ਨੌਜਵਾਨਾਂ ਤੇ ਸਿਹਤਮੰਦਾਂ ਨੂੰ 2022 ਤੋਂ ਪਹਿਲਾਂ ਨਹੀਂ ਮਿਲੇਗੀ ਕੋਰੋਨਾ ਵੈਕਸੀਨ

Thursday, Oct 15, 2020 - 11:51 PM (IST)

ਨੌਜਵਾਨਾਂ ਤੇ ਸਿਹਤਮੰਦਾਂ ਨੂੰ 2022 ਤੋਂ ਪਹਿਲਾਂ ਨਹੀਂ ਮਿਲੇਗੀ ਕੋਰੋਨਾ ਵੈਕਸੀਨ

ਵਾਸ਼ਿੰਗਟਨ - ਇਕ ਪਾਸੇ ਜਿਥੇ ਪੂਰੀ ਦੁਨੀਆ ਇਸ ਸਾਲ ਦੇ ਆਖਿਰ ਜਾਂ ਅਗਲੇ ਸਾਲ ਦੀ ਸ਼ੁਰੂਆਤ ਤੱਕ ਕੋਰੋਨਾ ਵੈਕਸੀਨ ਦੇ ਆਉਣ ਦੀਆਂ ਉਮੀਦਾਂ ਲਾ ਰਹੀਆਂ ਹੈ, ਉਥੇ ਹੀ ਸਿਹਤਮੰਦ ਲੋਕਾਂ ਨੂੰ ਵੈਕਸੀਨ ਲਈ 2022 ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਸਭ ਤੋਂ ਪਹਿਲਾਂ ਵੈਕਸੀਨ ਹੈਲਥ ਵਰਕਰਸ ਨੂੰ ਅਤੇ ਅਜਿਹੇ ਲੋਕਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਇਨਫੈਕਸ਼ਨ ਦਾ ਖਤਰਾ ਜ਼ਿਆਦਾ ਹੋਵੇਗਾ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਇਸ ਬਾਰੇ ਵਿਚ ਜਾਣਕਾਰੀ ਦਿੱਤੀ ਹੈ ਕਿ ਵੈਕਸੀਨ ਲਈ ਕਿਸ ਨੂੰ ਤਰਜ਼ੀਹ ਦਿੱਤੀ ਜਾਵੇਗੀ। ਆਨਲਾਈਨ ਆਯੋਜਿਤ ਇਕ ਸਵਾਲ-ਜਵਾਬ ਪ੍ਰੋਗਰਾਮ ਵਿਚ ਡਬਲਯੂ. ਐੱਚ. ਓ. ਦੀ ਚੀਫ ਸਾਇੰਸਦਾਨ ਸੋਮਿਆ ਸਵਾਮਿਨਾਥਨ ਨੇ ਆਖਿਆ ਹੈ ਕਿ ਸਾਲ 2021 ਦੇ ਆਖਿਰ ਤੱਕ ਇਕ ਅਸਰਦਾਰ ਵੈਕਸੀਨ ਜ਼ਰੂਰ ਆ ਜਾਵੇਗੀ ਪਰ ਇਸ ਦੀ ਗਿਣਤੀ ਸੀਮਤ ਹੋਵੇਗੀ।

ਤਾਂ ਲੰਬਾ ਹੋਵੇਗਾ ਇੰਤਜ਼ਾਰ
ਸਵਾਮਿਨਾਥਨ ਨੇ ਤਰਜ਼ੀਹ ਦੇ ਬਾਰੇ ਵਿਚ ਦੱਸਿਆ ਕਿ ਜ਼ਿਆਦਾਤਰ ਲੋਕ ਇਸ ਗੱਲ ਤੋਂ ਸਹਿਮਤ ਹੋਣਗੇ ਕਿ ਸਭ ਤੋਂ ਪਹਿਲਾਂ ਹੈਲਥ ਕੇਅਰ, ਫਰੰਟਲਾਈਨ ਵਰਕਰਸ ਤੋਂ ਸ਼ੁਰੂਆਤ ਕੀਤੀ ਜਾਵੇਗੀ ਪਰ ਉਥੇ ਵੀ ਦੇਖਿਆ ਜਾਵੇਗਾ ਕਿ ਕਿਸੇ ਨੂੰ ਕਿੰਨਾ ਖਤਰਾ ਹੈ। ਉਨ੍ਹਾਂ ਤੋਂ ਬਾਅਦ ਬਜ਼ੁਰਗਾਂ ਨੂੰ ਅਤੇ ਫਿਰ ਇਸ ਤਰ੍ਹਾਂ ਨਾਲ ਹੋਰ ਅੱਗੇ। ਉਨ੍ਹਾਂ ਆਖਿਆ ਕਿ ਕਾਫੀ ਸਾਰੇ ਨਿਰਦੇਸ਼ ਆਉਣਗੇ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਔਸਤ ਇਨਸਾਨ, ਸਿਹਤਮੰਦ ਇਨਸਾਨ ਨੂੰ 2022 ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ।

ਪਹਿਲਾਂ ਕਿਸ ਨੂੰ ਮਿਲੇਗੀ
ਸਵਾਮਿਨਾਥਨ ਨੇ ਆਖਿਆ ਕਿ ਕਿਸੇ ਨੇ ਇੰਨੀ ਮਾਤਰਾ ਵਿਚ ਇਹ ਵੈਕਸੀਨ ਨਹੀਂ ਬਣਾਈ ਹੈ, ਜਿੰਨੀ ਜ਼ਰੂਰਤ ਪੈਣ ਵਾਲੀ ਹੈ। ਇਸ ਲਈ 2021 ਵਿਚ ਵੈਕਸੀਨ ਤਾਂ ਹੋਵੇਗੀ ਪਰ ਸੀਮਤ ਮਾਤਰਾ ਵਿਚ। ਇਸ ਲਈ ਇਕ ਫ੍ਰੇਮਵਰਕ ਤਿਆਰ ਕੀਤਾ ਗਿਆ ਹੈ ਜਿਸ ਤੋਂ ਇਹ ਤੈਅ ਹੋ ਸਕੇ ਕਿ ਦੇਸ਼ ਇਸ ਗੱਲ ਦਾ ਫੈਸਲਾ ਕਿਵੇਂ ਕਰਨਗੇ ਕਿ ਪਹਿਲਾਂ ਕਿਸ ਨੂੰ ਵੈਕਸੀਨ ਦੇਣੀ ਹੈ। ਲੋਕਾਂ ਨੂੰ ਲੱਗਦਾ ਹੈ ਕਿ ਪਹਿਲੀ ਜਨਵਰੀ ਜਾਂ ਪਹਿਲੀ ਅਪ੍ਰੈਲ ਤੋਂ ਸਾਨੂੰ ਵੈਕਸੀਨ ਮਿਲ ਜਾਵੇਗੀ ਅਤੇ ਉਸ ਤੋਂ ਬਾਅਦ ਸਭ ਕੁਝ ਆਮ ਹੋ ਜਾਵੇਗਾ। ਅਜਿਹਾ ਹੋਣ ਵਾਲਾ ਨਹੀਂ ਹੈ।

ਆਕਸਫੋਰਡ ਦੀ ਵੈਕਸੀਨ
ਇਸ ਤੋਂ ਪਹਿਲਾਂ ਬ੍ਰਿਟੇਨ ਦੀ ਕੋਰੋਨਾ ਵੈਕਸੀਨ ਟਾਸਕ ਫੋਰਸ ਦੀ ਚੀਫ ਕੇਟ ਬਿੰਘਮ ਨੇ ਆਖਿਆ ਸੀ ਕਿ ਆਕਸਫੋਰਡ ਐਸਟ੍ਰਾਜ਼ੈਨੇਕਾ ਦੀ ਵੈਕਸੀਨ ਇਸ ਸਾਲ ਦੇ ਆਖਿਰ ਤੱਕ ਆ ਸਕਦੀ ਹੈ ਪਰ ਇਸ ਦੀ ਜ਼ਿਆਦਾ ਸੰਭਾਵਨਾ ਹੈ ਕਿ ਵੈਕਸੀਨ ਅਗਲੇ ਸਾਲ ਦੀ ਸ਼ੁਰੂਆਤ ਵਿਚ ਆਵੇਗੀ। ਇਸ ਤੋਂ ਪਹਿਲਾਂ ਇਸ ਗੱਲ ਦੀ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਸਾਲ ਦੇ ਆਖਿਰ ਤੱਕ ਇਸ ਵੈਕਸੀਨ ਨੂੰ ਐਮਰਜੰਸੀ ਦੀ ਹਾਲਤ ਵਿਚ ਇਸਤੇਮਾਲ ਕਰਨ ਦੀ ਇਜਾਜ਼ਤ ਮਿਲ ਸਕੇਗੀ। ਬ੍ਰਿਟੇਨ ਦੀ ਵੈਕਸੀਨ ਨੂੰ ਇਸ ਦੌੜ ਵਿਚ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਸੀ ਪਰ ਵਿਚਾਲੇ ਇਸ ਦੇ ਟ੍ਰਾਇਲ ਰੋਕਣੇ ਪਏ ਸਨ।

ਵੈਕਸੀਨ ਦੀ ਰਾਹ ਸੌਖੀ ਨਹੀਂ
ਇਕ ਵਾਲੰਟੀਅਰ ਦੇ ਬੀਮਾਰ ਪੈਣ ਤੋਂ ਬਾਅਦ ਦੁਨੀਆ ਭਰ ਵਿਚ ਕਰੀਬ 30 ਹਜ਼ਾਰ ਲੋਕਾਂ 'ਤੇ ਕੀਤੇ ਜਾ ਰਹੇ ਆਕਸਫੋਰਡ ਦੀ ਵੈਕਸੀਨ ਦੇ ਟ੍ਰਾਇਲ ਰੋਕ ਦਿੱਤੇ ਗਏ ਸਨ। ਹਾਲਾਂਕਿ, ਬਾਅਦ ਵਿਚ ਇਹ ਵਾਪਸ ਸ਼ੁਰੂ ਹੋ ਗਏ। ਇਸ ਤੋਂ ਬਾਅਦ ਜਾਨਸਨ ਐਂਡ ਜਾਨਸਨ ਦੀ ਵੈਕਸੀਨ ਦੇ ਟ੍ਰਾਇਲ ਵੀ ਰੋਕ ਦਿੱਤੇ ਗਏ ਸਨ। ਕੰਪਨੀ ਦਾ ਦਾਅਵਾ ਹੈ ਕਿ ਵੈਕਸੀਨ ਦੇ ਟ੍ਰਾਇਲ ਜੇਕਰ ਸਫਲ ਪਾਏ ਗਏ ਤਾਂ ਇਸ ਵੈਕਸੀਨ ਦੀ ਸਿਰਫ ਇਕ ਖੁਰਾਕ ਹੀ ਵਾਇਰਸ ਖਿਲਾਫ ਸੁਰੱਖਿਆ ਦੇ ਸਕੇਗੀ। ਕੰਪਨੀ ਦਾ ਪਲਾਨ 60 ਹਜ਼ਾਰ ਲੋਕਾਂ 'ਤੇ ਟ੍ਰਾਇਲ ਕਰਨ ਦਾ ਹੈ ਜੇਕਰ ਇਹ ਦੁਬਾਰਾ ਹੁੰਦਾ ਹੈ ਤਾਂ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਟ੍ਰਾਇਲ ਹੋਵੇਗਾ। ਉਥੇ, ਐਂਟੀਬਾਡੀ ਦਵਾਈ ਬਣਾ ਰਹੀ ਕੰਪਨੀ ਐਲੀ ਲੀਲੀ ਦੇ ਟ੍ਰਾਇਲ ਰੋਕੇ ਗਏ ਹਨ।


author

Khushdeep Jassi

Content Editor

Related News