ਕੀ ਤੁਸੀਂ ਵੀ ਹਾਸਲ ਕਰਨਾ ਚਾਹੁੰਦੇ ਹੋ ਅਮਰੀਕਾ ਦੀ ਨਾਗਰਿਕਤਾ ਤਾਂ ਪੜ੍ਹੋ ਇਹ ਖ਼ਬਰ, ਸਰਕਾਰ ਨੇ ਬਦਲੇ ਨਿਯਮ

Saturday, Jul 08, 2023 - 09:36 AM (IST)

ਕੀ ਤੁਸੀਂ ਵੀ ਹਾਸਲ ਕਰਨਾ ਚਾਹੁੰਦੇ ਹੋ ਅਮਰੀਕਾ ਦੀ ਨਾਗਰਿਕਤਾ ਤਾਂ ਪੜ੍ਹੋ ਇਹ ਖ਼ਬਰ, ਸਰਕਾਰ ਨੇ ਬਦਲੇ ਨਿਯਮ

ਜਲੰਧਰ (ਇੰਟ.)– ਅਮਰੀਕਾ ਦੀ ਨਾਗਰਿਕਤਾ ਹਾਸਲ ਕਰਨ ਲਈ ਹੁਣ ਅੰਗਰੇਜ਼ੀ ਦੀ ਸਖਤ ਪ੍ਰੀਖਿਆ ਪਾਸ ਕਰਨੀ ਹੋਵੇਗੀ। ਪ੍ਰੀਖਿਆ ਦੇ ਨਿਯਮਾਂ ਵਿਚ ਬਦਲਾਅ ਕੀਤਾ ਜਾ ਰਿਹਾ ਹੈ, ਜਿਸ ਨਾਲ ਘੱਟ ਅੰਗਰੇਜ਼ੀ ਜਾਣਨ ਵਾਲੇ ਵਿਦਿਆਰਥੀਆਂ ਨੂੰ ਨੁਕਸਾਨ ਸਹਿਣਾ ਪੈ ਸਕਦਾ ਹੈ। ਸਾਬਕਾ ਰਿਪਬਲਿਕਨ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵਲੋਂ 2020 ਵਿਚ ਪ੍ਰੀਖਿਆ ਵਿਚ ਬਦਲਾਅ ਕੀਤੇ ਜਾਣ ਤੋਂ ਬਾਅਦ ਪ੍ਰੀਖਿਆ ਨੂੰ ਪਾਸ ਕਰਨਾ ਜ਼ਿਆਦਾ ਮੁਸ਼ਕਲ ਹੋ ਗਿਆ ਹੈ। ਡੈਮੋਕ੍ਰੇਟਿਕ ਰਾਸ਼ਟਰਪਤੀ ਜੋਅ ਬਾਈਡੇਨ ਨੇ ਅਹੁਦਾ ਸੰਭਾਲਣ ਤੋਂ ਬਾਅਦ ਨਾਗਰਿਕਤਾ ਵਿਚ ਰੁਕਾਵਟਾਂ ਨੂੰ ਦੂਰ ਕਰਨ ਦੇ ਉਦੇਸ਼ ਨਾਲ ਇਕ ਕਾਰਜਕਾਰੀ ਹੁਕਮ ’ਤੇ ਹਸਤਾਖਰ ਕੀਤੇ ਹਨ। ਇਸ ਤੋਂ ਪਹਿਲਾਂ ਇਹ ਨਿਯਮ 2008 ਵਿਚ ਬਦਲੇ ਗਏ ਸਨ। ਮੌਜੂਦਾ ਪ੍ਰੀਖਣ ਵਿਚ ਇਕ ਅਧਿਕਾਰੀ ਇੰਟਰਵਿਊ ਦੌਰਾਨ ਬੋਲਣ ਦੀ ਸਮਰੱਥਾ ਦਾ ਮੁਲਾਂਕਣ ਨਿੱਜੀ ਸਵਾਲ ਪੁੱਛ ਕੇ ਕਰਦਾ ਹੈ, ਜਿਸ ਦਾ ਜਵਾਬ ਅਰਜ਼ੀਦਾਤਾ ਪਹਿਲਾਂ ਹੀ ਕਾਗਜ਼ੀ ਕਾਰਵਾਈ ਵਿਚ ਦੇ ਚੁੱਕਾ ਹੁੰਦਾ ਹੈ।

ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਭਾਰਤੀ ਮੂਲ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਨਵੇਂ ਨਿਯਮਾਂ ਨਾਲ ਲੋਕਾਂ ਦੀ ਵਧੀ ਪ੍ਰੇਸ਼ਾਨੀ

ਇਹ ਨਵੇਂ ਨਿਯਮ ਆਉਣ ਦੀ ਖਬਰ ਨਾਲ ਹੀ ਲੋਕਾਂ ਦੀ ਪ੍ਰਤੀਕਿਰਿਆ ਆਉਣੀ ਸ਼ੁਰੂ ਹੋ ਗਈ ਹੈ। 10 ਸਾਲ ਪਹਿਲਾਂ ਇਥੋਪੀਆ ਤੋਂ ਆ ਕੇ ਵਸੇ ਹੈਵਨ ਮੇਹਰੇਤਾ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਲਈ ਇਹ ਇਕ ਮੁਸ਼ਕਲ ਕੰਮ ਹੋਵੇਗਾ, ਜੋ 10 ਸਾਲ ਪਹਿਲਾਂ ਆ ਕੇ ਵੱਸ ਗਏ ਸਨ। ਮੇਹਰੇਤਾ ਦਾ ਕਹਿਣਾ ਹੈ ਕਿ ਉਨ੍ਹਾਂ ਅਮਰੀਕਾ ਜਾਣ ਤੋਂ ਬਾਅਦ ਇਕ ਬਾਲਗ ਦੇ ਰੂਪ ਵਿਚ ਅੰਗਰੇਜ਼ੀ ਸਿੱਖੀ ਅਤੇ ਉੱਚਾਰਨ ਕਰਨਾ ਬਹੁਤ ਮੁਸ਼ਕਲ ਪਾਇਆ। ਉਨ੍ਹਾਂ ਨੂੰ ਚਿੰਤਾ ਹੈ ਕਿ ਨਿੱਜੀ ਸਵਾਲਾਂ ਦੀ ਜਗ੍ਹਾ ਫੋਟੋ ਦੇ ਆਧਾਰ ’ਤੇ ਬੋਲਣ ਦਾ ਇਕ ਨਵਾਂ ਹਿੱਸਾ ਜੋੜਨ ਨਾਲ ਉਸ ਵਰਗੇ ਹੋਰ ਲੋਕਾਂ ਲਈ ਪ੍ਰੀਖਿਆ ਪਾਸ ਕਰਨਾ ਮੁਸ਼ਕਲ ਹੋਵੇਗਾ। ਸ਼ਾਈ ਅਵਨੀ ਜੋ 5 ਸਾਲ ਪਹਿਲਾਂ ਇਜ਼ਰਾਈਲ ਤੋਂ ਆ ਕੇ ਵੱਸ ਗਈ ਅਤੇ ਪਿਛਲੇ ਸਾਲ ਅਮਰੀਕੀ ਨਾਗਰਿਕ ਬਣ ਗਈ, ਨੇ ਕਿਹਾ ਕਿ ਨਵਾਂ ਬੋਲਣ ਵਾਲਾ ਨਿਯਮ ਪ੍ਰੀਖਣ ਦੌਰਾਨ ਅਰਜ਼ੀਦਾਤਾਵਾਂ ਨੂੰ ਪਹਿਲਾਂ ਤੋਂ ਹੀ ਮਹਿਸੂਸ ਹੋਣ ਵਾਲੇ ਤਣਾਅ ਨੂੰ ਹੋਰ ਵਧਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀ ਪਹਿਲੀ ਭਾਸ਼ਾ ਅੰਗਰੇਜ਼ੀ ਨਹੀਂ ਹੈ, ਉਨ੍ਹਾਂ ਲਈ ਤਾਂ ਡਰ ਦਾ ਮਾਹੌਲ ਹੋਵੇਗਾ, ਉਨ੍ਹਾਂ ਨੂੰ ਦੱਸਣ ਲਈ ਛੇਤੀ ਸ਼ਬਦ ਨਹੀਂ ਮਿਲਣਗੇ।

ਇਹ ਵੀ ਪੜ੍ਹੋ: ਬ੍ਰਿਟੇਨ 'ਚ ਪਤਨੀ ਅਤੇ 2 ਬੱਚਿਆਂ ਦਾ ਕਤਲ ਕਰਨ ਵਾਲੇ ਭਾਰਤੀ ਵਿਅਕਤੀ ਨੂੰ ਹੋਈ ਉਮਰ ਕੈਦ

ਕੀ ਕਹਿੰਦੀ ਹੈ ਨਾਗਰਿਕਤਾ ਪਾਠ ਪੁਸਤਕ

ਮੈਸਾਚੁਸੇਟਸ ਵਿਚ ਨਾਗਰਿਕਤਾ ਪਾਠ ਪੁਸਤਕ ਦੇ ਲੇਖਕ ਬਿਲ ਬਲਿਸ ਨੇ ਇਕ ਬਲਾਗ ਪੋਸਟ ਵਿਚ ਇਕ ਉਦਾਹਰਣ ਦਿੱਤੀ ਕਿ ਕਿਵੇਂ ਪ੍ਰੀਖਣ ਜ਼ਿਆਦਾ ਮੁਸ਼ਕਲ ਹੋ ਜਾਵੇਗਾ ਕਿਉਂਕਿ ਇਸ ਦੇ ਲਈ ਗਿਆਨ ਦੇ ਵੱਡੇ ਆਧਾਰ ਦੀ ਲੋੜ ਹੋਵੇਗੀ। ਮੌਜੂਦਾ ਨਾਗਰਿਕ ਸ਼ਾਸਤਰ ਦੇ ਸਵਾਲ ਵਿਚ ਇਕ ਅਧਿਕਾਰੀ ਅਰਜ਼ੀਦਾਤਾ ਨੂੰ 1900 ਦੇ ਦਹਾਕੇ ਵਿਚ ਅਮਰੀਕਾ ਵਲੋਂ ਲੜੇ ਗਏ ਯੁੱਧ ਦਾ ਨਾਂ ਦੱਸਣ ਲਈ ਕਹਿ ਰਿਹਾ ਹੈ। ਸਵਾਲ ਦਾ ਸਹੀ ਜਵਾਬ ਹਾਸਲ ਕਰਨ ਲਈ ਅਰਜ਼ੀਦਾਤਾ ਨੂੰ ਦਿੱਤੇ ਗਏ 5 ਜਵਾਬਾਂ ਵਿਚੋਂ ਕਿਸੇ ਇਕ ਨੂੰ ਚੁਣਨਾ ਹੋਵੇਗਾ, ਜਿਵੇਂ ਪਹਿਲੀ ਵਿਸ਼ਵ ਜੰਗ, ਦੂਜੀ ਵਿਸ਼ਵ ਜੰਗ, ਕੋਰੀਆਈ ਜੰਗ, ਵੀਅਤਨਾਮ ਜੰਗ ਜਾਂ ਖਾੜੀ ਯੁੱਧ। ਬਲਿਸ ਦਾ ਕਹਿਣਾ ਹੈ ਕਿ ਇਕ ਸਹੀ ਜਵਾਬ ਦੀ ਚੋਣ ਕਰਨ ਲਈ ਅਰਜ਼ੀਦਾਤਾ ਨੂੰ 1900 ਦੇ ਦਹਾਕੇ ਵਿਚ ਅਮਰੀਕਾ ਵਲੋਂ ਲੜੇ ਗਏ 5 ਯੁੱਧਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਅਤੇ ਇਸ ਵਾਸਤੇ ਭਾਸ਼ਾ ’ਤੇ ਪਕੜ ਹੋਣ ਦੀ ਲੋੜ ਹੈ। ਮੌਜੂਦਾ ਵਿਚ ਪ੍ਰੀਖਿਆ ਦੇਣ ਵਾਲੇ ਨੂੰ 10 ਸਵਾਲਾਂ ਵਿਚੋਂ 6 ਦਾ ਸਹੀ ਜਵਾਬ ਦੇਣਾ ਹੋਵੇਗਾ। ਉਨ੍ਹਾਂ 10 ਸਵਾਲਾਂ ਨੂੰ ਵੀ ਨਾਗਰਿਕ ਸ਼ਾਸਤਰ ਦੇ 100 ਸਵਾਲਾਂ ਦੇ ਸਮੂਹ ਵਿਚੋਂ ਚੁਣਿਆ ਜਾਵੇਗਾ ਅਤੇ ਅਰਜ਼ੀਦਾਤਾ ਨੂੰ ਇਹ ਨਹੀਂ ਦੱਸਿਆ ਜਾਵੇਗਾ ਕਿ ਕਿਹੜੇ ਸਵਾਲ ਚੁਣੇ ਗਏ ਹਨ ਪਰ ਇਕ ਪ੍ਰੀਖਿਆ ਦੇਣ ਲਈ ਉਸ ਨੂੰ 100 ਸਵਾਲਾਂ ਦਾ ਅਧਿਐਨ ਕਰਨਾ ਹੋਵੇਗਾ।

ਇਹ ਵੀ ਪੜ੍ਹੋ: ਬ੍ਰਿਟੇਨ ’ਚ ਭਾਰਤੀ ਮੂਲ ਦੇ ਡਰਾਈਵਰ ਨੂੰ ਨਸ਼ੀਲੇ ਪਦਾਰਥ ਰੱਖਣ ਦੇ ਮਾਮਲੇ ’ਚ 7 ਸਾਲ ਦੀ ਜੇਲ੍ਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News