ਯੂਨਸ ਨੇ 4 ਹੋਰ ਸਲਾਹਕਾਰਾਂ ਨੂੰ ਸ਼ਾਮਲ ਕਰਕੇ ਬੰਗਲਾਦੇਸ਼ ''ਚ ਅੰਤਰਿਮ ਸਰਕਾਰ ਦਾ ਕੀਤਾ ਵਿਸਥਾਰ
Saturday, Aug 17, 2024 - 01:09 AM (IST)
ਢਾਕਾ (ਭਾਸ਼ਾ) : ਬੰਗਲਾਦੇਸ਼ ਵਿਚ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਦਾ ਸ਼ੁੱਕਰਵਾਰ ਨੂੰ ਵਿਸਥਾਰ ਕੀਤਾ ਗਿਆ ਅਤੇ ਉਸ ਦੀ ਟੀਮ ਵਿਚ 4 ਹੋਰ ਸਲਾਹਕਾਰ ਸ਼ਾਮਲ ਕੀਤੇ ਗਏ। ਨਵੇਂ ਸਲਾਹਕਾਰਾਂ ਵਿਚ ਅਰਥਸ਼ਾਸਤਰੀ ਵਹੀਦੁਦੀਨ ਮਹਿਮੂਦ, ਸਾਬਕਾ ਕੈਬਨਿਟ ਸਕੱਤਰ ਅਲੀ ਇਮਾਮ ਮਜੂਮਦਾਰ, ਸਾਬਕਾ ਊਰਜਾ ਸਕੱਤਰ ਮੁਹੰਮਦ ਫੌਜੁਲ ਕਬੀਰ ਖਾਨ ਅਤੇ ਲੈਫਟੀਨੈਂਟ ਜਨਰਲ ਜਹਾਂਗੀਰ ਆਲਮ ਚੌਧਰੀ ਸ਼ਾਮਲ ਹਨ। ਇਨ੍ਹਾਂ ਚਾਰ ਮੈਂਬਰਾਂ ਦੇ ਸ਼ਾਮਲ ਹੋਣ ਨਾਲ ਅੰਤਰਿਮ ਸਰਕਾਰ ਦੀ ਸਲਾਹਕਾਰ ਕੌਂਸਲ ਵਿਚ ਮੈਂਬਰਾਂ ਦੀ ਗਿਣਤੀ 21 ਹੋ ਗਈ ਹੈ।
ਯੂਨਸ ਅਤੇ 13 ਹੋਰ ਸਲਾਹਕਾਰਾਂ ਨੇ 8 ਅਗਸਤ ਨੂੰ ਸਹੁੰ ਚੁੱਕੀ ਸੀ। ਦੋ ਸਲਾਹਕਾਰਾਂ ਨੂੰ 11 ਅਗਸਤ ਨੂੰ ਅਤੇ ਇਕ ਨੂੰ ਇਕ ਦਿਨ ਬਾਅਦ ਸਹੁੰ ਚੁਕਾਈ ਗਈ ਸੀ। ਸ਼ੇਖ ਹਸੀਨਾ (76) ਨੂੰ ਸਰਕਾਰੀ ਨੌਕਰੀਆਂ ਵਿਚ ਰਾਖਵੇਂਕਰਨ ਦੇ ਖਿਲਾਫ ਵਿਦਿਆਰਥੀਆਂ ਦੇ ਵਿਆਪਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਅਸਤੀਫਾ ਦੇਣਾ ਪਿਆ ਸੀ ਅਤੇ ਉਹ 5 ਅਗਸਤ ਨੂੰ ਦੇਸ਼ ਛੱਡ ਕੇ ਭਾਰਤ ਚਲੀ ਗਈ ਸੀ। ਰਾਸ਼ਟਰਪਤੀ ਭਵਨ ਦੇ ਬੁਲਾਰੇ ਨੇ ਪੀਟੀਆਈ ਨੂੰ ਦੱਸਿਆ ਕਿ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਸਰਕਾਰੀ ਹੈੱਡਕੁਆਰਟਰ ਬੰਗਭਵਨ ਵਿਖੇ ਚਾਰ ਨਵੇਂ ਸਲਾਹਕਾਰਾਂ ਨੂੰ ਸਹੁੰ ਚੁਕਾਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਲਾਹਕਾਰ ਕੌਂਸਲ ਅਤੇ ਸਬੰਧਤ ਅਧਿਕਾਰੀਆਂ ਦੀ ਹਾਜ਼ਰੀ ਵਿਚ ਇਕ ਸਾਦੇ ਸਮਾਗਮ ਵਿਚ ਸਹੁੰ ਚੁਕਾਈ ਗਈ। ਉਨ੍ਹਾਂ ਕਿਹਾ ਕਿ ਉਮੀਦ ਕੀਤੀ ਜਾ ਰਹੀ ਹੈ ਕਿ ਯੂਨਸ ਬਾਅਦ ਵਿਚ ਆਪਣੇ ਵਿਭਾਗਾਂ ਦੀ ਵੰਡ ਕਰਨਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8