ਜਰਮਨੀ ’ਚ ਮਹਿੰਗਾਈ ਖ਼ਿਲਾਫ਼ ਨੌਜਵਾਨਾਂ ਦਾ ਪ੍ਰਦਰਸ਼ਨ ਹਿੰਸਕ, ਫ੍ਰੈਂਕਫਰਟ ’ਚ ਦੁਕਾਨਾਂ ਦੇ ਸ਼ੀਸ਼ੇ ਤੋੜੇ

Sunday, Nov 01, 2026 - 07:39 PM (IST)

ਜਰਮਨੀ ’ਚ ਮਹਿੰਗਾਈ ਖ਼ਿਲਾਫ਼ ਨੌਜਵਾਨਾਂ ਦਾ ਪ੍ਰਦਰਸ਼ਨ ਹਿੰਸਕ, ਫ੍ਰੈਂਕਫਰਟ ’ਚ ਦੁਕਾਨਾਂ ਦੇ ਸ਼ੀਸ਼ੇ ਤੋੜੇ

ਨਵੀਂ ਦਿੱਲੀ, (ਇੰਟ.)-ਮਹਿੰਗਾਈ, ਸਿੱਖਿਆ ਅਤੇ ਸਿਹਤ ਸੇਵਾਵਾਂ ਵਿਚ ਕਟੌਤੀ ਅਤੇ ਲਾਜ਼ਮੀ ਫੌਜੀ ਸੇਵਾ ਦੇ ਵਿਰੋਧ ’ਚ ਯੂਰਪ ਦੀ ਨਵੀਂ ਪੀੜ੍ਹੀ ਦਾ ਗੁੱਸਾ ਸੜਕਾਂ ’ਤੇ ਦਿਖਾਈ ਦੇਣ ਲੱਗਾ ਹੈ। ਫਰਾਂਸ ਤੋਂ ਬਾਅਦ ਹੁਣ ਜਰਮਨੀ ’ਚ ਵੀ ਨੌਜਵਾਨਾਂ ਦੇ ਪ੍ਰਦਰਸ਼ਨ ਨੇ ਹਿੰਸਕ ਰੂਪ ਲੈ ਲਿਆ। ਬੀਤੇ ਸ਼ਨੀਵਾਰ ਨੂੰ ਹਜ਼ਾਰਾਂ ਨੌਜਵਾਨਾਂ ਨੇ ਵੱਖ-ਵੱਖ ਸ਼ਹਿਰਾਂ ’ਚ ਰੈਲੀਆਂ ਕੱਢੀਆਂ ਪਰ ਦੇਰ ਰਾਤ ਫ੍ਰੈਂਕਫਰਟ ਸਮੇਤ ਕਈ ਸ਼ਹਿਰਾਂ ’ਚ ਹਿੰਸਾ, ਭੰਨ-ਤੋੜ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਹੋਈਆਂ। ਪ੍ਰਦਰਸ਼ਨਕਾਰੀਆਂ ਨੇ ਦੁਕਾਨਾਂ ਦੇ ਸ਼ੀਸ਼ੇ ਤੋੜੇ ਅਤੇ ਪੁਲਸ ਤੇ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀਆਂ ’ਤੇ ਪਟਾਕੇ, ਪੱਥਰ ਅਤੇ ਬੋਤਲਾਂ ਸੁੱਟੀਆਂ। ਹਾਲਾਤ ਸੰਭਾਲਣ ਲਈ ਪੁਲਸ ਨੂੰ ਵਾਟਰ ਕੈਨਨ ਦੀ ਵਰਤੋਂ ਕਰਨੀ ਪਈ।

ਫ੍ਰੈਂਕਫਰਟ ’ਚ ਦੁਕਾਨਾਂ ਵਿਚ ਲੁੱਟ-ਖੋਹ, ਹਥਿਆਰਾਂ ਦੀ ਦੁਕਾਨ ਵੀ ਨਿਸ਼ਾਨੇ ’ਤੇ
ਜਰਮਨੀ ਦੇ ਵਿੱਤੀ ਕੇਂਦਰ ਫ੍ਰੈਂਕਫਰਟ ਵਿਚ ਪ੍ਰਦਰਸ਼ਨ ਤੋਂ ਬਾਅਦ ਹਿੰਸਾ ਸਭ ਤੋਂ ਵੱਧ ਭੜਕੀ। ਪੁਲਸ ਮੁਤਾਬਕ, ਸ਼ਹਿਰ ਦੀ ਮੁੱਖ ਖਰੀਦਦਾਰੀ ਸੜਕ ਦਾ ਵੱਡਾ ਹਿੱਸਾ ਬੰਦ ਕਰਨਾ ਪਿਆ ਅਤੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਈ ਦੁਕਾਨਾਂ ਦੇ ਸ਼ੀਸ਼ੇ ਤੋੜ ਕੇ ਸ਼ੂਜ਼ ਅਤੇ ਹੋਰ ਸਾਮਾਨ ਲੁੱਟ ਲਿਆ। ਹਥਿਆਰਾਂ ਦੀ ਇਕ ਦੁਕਾਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਪੁਲਸ ਨੇ ਇਕ ਸ਼ੱਕੀ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 2 ਹਥਿਆਰ ਬਰਾਮਦ ਕੀਤੇ। ਹੇਸੇ ਸੂਬੇ ਦੇ ਗ੍ਰਹਿ ਮੰਤਰੀ ਰੋਮਨ ਪੋਸੇਕ ਨੇ ਦੋਸ਼ ਲਾਇਆ ਕਿ ਕਰੀਬ 100 ਖੱਬੇ-ਪੱਖੀ ਕੱਟੜਪੰਥੀਆਂ ਨੇ ਸ਼ਾਂਤੀਪੂਰਨ ਪ੍ਰਦਰਸ਼ਨ ਵਿਚ ਘੁਸ ਕੇ ਹਿੰਸਾ ਭੜਕਾਈ।

ਸਕੂਲ, ਸਿਹਤ ਅਤੇ ਰੋਜ਼ਗਾਰ ਦੇ ਮੁੱਦੇ ’ਤੇ ਅੰਦੋਲਨ
‘ਜੈਨ-ਜ਼ੈੱਡ ਰੇਗੇਲਟ’ (ਜੈਨ-ਜ਼ੈਡ ਹੁਣ ਜ਼ਿੰਮੇਵਾਰੀ ਸੰਭਾਲੇਗੀ) ਮੁਹਿੰਮ ਤਹਿਤ ਆਯੋਜਿਤ ਪ੍ਰਦਰਸ਼ਨਾਂ ਵਿਚ ਨੌਜਵਾਨਾਂ ਨੇ ਸਿੱਖਿਆ ਅਤੇ ਸਿਹਤ ਸੇਵਾਵਾਂ ਲਈ ਵੱਧ ਬਜਟ, ਮਹਿੰਗਾਈ ਤੋਂ ਰਾਹਤ, ਜਨਤਕ ਸੇਵਾਵਾਂ ਵਿਚ ਕਟੌਤੀ ਰੋਕਣ ਅਤੇ ਲਾਜ਼ਮੀ ਫੌਜੀ ਸੇਵਾ ਸਮਾਪਤ ਕਰਨ ਦੀ ਮੰਗ ਉਠਾਈ। ਮੁਹਿੰਮ ਦੀ ਬੁਲਾਰਨ ਲੀਨਾ ਫ੍ਰੈਡਰਿਕ ਨੇ ਕਿਹਾ ਕਿ ਨੌਜਵਾਨ ਜੰਗ ਅਤੇ ਜ਼ਬਰਦਸਤੀ ਦੀ ਬਜਾਏ ਸ਼ਾਂਤੀ ਅਤੇ ਆਜ਼ਾਦੀ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਸਿੱਖਿਆ ਅਤੇ ਸਿਹਤ ਪ੍ਰਣਾਲੀ ਨੂੰ ਬਿਹਤਰ ਸਮਰਥਨ ਮਿਲਣਾ ਚਾਹੀਦਾ ਹੈ ਅਤੇ ਸਮਾਜ ’ਤੇ ਆਰਥਿਕ ਬੋਝ ਦੀ ਵੰਡ ਨਿਆਂਪੂਰਨ ਹੋਣੀ ਚਾਹੀਦੀ ਹੈ।

ਬਰਲਿਨ, ਹੈਮਬਰਗ ਅਤੇ ਕੋਲੋਨ ’ਚ ਵੀ ਝੜਪਾਂ
ਫ੍ਰੈਂਕਫਰਟ ਤੋਂ ਇਲਾਵਾ ਬਰਲਿਨ, ਹੈਮਬਰਗ ਅਤੇ ਕੋਲੋਨ ਵਿਚ ਵੀ ਹਿੰਸਾ ਹੋਈ। ਬਰਲਿਨ ਵਿਚ 27 ਪੁਲਸ ਕਰਮਚਾਰੀ ਜ਼ਖਮੀ ਹੋਏ ਅਤੇ 56 ਲੋਕਾਂ ਨੂੰ ਅਸਥਾਈ ਤੌਰ ’ਤੇ ਹਿਰਾਸਤ ’ਚ ਲਿਆ ਗਿਆ। ਹੈਮਬਰਗ ਵਿਚ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡਜ਼ ਨੂੰ ਅੱਗ ਲਾਈ ਅਤੇ 120 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕੋਲੋਨ ਵਿਚ ਪੁਲਸ ਕਰਮਚਾਰੀਆਂ ’ਤੇ ਬੋਤਲਾਂ ਸੁੱਟੀਆਂ ਗਈਆਂ। ਜਰਮਨੀ ਵਿਚ ਪ੍ਰਦਰਸ਼ਨ ਦੇ ਨਾਲ ਹੀ ਫਰਾਂਸ ਵਿਚ ਲਗਾਤਾਰ ਤੀਜੇ ਹਫਤੇ 3.20 ਲੱਖ ਤੋਂ ਵੱਧ ਲੋਕਾਂ ਨੇ ਮਹਿੰਗਾਈ ਅਤੇ ਖਰਾਬ ਜਨਤਕ ਸੇਵਾਵਾਂ ਖਿਲਾਫ ਪ੍ਰਦਰਸ਼ਨ ਕੀਤਾ।


author

Shubam Kumar

Content Editor

Related News