ਕਰਾਚੀ ’ਚ ਜਿਰਗੇ ਦੇ ਹੁਕਮ ’ਤੇ ਨੌਜਵਾਨ ਜੋੜੇ ਦਾ ਕਤਲ
Saturday, Feb 23, 2019 - 08:25 PM (IST)
ਕਰਾਚੀ (ਇੰਟ.)-ਕਰਾਚੀ ’ਚ ਬੀਤੇ ਦਿਨੀਂ ਜਿਰਗੇ ਦੇ ਹੁਕਮ ’ਤੇ ਨੌਜਵਾਨ ਲੜਕੇ-ਲੜਕੀ ਦੀ ਹੱਤਿਆ ਕਰ ਦਿੱਤੀ ਗਈ, ਜਿਨ੍ਹਾਂ ਦੀਆਂ ਲਾਸ਼ਾਂ 3 ਦਿਨ ਪਹਿਲਾਂ ਡੈਮ ਦੇ ਨੇੜਿਓਂ ਮਿਲੀਆਂ ਜਿਨ੍ਹਾਂ ਉਪਰ ਤਸ਼ੱਦਦ ਕੀਤੇ ਜਾਣ ਦੇ ਨਿਸ਼ਾਨ ਸਨ। ਪੁਲਸ ਅਨੁਸਾਰ 25 ਸਾਲਾ ਨਸੀਬ ਜ਼ਰ ਖਾਨ ਮੈਟਰਵੂਲ ਵਿਚ ਰਹਿਣ ਵਾਲਾ ਸੀ ਜਿਸ ਦਾ ਸਬੰਧ ਕਾਲਾ ਢਾਕਾ ਖੈਬਰ ਪਖਤੂਨਖਵਾ ਨਾਲ ਹੈ ਜਦਕਿ ਲੜਕੀ ਵੀ ਇਸੇ ਪਿੰਡ ਦੀ ਸੀ ਅਤੇ ਦੋਵੇਂ ਇਕੋ ਮੁਹੱਲੇ ਦੇ ਵਸਨੀਕ ਸਨ।
ਲੜਕੀ ਦੀ ਸ਼ਨਾਖਤ ਬੀਬੀ ਦੁਖਤਰ ਦੇ ਰੂਪ ਵਿਚ ਹੋਈ ਹੈ ਜਿਸ ਦੇ ਘਰ ਵਾਲਿਆਂ ਦੇ ਮਕਾਨ ’ਤੇ ਕਈ ਦਿਨਾਂ ਤੋਂ ਤਾਲਾ ਲੱਗਾ ਹੋਇਆ ਹੈ। ਲੜਕਾ ਪਿਛਲੇ ਸਾਲ ਜੁਲਾਈ ਵਿਚ ਘਰੋਂ ਚਲਾ ਗਿਆ ਸੀ ਅਤੇ ਇਸ ਪਿੱਛੋਂ ਸਿਰਫ ਇਕ ਵਾਰ ਆਪਣੇ ਘਰ ਆਇਆ ਸੀ। ਉਸ ਦੇ ਜਾਣ ਮਗਰੋਂ ਇਕ ਮਹੀਨੇ ਪਿੱਛੋਂ ਉਕਤ ਲੜਕੀ ਵੀ ਘਰੋਂ ਲਾਪਤਾ ਹੋ ਗਈ। ਪੁਲਸ ਮੁਤਾਬਕ ਦੋਵੇਂ ਲੜਕਾ-ਲੜਕੀ ਨੂੰ ਧੌਣ ’ਤੇ ਵਾਰ ਕਰ ਕੇ ਕਤਲ ਕੀਤਾ ਗਿਆ। ਜੋੜੇ ਦੀ ਗੁੰਮਸ਼ੁਦਗੀ ਪਿੱਛੋਂ ਜਿਰਗੇ ਨੇ ਉਨ੍ਹਾਂ ਦੀ ਹੱਤਿਆ ਦਾ ਫੁਰਮਾਨ ਜਾਰੀ ਕੀਤਾ ਸੀ।