟੇਨ ਵਿੱਚ ਸਿੱਖ ਭਾਈਚਾਰੇ ਦੀ ਧਾਰਮਿਕ ਤੇ ਸਮਾਜਿਕ ਰੂਹ ਦਾ ਪ੍ਰਤੀਕ ਹੈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਦੋਵੇਂ ਗੁਰਦੁਆਰਿਆਂ ਦੇ ਪ੍ਰਬੰਧ ਲਈ ਚੱਲ ਰਹੀਆਂ ਚੋਣ ਪ੍ਰਕਿਰਿਆ ਕਾਰਨ ਮੁੜ ਅਖਬਾਰਾਂ ਦੀਆਂ ਸੁਰਖੀਆਂ ਬਣ ਰਿਹਾ ਹੈ। ਸਥਾਨਕ ਗੁਰਦੁਆਰਿਆਂ ਦੀਆਂ ਚੋਣਾਂ ਸਿਰਫ਼ ਧਾਰਮਿਕ ਸੰਸਥਾ ਦੀ ਦਿਸ਼ਾ ਤੈਅ ਨਹੀਂ ਕਰਦੀਆਂ, ਸਗੋਂ ਵਿਸ਼ਵ ਪੱਧਰ ’ਤੇ ਸਿੱਖ ਭਾਈਚਾਰੇ ਦੀ ਅਵਾਜ਼ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ।

ਦੋਵੇਂ ਧਿਰ ਵੋਟਰਾਂ ਨੂੰ ਲੈ ਕੇ ਸਿਆਸੀ ਗਰਮਾਹਟ ਪੂਰੇ ਜੌਰਾ ਨਾਲ ਚੱਲ ਰਹੀ ਹੈ। ਮੌਜੂਦਾ ਕਮੇਟੀ ਅਤੇ ਬਾਜ਼ ਗਰੁੱਪ ਹਿੰਮਤ ਸਿੰਘ ਸੋਹੀ ਅਤੇ ਕੁਲਵੰਤ ਸਿੰਘ ਭਿੰਡਰ ਤੇ ਸ਼ੇਰ ਗਰੁੱਪ ਗੁਰਮੇਲ ਸਿੰਘ ਮੱਲੀ, ਹਰਜੀਤ ਸਿੰਘ ਸਰਪੰਚ ਵੱਡੇ ਪੱਧਰ ’ਤੇ ਸੰਗਤਾਂ ਨੂੰ ਵੋਟ ਬਣਾਉਣ ਲਈ ਜਾਗਰੂਕ ਕਰ ਰਹੇ ਹਨ। ਗੁਰਦੁਆਰਾ ਸਟੇਜ ’ਤੇ ਕਾਬਜ਼ ਹੋਣਾ ਕਿਸੇ ਵੀ ਧਿਰ ਲਈ ਸਿਰਫ਼ ਧਾਰਮਿਕ ਸੇਵਾ ਨਹੀਂ, ਸਗੋਂ ਪ੍ਰਭਾਵਸ਼ਾਲੀ ਪਲੇਟਫਾਰਮ ਹਾਸਲ ਕਰਨਾ ਵੀ ਹੈ। ਇਥੇ ਉਹਨਾਂ ਵੋਟਾਂ ਦੀ ਭੂਮਿਕਾ ਵੀ ਮਹੱਤਵਪੂਰਨ ਬਣ ਜਾਂਦੀ ਹੈ ਜੋ ਉਮਰ ਭਰ ਲਈ ਰਜਿਸਟਰਡ ਹਨ, ਭਾਵੇਂ ਉਹਨਾਂ ਦਾ ਗੁਰਦੁਆਰੇ ਨਾਲ ਧਾਰਮਿਕ ਨਾਤਾ ਘੱਟ ਹੀ ਕਿਉਂ ਨਾ ਹੋਵੇ।

ਪੜ੍ਹੋ ਇਹ ਅਹਿਮ ਖ਼ਬਰ-75 ਦੇਸ਼ਾਂ ਲਈ visa free ਹੋਇਆ China

ਇਹ ਗੁਰਦੁਆਰਾ ਸਿਰਫ਼ ਧਾਰਮਿਕ ਕੇਂਦਰ ਹੀ ਨਹੀਂ, ਸਗੋਂ ਪੰਜਾਬੀ ਡਾਇਸਪੋਰਾ ਦੀ ਰਾਜਨੀਤਿਕ ਧੜਕਣ ਵੀ ਹੈ। ਇਸ ਲਈ ਭਾਰਤੀ ਵਿਦੇਸ਼ ਮੰਤਰਾਲਾ ਵੀ ਇਨ੍ਹਾਂ ਚੋਣਾਂ ’ਤੇ ਅਸਿੱਧੀ ਨਜ਼ਰ ਰੱਖਦਾ ਹੈ। ਭਾਰਤੀ ਮੂਲ ਦੇ ਐਮਪੀ, ਕੌਂਸਲਰ ਤੇ ਸ਼ਫਾਰਤੇਖਾਨਿਆਂ ਨਾਲ ਜੁੜੇ ਹਮ-ਖਿਆਲੀ ਲੋਕ ਅਕਸਰ ਵੱਖ-ਵੱਖ ਤਰੀਕਿਆਂ ਨਾਲ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਮੰਚ ’ਤੇ ਉਹ ਧਿਰ ਆਵੇ ਜੋ ਉਨ੍ਹਾਂ ਦੇ ਹਿੱਤਾਂ ਨਾਲ ਮੇਲ ਖਾਂਦੀ ਹੋਵੇ। ਸਾਊਥਾਲ ਗੁਰਦੁਆਰਾ ਦੀਆਂ ਚੋਣਾਂ ਪੰਜਾਬ ਦੀਆਂ ਚੋਣਾਂ ਤੋਂ ਘੱਟ ਨਹੀਂ ਲੱਗਦੀਆਂ। ਸੰਗਤਾਂ ਤੱਕ ਪਹੁੰਚ ਕਰਨ ਲਈ ਖਾਣ-ਪੀਣ ਦੇ ਪ੍ਰਬੰਧ, ਪਿੰਡ-ਵਾਲੇ ਮਾਹੌਲ ਦੀ ਯਾਦ ਦਿਵਾਉਂਦੇ ਹਨ। ਚੋਣਾਂ ਦਾ ਸਿਆਸੀ ਅਖਾੜਾ, ਮੁਰਗ ਮਸਾਲਾ ਤੇ ਦਾਰੂ ਦੀਆਂ ਮਹਿਫ਼ਲਾਂ ਆਮ ਹੁੰਦੀਆਂ ਹਨ ਜੋ ਕਿਸੇ ਤੋਂ ਲੁਕਿਆ ਨਹੀਂ । ਪੰਜਾਬ ਦੇ ਵੱਡੇ ਪੁਲਸ ਅਧਿਕਾਰੀ ਇਨ੍ਹਾਂ ਚੌਣਾ ਵਿੱਚ ਵੱਡੀ ਦਿਲਚਸਪੀ ਦਿਖਾ ਆਪਣੇ ਹਮਦਰਦੀਆਂ ਦੇ ਹੱਕ ਵਿੱਚ ਭੁਗਤਦੇ ਰਹੇ ਹਨ। 

ਹਾਲ ਹੀ ਵਿੱਚ ਦੋਵੇਂ ਧਿਰਾਂ ਦੇ ਮੈਂਬਰ ਇੱਕ-ਦੂਜੇ ਉੱਤੇ ਤਰਾਸਬਾਜ਼ੀ ਦੇ ਦੋਸ਼ ਲਗਾ ਰਹੇ ਹਨ ਅਤੇ ਕੁਝ ਪੁਰਾਣੇ ਮੈਂਬਰ ਧਿਰ ਬਦਲ ਕੇ ਮੁੜ ਕਾਬਜ਼ ਹੋਣ ਲਈ ਯੋਜਨਾਵਾਂ ਬਣਾਉਂਦੇ ਨਜ਼ਰ ਆ ਰਹੇ ਹਨ। ਕੁਝ ਆਜ਼ਾਦ ਆਗੂ ਵੀ ਚਾਹੁੰਦੇ ਹਨ ਕਿ ਇਹ ਗੁਰਦੁਆਰੇ ਦੇ ਪ੍ਰਬੰਧ ਤੋਂ ਬਾਹਰਲੇ ਦਬਾਅ ਤੋਂ ਮੁਕਤ ਹੋਣ ਅਤੇ ਖ਼ਾਲਸਾਈ ਮਰਯਾਦਾ ਅਨੁਸਾਰ ਚੱਲਣ। ਇਨ੍ਹਾਂ ਚੋਣਾਂ ਵਿੱਚ ਵੱਡੇ ਰਾਜਨੀਤਿਕ ਹਿੱਤਾਂ ਦੀ ਭੂਮਿਕਾ ਨੇ ਇੱਕ ਵਾਰ ਫਿਰ ਸਵਾਲ ਖੜ੍ਹਾ ਕੀਤਾ ਹੈ ਕੀ ਸਾਡੇ ਗੁਰਦੁਆਰੇ ਧਾਰਮਿਕ ਤੇ ਸਮਾਜਿਕ ਸੇਵਾ ਦੇ ਕੇਂਦਰ ਹਨ ਜਾਂ ਰਾਜਨੀਤਿਕ ਕਾਬੂ ਦਾ ਸਾਧਨ ਬਣ ਰਹੇ ਹਨ? ਜਾਂ ਨਿੱਜੀ ਹਿੱਤਾ ਨੂੰ ਮੁੱਖ ਰੱਖਦੇ ਹੋਏ ਇਕ ਦੂਜੇ ਲਈ ਵੋਟਾਂ ਬਣਾਉਣ ਲਈ ਕਾਹਲੇ ਹਨ। ਜਿੱਥੇ ਸਿੱਖ ਭਾਈਚਾਰੇ ਦੀਆਂ ਮੁੱਖ ਮੁੱਦਿਆਂ ’ਤੇ ਗੱਲਬਾਤ ਹੋਣੀ ਚਾਹੀਦੀ ਹੈ, ਉੱਥੇ ਬਾਹਰਲੀ ਦਖ਼ਲਅੰਦਾਜ਼ੀ ਅਤੇ ਅੰਦਰਲੀ ਧਿਰਬੰਦੀ ਭਾਰੀ ਪੈ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਚੋਣ ਨਤੀਜੇ ਇਹ ਤੈਅ ਕਰਨਗੇ ਕਿ ਇਸ ਵੱਡੇ ਪ੍ਰਬੰਧ ਦੀ ਸੇਵਾ ਕਿਸ ਦੇ ਹੱਥ ਆਵੇਗਾ, ਪਰ ਇਹ ਵੀ ਤੈਅ ਹੋਵੇਗਾ ਕਿ ਸਿੱਖ ਸੰਸਥਾਵਾਂ ਦੀ ਦਿਸ਼ਾ ਖ਼ਾਲਸਾਈ ਮਰਯਾਦਾ ਵੱਲ ਜਾਂ ਬਾਹਰੀ ਪ੍ਰਭਾਵਾਂ ਵੱਲ ਕਿੱਥੇ ਮੁੜੇਗੀ ਜਾਂ ਭਾਰਤੀ ਸਫ਼ਾਰਤਖ਼ਾਨੇ ਦੀ ਅਸਿੱਧੇ ਰੂਪ ਵਿੱਚ ਭੂਮਿਕਾ ਕਾਰਗਰ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News