Year Ender 2021: ਇਸ ਸਾਲ ''ਨੋਬਲ ਪੁਰਸਕਾਰ'' ਜੇਤੂ ਬਣੀਆਂ ਇਹ ਸ਼ਖਸੀਅਤਾਂ

Wednesday, Dec 29, 2021 - 06:32 PM (IST)

Year Ender 2021: ਇਸ ਸਾਲ ''ਨੋਬਲ ਪੁਰਸਕਾਰ'' ਜੇਤੂ ਬਣੀਆਂ ਇਹ ਸ਼ਖਸੀਅਤਾਂ

ਇੰਟਰਨੈਸ਼ਨਲ ਡੈਸਕ (ਵੰਦਨਾ): ਸਾਲ 2021 ਖ਼ਤਮ ਹੋਣ ਜਾ ਰਿਹਾ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿਚ ਦੁਨੀਆ ਨਵੇਂ ਸਾਲ ਦਾ ਸਵਾਗਤ ਕਰੇਗੀ। ਪਰਮਾਤਮਾ ਕਰੇ ਨਵਾਂ ਸਾਲ ਸਾਰਿਆਂ ਦੀ ਜ਼ਿੰਦਗੀ ਵਿਚ ਖੁਸ਼ਹਾਲੀ ਲਿਆਵੇ। ਅੱਜ ਅਸੀਂ ਤੁਹਾਨੂੰ ਸਾਲ 2021 ਵਿਚ ਨੋਬਲ ਪੁਰਸਕਾਰ ਜੇਤੂ ਰਹੇ ਲੋਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਜਾ ਰਹੇ ਹਾਂ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਸਾਲ ਇਹ ਪੁਰਸਕਾਰ ਸ਼ਾਂਤੀ, ਸਾਹਿਤ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਮੈਡੀਕਲ ਵਿਗਿਆਨ ਅਤੇ ਅਰਥਸ਼ਾਸਤਰ ਦੇ ਖੇਤਰਾਂ ’ਚ ਦਿੱਤੇ ਗਏ। ਇਸ ਪੁਰਸਕਾਰ ਦੇ ਜੇਤੂਆਂ ਨੂੰ ਇਕ ਮੈਡਲ, ਇਕ ਡਿਪਲੋਮਾ ਤੇ ਮੋਨੇਟਰੀ ਐਵਾਰਡ ਦਿੱਤਾ ਜਾਂਦਾ ਹੈ।

'ਰਸਾਇਣ ਵਿਗਿਆਨ' ਦੇ ਨੋਬਲ ਪੁਰਸਕਾਰ ਜੇਤੂ
2021 ਦਾ ਰਸਾਇਣ ਵਿਗਿਆਨ ਦਾ ਨੋਬਲ ਪੁਰਸਕਾਰ ਇਸ ਸਾਲ ਜਰਮਨੀ ਦੇ ਬੇਂਜਾਮਿਨ ਲਿਸਟ ਅਤੇ ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ ਦੇ ਡੇਵਿਡ ਡਬਲਊ ਸੀ ਮੈਕਮਿਲਨ ਨੂੰ ਸਾਂਝੇ ਤੌਰ 'ਤੇ ਦਿੱਤਾ ਗਿਆ। ਦੋਹਾਂ ਨੂੰ ਇਹ ਪੁਰਸਕਾਰ ਏਸਿਮੇਟ੍ਰਿਕ ਓਰਗੇਨਕੈਟਾਲਿਸਿਸ ਦੇ ਖੇਤਰ ਵਿਚ ਅਣੂਆਂ ਦੇ ਨਿਰਮਾਣ ਲਈ ਇਕ ਨਵਾਂ ਢੰਗ ਵਿਕਸਿਤ ਕਰਨ ਲਈ ਦਿੱਤਾ ਗਿਆ।ਰੋਇਲ ਸਵੀਡਿਸ਼ ਅਕੈਡਮੀ ਆਫ ਸਾਇਂਸੇਜ ਦੇ ਜਨਰਲ ਸਕੱਤਰ ਗੋਰਾਨ ਹੈਨਸਨ ਨੇ ਇਸ ਸਬੰਧੀ ਐਲਾਨ ਕੀਤਾ। 

PunjabKesari

ਜ਼ਿਕਰਯੋਗ ਹੈ ਕਿ ਨੋਬਲ ਪੁਰਸਕਾਰ ਦੇ ਤਹਿਤ ਸੋਨ ਤਮਗਾ, ਇਕ ਕਰੋੜ ਸਵੀਡਿਸ਼ ਕ੍ਰੋਨਾ (ਤਕਰੀਬਨ 8.20 ਕਰੋੜ ਰੁਪਏ) ਦੀ ਰਾਸ਼ੀ ਦਿੱਤੀ ਜਾਂਦੀ ਹੈ। ਸਵੀਡਿਸ਼ ਕ੍ਰੋਨਾ ਸਵੀਡਨ ਦੀ ਮੁਦਰਾ ਹੈ। ਨੋਬਲ ਕਮੇਟੀ ਨੇ ਕਿਹਾ ਕਿ ਲਿਸਟ ਅਤੇ ਮੈਕਮਿਲਨ ਨੇ ਸੁਤੰਤਰ ਰੂਪ ਤੋਂ 2000 ਵਿੱਚ ਕੈਟਾਲਿਸਿਸ ਦੀ ਇੱਕ ਨਵੀਂ ਵਿਧੀ ਵਿਕਸਿਤ ਕੀਤੀ ਸੀ। ਨੋਬਲ ਕਮੇਟੀ ਦੇ ਇਕ ਮੈਂਬਰ ਪਰਨੀਲਾ ਵਿਟੁੰਗ-ਸਟਾਫਸ਼ੇਡ ਨੇ ਕਿਹਾ,“ਇਹ ਪਹਿਲਾਂ ਹੀ ਮਨੁੱਖਜਾਤੀ ਨੂੰ ਬਹੁਤ ਲਾਭ ਪਹੁੰਚਾ ਰਹੀ ਹੈ।” ਪਿਛਲੇ ਸਾਲ ਫਰਾਂਸ ਦੇ ਇਮੈਨੁਅਲ ਚਾਰਪੈਂਟੀਅਰ ਅਤੇ ਅਮਰੀਕਾ ਦੀ ਜੈਨੀਫਰ ਏ ਡੌਡਨਾ ਨੂੰ ਇੱਕ ਜੀਨ ਉਪਕਰਨ ਵਿਕਸਿਤ ਕਰਨ ਲਈ ਰਸਾਇਣ ਵਿਗਿਆਨ ਪੁਰਸਕਾਰ ਦਿੱਤਾ ਗਿਆ ਸੀ ਜਿਸ ਨੇ ਡੀ.ਐਨ.ਏ. ਨੂੰ ਬਦਲਣ ਦਾ ਤਰੀਕਾ ਪ੍ਰਦਾਨ ਕਰਕੇ ਵਿਗਿਆਨ ਵਿੱਚ ਕ੍ਰਾਂਤੀ ਲਿਆ ਦਿੱਤੀ।

'ਨੋਬਲ ਸ਼ਾਂਤੀ' ਪੁਰਸਰਕਾਰ
ਨੋਬਲ ਕਮੇਟੀ ਨੇ ਫਿਲੀਪੀਨ ਦੀ ਪੱਤਰਕਾਰ ਮਾਰੀਆ ਰੇਸਾ ਅਤੇ ਰੂਸੀ ਪੱਤਰਕਾਰ ਦਮਿਤਰੀ ਮੁਰਾਤੋਵ ਨੂੰ ਸਾਲ 2021 ਦਾ ਨੋਬਲ ਸ਼ਾਂਤੀ ਪੁਰਸਕਾਰ ਦੇਣ ਦਾ ਐਲਾਨ ਕੀਤਾ। ਇਹ ਪੁਰਸਕਾਰ ਉਨ੍ਹਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਲਈ ਕੀਤੇ ਯਤਨਾਂ ਕਾਰਨ ਦਿੱਤਾ ਗਿਆ। ਨੋਬਲ ਕਮੇਟੀ ਨੇ ਕਿਹਾ ਕਿ ਇਹ ਪੁਰਸਕਾਰ ਪ੍ਰਗਟਾਵੇ ਦੀ ਆਜ਼ਾਦੀ ਲਈ ਦੋਵਾਂ ਦੇ ਯਤਨਾਂ ਦੇ ਮੱਦੇਨਜ਼ਰ ਦਿੱਤਾ ਗਿਆ। ਕਿਸੇ ਵੀ ਲੋਕਤੰਤਰ ਲਈ ਪ੍ਰਗਟਾਵੇ ਦੀ ਆਜ਼ਾਦੀ ਇਕ ਮਹੱਤਵਪੂਰਨ ਸ਼ਰਤ ਹੈ। ਨੋਬਲ ਕਮੇਟੀ ਨੇ ਦੋਹਾਂ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ। ਨੋਬਲ ਕਮੇਟੀ ਨੇ ਕਿਹਾ ਕਿ ਆਜ਼ਾਦ, ਮੁਕਤ ਅਤੇ ਤੱਥਾਂ 'ਤੇ ਅਧਾਰਤ ਪੱਤਰਕਾਰੀ ਸੱਤਾ ਦੀ ਦੁਰਵਰਤੋਂ, ਝੂਠ ਅਤੇ ਪ੍ਰਚਾਰ ਤੋਂ ਬਚਾਉਂਦੀ ਹੈ। ਨਾਰਵੇ ਦੀ ਸੰਸਥਾ ਨੇ ਮੰਨਿਆ ਕਿ ਪ੍ਰਗਟਾਵੇ ਦੀ ਆਜ਼ਾਦੀ ਅਤੇ ਸੂਚਨਾ ਦੀ ਆਜ਼ਾਦੀ ਲੋਕਾਂ ਨੂੰ ਜਾਗਰੂਕ ਕਰਦੀ ਹੈ। 

PunjabKesari

ਕਮੇਟੀ ਨੇ ਕਿਹਾ ਕਿ ਮਾਰੀਆ ਅਤੇ ਦਿਮਿਤਰੀ ਨੂੰ ਇਹ ਪੁਰਸਕਾਰ ਇਨ੍ਹਾਂ ਮੌਲਿਕ ਅਧਿਕਾਰਾਂ ਦੀ ਸੁਰੱਖਿਆ ਦੇ ਮਹੱਤਵ ਨੂੰ ਦਰਸਾਉਂਦਾ ਹੈ। ਮਾਰੀਆ ਰੇਸਾ ਫਿਲੀਪੀਨਜ਼ ਦੇ ਰਾਸ਼ਟਰਪਤੀ ਦੀ ਆਲੋਚਕ ਹੈ ਅਤੇ ਪਹਿਲਾਂ ਵੀ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੂੰ ਹਾਲ ਹੀ ਵਿਚ ਇਕ ਫ਼ੈਸਲੇ ਵਿਚ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਫ਼ੈਸਲੇ ਨੂੰ ਦੇਸ਼ ਵਿਚ ਪ੍ਰੈਸ ਦੀ ਆਜ਼ਾਦੀ ਲਈ ਵੱਡਾ ਝਟਕਾ ਮੰਨਿਆ ਗਿਆ ਸੀ। 

ਦੂਜੇ ਪਾਸੇ, ਦਮਿੱਤਰੀ ਮੁਰਤੋਵ ਰੂਸ ਵਿਚ ਪ੍ਰਗਟਾਵੇ ਦੀ ਆਜ਼ਾਦੀ ਦੀ ਆਵਾਜ਼ ਬੁਲੰਦ ਕਰ ਰਹੇ ਹਨ। ਉਹ ਰੂਸੀ ਅਖ਼ਬਾਰ ਨੋਵਾਯਾ ਗਜ਼ੇਟਾ ਦੇ ਸੰਪਾਦਕ ਹਨ। ਮੰਨਿਆ ਜਾਂਦਾ ਹੈ ਕਿ ਪੁਤਿਨ ਦੇ ਸ਼ਾਸਨ ਕਾਲ ਦੌਰਾਨ ਉਨ੍ਹਾਂ ਦਾ ਇਕਲੌਤਾ ਅਖ਼ਬਾਰ ਅਜਿਹਾ ਸੀ ਜੋ ਸਰਕਾਰ ਦੇ ਵਿਰੁੱਧ ਆਵਾਜ਼ ਉਠਾਉਂਦਾ ਰਿਹਾ ਹੈ। ਅਖ਼ਬਾਰ ਨੇ ਪੁਤਿਨ ਸਰਕਾਰ ਵਿਚ ਭ੍ਰਿਸ਼ਟਾਚਾਰ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਕਈ ਮਾਮਲਿਆਂ ਦਾ ਪਰਦਾਫਾਸ਼ ਕੀਤਾ ਹੈ।ਮਹੱਤਵਪੂਰਨ ਗੱਲ ਇਹ ਹੈ ਕਿ ਨੋਬਲ ਸ਼ਾਂਤੀ ਪੁਰਸਕਾਰ ਕਿਸੇ ਅਜਿਹੇ ਸੰਗਠਨ ਜਾਂ ਵਿਅਕਤੀ ਨੂੰ ਦਿੱਤਾ ਜਾਂਦਾ ਹੈ, ਜਿਸ ਨੇ ਰਾਸ਼ਟਰਾਂ ਵਿਚ ਭਾਈਚਾਰਕ ਸਾਂਝ ਨੂੰ ਉਤਸ਼ਾਹਤ ਕਰਨ ਵਿਚ ਸਭ ਤੋਂ ਵਧੀਆ ਕੰਮ ਕੀਤਾ ਹੋਵੇ। ਪਿਛਲੇ ਸਾਲ ਇਹ ਪੁਰਸਕਾਰ ਵਿਸ਼ਵ ਭੋਜਨ ਪ੍ਰੋਗਰਾਮ ਨੂੰ ਦਿੱਤਾ ਗਿਆ ਸੀ, ਜਿਸ ਦੀ ਸਥਾਪਨਾ 1961 ਵਿਚ ਵਿਸ਼ਵ ਭਰ ਵਿਚ ਭੁੱਖਮਰੀ ਨਾਲ ਨਜਿੱਠਣ ਲਈ ਅਮਰੀਕੀ ਰਾਸ਼ਟਰਪਤੀ ਡਵਾਇਟ ਆਈਜ਼ਨਹਾਵਰ ਦੇ ਨਿਰਦੇਸ਼ਾਂ 'ਤੇ ਕੀਤੀ ਗਈ ਸੀ। ਰੋਮ ਸਥਿਤ ਸੰਯੁਕਤ ਰਾਸ਼ਟਰ ਏਜੰਸੀ ਨੂੰ ਇਹ ਪੁਰਸਕਾਰ ਵਿਸ਼ਵ ਪੱਧਰ 'ਤੇ ਭੁੱਖਮਰੀ ਅਤੇ ਖੁਰਾਕ ਸੁਰੱਖਿਆ ਨਾਲ ਲੜਨ ਦੀਆਂ ਕੋਸ਼ਿਸ਼ਾਂ ਲਈ ਦਿੱਤਾ ਗਿਆ ਸੀ। ਇਸ ਵੱਕਾਰੀ ਪੁਰਸਕਾਰ ਤਹਿਤ ਇਕ ਸੋਨੇ ਦਾ ਤਗਮਾ ਅਤੇ 1 ਕਰੋੜ ਸਵੀਡਿਸ਼ ਕ੍ਰੋਨਰ (11.4 ਲੱਖ ਡਾਲਰ ਤੋਂ ਵੱਧ ਰਾਸ਼ੀ) ਦਿੱਤੇ ਜਾਂਦੇ ਹਨ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ 'ਓਮੀਕਰੋਨ' ਦੀ ਦਹਿਸ਼ਤ, PM ਮੌਰੀਸਨ ਨੇ ਬੁਲਾਈ ਐਮਰਜੈਂਸੀ ਮੀਟਿੰਗ

ਜ਼ਿਕਰਯੋਗ ਹੈ ਕਿ ਨਾਰਵੇ ਦੀ ਨੋਬਲ ਕਮੇਟੀ ਨੂੰ ਸਾਲ 2021 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ 329 ਨਾਮਜ਼ਦਗੀਆਂ ਹਾਸਲ ਹੋਈਆਂ ਸਨ। ਇਹਨਾਂ ਵਿਚ 234 ਵਿਅਕਤੀ ਅਤੇ 95 ਸੰਗਠਨ ਸਨ। ਨਾਮਜ਼ਦਗੀ ਦੀ ਆਖਰੀ ਤਾਰੀਖ਼ 1 ਫਰਵਰੀ ਸੀ। ਓਸਲੋ ਸਥਿਤ ਇਸ ਸੰਗਠਨ ਨੇ ਦੱਸਿਆ ਕਿ ਨੋਬਲ ਸ਼ਾਂਤੀ ਪੁਰਸਕਾਰ ਦੀ ਨਾਮਜ਼ਦਗੀ ਦੀ ਇਹ ਤੀਜੀ ਸਭ ਤੋਂ ਵੱਡੀ ਗਿਣਤੀ ਸੀ। ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤੇ ਗਏ ਸੰਗਠਨਾਂ ਵਿਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਵਿਚ ਆਪਣੀ ਭੂਮਿਕਾ ਲਈ ਵਿਸ਼ਵ ਸਿਹਤ ਸੰਗਠਨ, ਰਿਪੋਰਟਸ ਵਿਦਾਊਟ ਬਾਰਡਰਜ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਪੋਲੈਂਡ ਦੇ ਜੱਜ ਵੀ ਸ਼ਾਮਲ ਸਨ। 

ਸੰਯੁਕਤ ਰਾਸ਼ਟਰ ਵਿਸ਼ਵ ਖਾਧ ਪ੍ਰੋਗਰਾਮ ਨੂੰ 2020 ਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ ਸੀ।ਇਸ ਪੁਰਸਕਾਰ ਲਈ ਸਭ ਤੋਂ ਵੱਧ 376 ਨਾਮਜ਼ਦਗੀਆਂ 2016 ਵਿਚ ਹਾਸਲ ਹੋਈਆਂ ਸਨ। ਇਸ ਪੁਰਸਕਾਰ ਲਈ ਸਰਕਾਰਾਂ ਦੇ ਪ੍ਰਮੁੱਖ, ਰਾਸ਼ਟਰੀ ਪੱਧਰ 'ਤੇ ਕੰਮ ਕਰ ਰਹੇ ਸਿਆਸਤਦਾਨ, ਯੂਨਵਰਸਿਟੀਆਂ ਦੇ ਪ੍ਰੋਫੈਸਰ, ਵਿਦੇਸ਼ ਨੀਤੀ ਸੰਸਥਾਵਾਂ ਦੇ ਨਿਰਦੇਸ਼ਕ, ਸਾਬਕਾ ਨੋਬਲ ਪੁਰਸਕਾਰ ਜੇਤੂ ਅਤੇ ਨਾਰਵੇ ਦੀ ਨੋਬਲ ਸ਼ਾਂਤੀ ਕਮੇਟੀ ਦੇ ਮੈਂਬਰ ਨਾਮਜ਼ਦਗੀ ਦਾਖਲ ਕਰ ਸਕਦੇ ਹਨ। ਇੱਥੇ ਦੱਸ ਦਈਏ ਕਿ ਨੋਬਲ ਕਮੇਟੀ ਆਪਣੇ ਗਲੋਬਲ ਫ਼ੈਸਲੇ ਦੀ ਘੋਸ਼ਣਾ ਹਰੇਕ ਸਾਲ ਅਕਤੂਬਰ ਵਿਚ ਕਰਦੀ ਹੈ। ਜਦਕਿ ਸ਼ਾਂਤੀ ਅਤੇ ਹੋਰ ਨੇਬਲ ਪੁਰਸਕਾਰ ਹਰੇਕ ਸਾਲ 10 ਦਸੰਬਰ ਨੂੰ ਦਿੱਤੇ ਜਾਂਦੇ ਹਨ। ਐਸੋਸੀਏਟਿ਼ਡ ਪ੍ਰੈੱਸ ਨੇ ਦੱਸਿਆ ਕਿ ਨੋਬਲ ਸ਼ਾਂਤੀ ਪੁਰਸਕਾਰ 2021 ਵਿਚ ਬੇਲਾਰੂਸ ਦੀ ਦੇਸ਼ ਵਿਚੋਂ ਕੱਢੀ ਗਈ ਵਿਰੋਧੀ ਨੇਤਾ ਸਵੇਤਲਾਨਾ ਤਿਖਨੋਸਕਾਇਆ ਅਤੇ ਦੋ ਹੋਰ ਬੇਲਾਰੂਸ ਲੋਕਤੰਤਰ ਕਾਰਕੁਨ, ਵੇਰੋਨਿਕਾ ਤਸੇਪਲਕੋ ਅਤੇ ਮਾਰੀਆ ਕੋਲੇਨਿਕੋਵਾ ਸ਼ਾਮਲ ਸਨ। ਇਸ ਦੇ ਇਲਾਵਾ 'ਦੀ ਬਲੈਕ ਲਾਈਵਸ ਮੈਟਰ' ਅੰਦੋਲਨ, ਰੂਸੀ ਵਿਰੋਧੀ ਨੇਤਾ ਅਲੈਕਸੀ ਨਵਲਨੀ, ਵ੍ਹਾਈਟ ਹਾਊਸ਼ ਦੇ ਸਾਬਕਾ ਸਲਾਹਕਾਰ ਜੇਰੇਡ ਕੁਸ਼ਨਰ ਅਤੇ ਇਬਰਾਹਿਮ ਸੰਧੀ ਲਈ ਪੱਛਮੀ ਏਸ਼ੀਆ ਨਾਲ ਸਿਲਸਿਲੇਵਾਰ ਵਾਰਤਾ ਕਰਨ ਵਾਲੇ ਅਵੀ ਬਰਕੋਵਿਤਜ ਸ਼ਾਮਲ ਸਨ।

'ਮੈਡੀਸਨ' ਦੇ ਖੇਤਰ ਵਿਚ ਨੋਬਲ ਪੁਰਸਕਾਰ
ਇਸ ਸਾਲ ਡੇਵਿਡ ਜੂਲੀਅਸ ਤੇ ਅਰਡੇਮ ਪਟਾਪੌਟੀਅਨ ਨੂੰ ਸਾਂਝੇ ਤੌਰ ’ਤੇ ਫਿਜ਼ੀਓਲੋਜੀ ਜਾਂ ਮੈਡੀਸਨ ਦੇ ਖੇਤਰ ਵਿਚ ਨੋਬਲ ਪੁਰਸਕਾਰ ਦਿੱਤਾ ਗਿਆ। ਉਨ੍ਹਾਂ ਨੂੰ ਤਾਪਮਾਨ ਅਤੇ ਛੋਹ ਲਈ ਰਿਸੈਪਟਰਸ ਦੀ ਖੋਜ ਕਰਨ ਲਈ ਇਹ ਸਨਮਾਨ ਦਿੱਤਾ ਗਿਆ।

PunjabKesari

ਨੋਬਲ ਪੁਰਸਕਾਰ ਦਾ ਐਲਾਨ ਨੋਬਲ ਕਮੇਟੀ ਦੇ ਜਨਰਲ ਸਕੱਤਰ ਥਾਮਸ ਪਰਲਮੈਨ ਨੇ ਕੀਤਾ।

'ਸਾਹਿਤ' ਦਾ ਨੋਬਲ ਪੁਰਸਕਾਰ
ਸਾਹਿਤ ਦਾ ਨੋਬਲ ਪੁਰਸਕਾਰ ਜ਼ਾਂਜ਼ੀਬਾਰ ਵਿੱਚ ਜਨਮੇ ਨਾਵਲਕਾਰ ਅਬਦੁਲਰਾਜ਼ਕ ਗੁਰਨਾਹ ਨੂੰ ਦਿੱਤਾ ਗਿਆ। ਤਨਜ਼ਾਨੀਆ ਦੇ ਲੇਖਕ ਅਬਦੁਲਰਾਜ਼ਕ ਗੁਰਨਾਹ ਨੂੰ ਇਹ ਪੁਰਸਕਾਰ "ਬਸਤੀਵਾਦ ਦੇ ਪ੍ਰਭਾਵਾਂ ਅਤੇ ਸੱਭਿਆਚਾਰਾਂ ਤੇ ਮਹਾਂਦੀਪਾਂ ਦੇ ਵਿਚਕਾਰਲੇ ਪਾੜੇ ਵਿੱਚ ਸ਼ਰਨਾਰਥੀਆਂ ਦੇ ਹਮਦਰਦੀ ਭਰਪੂਰ ਚਿੱਤਰਣ' ਲਈ ਦਿੱਤਾ ਗਿਆ।ਸਵੀਡਿਸ਼ ਅਕਾਦਮੀ ਨੇ ਕਿਹਾ ਕਿ 'ਬਸਤੀਵਾਦ ਦੇ ਪ੍ਰਭਾਵਾਂ ਨਾਲ ਬਿਨਾਂ ਸਮਝੌਤਾ ਕੀਤੇ ਅਤੇ ਦਇਆ ਨਾਲ ਸਮਝਣ' ਵਿਚ ਉਹਨਾਂ ਦੇ ਯੋਗਦਾਨ ਲਈ ਪੁਰਸਕਾਰ ਪ੍ਰਦਾਨ ਕੀਤਾ ਜਾ ਰਿਹਾ ਹੈ।

PunjabKesari

1948 ਵਿਚ ਜ਼ਾਂਜ਼ੀਬਾਰ ਵਿਚ ਜਨਮੇ ਅਤੇ ਇੰਗਲੈਂਡ ਵਿਚ ਰਹਿ ਰਹੇ ਗੁਰਨਾਹ ਕੈਂਟ ਯੂਨੀਵਰਸਿਟੀ ਵਿਚ ਇਕ ਪ੍ਰੋਫੈਸਰ ਹਨ। ਉਹ 10 ਨਾਵਲਾਂ ਦੇ ਲੇਖਕ ਹਨ, ਜਿਨ੍ਹਾਂ ਵਿੱਚ "ਪੈਰਾਡਾਈਜ਼" ਵੀ ਸ਼ਾਮਲ ਹੈ, ਜਿਸ ਨੂੰ 1994 ਵਿੱਚ ਬੁੱਕਰ ਪੁਰਸਕਾਰ ਲਈ ਚੁਣਿਆ ਗਿਆ ਸੀ।ਸਾਹਿਤ ਦੀ ਨੋਬਲ ਕਮੇਟੀ ਦੇ ਚੇਅਰਮੈਨ ਐਂਡਰਸ ਓਲਸਨ ਨੇ ਉਨ੍ਹਾਂ ਨੂੰ "ਵਿਸ਼ਵ ਦੇ ਉੱਘੇ ਉੱਤਰ-ਬਸਤੀਵਾਦੀ ਲੇਖਕਾਂ ਵਿੱਚੋਂ ਇੱਕ" ਕਿਹਾ। ਵੱਕਾਰੀ ਪੁਰਸਕਾਰ ਦੇ ਤਹਿਤ ਇਕ ਸੋਨ ਤਗਮਾ ਅਤੇ 1 ਕਰੋੜ ਸਵੀਡਿਸ਼ ਕ੍ਰੋਨਰ (ਲੱਗਭਗ 11.4 ਲੱਖ ਡਾਲਰ ਰਾਸ਼ੀ) ਪ੍ਰਦਾਨ ਕੀਤੀ ਜਾਵੇਗੀ। ਪਿਛਲੇ ਸਾਲ ਦਾ ਇਨਾਮ ਅਮਰੀਕੀ ਕਵੀ ਲੂਈਸ ਗਲੋਕ ਨੂੰ ਦਿੱਤਾ ਗਿਆ, ਜਿਸ ਨੂੰ ਜੱਜਾਂ ਨੇ ਉਹਨਾਂ ਦੀ “ਨਿਰਵਿਘਨ ਕਾਵਿਕ ਆਵਾਜ਼ ਦੱਸਿਆ ਜੋ ਕਿ ਖੂਬਸੂਰਤ ਸੁੰਦਰਤਾ ਨਾਲ ਵਿਅਕਤੀਗਤ ਹੋਂਦ ਨੂੰ ਵਿਸ਼ਵਵਿਆਪੀ ਬਣਾਉਂਦੀ ਹੈ।”

ਪੜ੍ਹੋ ਇਹ ਅਹਿਮ ਖਬਰ- ਐਲਨ ਮਸਕ 'ਤੇ ਭੜਕਿਆ ਚੀਨ, UN ਨੂੰ ਸਪੇਸਐਕਸ ਸੈਟੇਲਾਈਟ ਬਾਰੇ ਕੀਤੀ ਸ਼ਿਕਾਇਤ

3 ਵਿਗਿਆਨੀਆਂ ਨੂੰ ਦਿੱਤਾ ਗਿਆ 'ਭੌਤਿਕ' ਦੇ ਖੇਤਰ ਵਿਚ ਨੋਬਲ ਪੁਰਸਕਾਰ 
ਇਸ ਸਾਲ ਭੌਤਿਕ ਵਿਗਿਆਨ ਦੇ ਨੋਬਲ ਪੁਰਸਕਾਰ ਲਈ ਜਾਪਾਨ, ਜਰਮਨੀ ਅਤੇ ਇਟਲੀ ਦੇ 3 ਵਿਗਿਆਨੀਆਂ ਨੂੰ ਚੁਣਿਆ ਗਿਆ। ਸਯੁਕੁਰੋ ਮਨਾਬੇ (90) ਅਤੇ ਕਲਾਊਸ ਹੈਸਲਮੈਨ (89) ਨੂੰ ‘ਧਰਤੀ ਦੇ ਜਲਵਾਯੂ ਦੀ ਭੌਤਿਕ ‘ਮਾਡਲਿੰਗ’, ਗਲੋਬਲ ਵਾਰਮਿੰਗ ਦੀ ਭਵਿੱਖਬਾਣੀ ਦੀ ਪਰਿਵਰਤਨਸ਼ੀਲਤਾ ਅਤੇ ਪ੍ਰਮਾਣਿਕਤਾ ਦੇ ਮਾਪ ਖੇਤਰ ਵਿਚ ਉਨ੍ਹਾਂ ਦੇ ਕੰਮਾਂ ਲਈ ਚੁਣਿਆ ਗਿਆ।

PunjabKesari

ਪੁਰਸਕਾਰ ਦੇ ਦੂਜੇ ਭਾਗ ਲਈ ਜੌਰਜੀਓ ਪੈਰਿਸੀ (73) ਨੂੰ ਚੁਣਿਆ ਗਿਆ। ਉਨ੍ਹਾਂ ਨੂੰ ‘ਪ੍ਰਮਾਣੂ ਤੋਂ ਲੈ ਕੇ ਗ੍ਰਹਿਾਂ ਦੇ ਮਾਪਦੰਡਾਂ ਤੱਕ ਭੌਤਿਕ ਪ੍ਰਣਾਲੀਆਂ ਵਿਚ ਵਿਕਾਰ ਅਤੇ ਉਤਾਰ-ਚੜ੍ਹਾਅ ਦੀ ਆਪਸੀ ਕਿਰਿਆ ਨੂੰ ਖੋਜ’ ਲਈ ਚੁਣਿਆ ਗਿਆ। ਰਾਇਲ ਸਵੀਡਿਸ਼ ਅਕਾਦਮੀ ਆਫ ਸਾਇੰਸਿਜ਼ ਦੇ ਜਨਰਲ ਸਕੱਤਰ ਗੋਰਨ ਹੈਨਸਨ ਨੇ ਜੇਤੂਆਂ ਦੇ ਨਾਮ ਐਲਾਨ ਕੀਤੇ।

'ਅਰਥ ਸ਼ਾਸਤਰ' ਦੇ ਨੋਬਲ ਪੁਰਸਕਾਰ ਜੇਤੂ
ਤਿੰਨ ਅਮਰੀਕੀ ਅਰਥਸ਼ਾਸਤਰੀਆਂ ਨੂੰ 2021 ਦਾ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ unexpected experiment ਜਾਂ "ਕੁਦਰਤੀ ਪ੍ਰਯੋਗਾਂ" ਤੋਂ ਸਿੱਟੇ ਕੱਢਣ ਦੇ ਕੰਮ ਲਈ ਸਨਮਾਨਿਤ ਕੀਤਾ ਗਿਆ। ਐਲਾਨ ਮੁਤਾਬਕ ਅਰਥ ਸ਼ਾਸਤਰ ਦੇ ਨੋਬਲ ਪੁਰਸਕਾਰ ਡੇਵਿਡ ਕਾਰਡ, ਜੋਸ਼ੁਆ ਡੀ. ਐਂਗ੍ਰਿਸਟ ਅਤੇ ਅਮਰੀਕਾ ਦੇ ਗਾਈਡੋ ਇਮਬੈਂਸ ਨੂੰ ਦਿੱਤਾ ਗਿਆ।ਨੋਬਲ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਵਿਅਕਤੀਆਂ ਵਿਚ ਬਰਕਲੇ ਵਿਖੇ ਕੈਲੀਫੋਰਨੀਆ ਯੂਨੀਵਰਸਿਟੀ ਦੇ ਡੇਵਿਡ ਕਾਰਡ, ਮੈਸਾਚਉਸੇਟਸ ਇੰਸਟੀਚਿਟ ਆਫ਼ ਤਕਨਾਲੌਜੀ ਦੇ ਜੋਸ਼ੁਆ ਡੀ. ਐਂਗ੍ਰਿਸਟ ਅਤੇ ਸਟੈਨਫੋਰਡ ਸੂਨੀਵਰਸਿਟੀ ਦੇ ਗੁਇਡੋ ਇੰਬੈਂਨਸ ਸ਼ਾਮਿਲ ਹਨ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਕਿਹਾ ਕਿ ਤਿੰਨਾਂ ਨੇ ਆਰਥਿਕ ਵਿਗਿਆਨ ਵਿਚ ਨੇ ਅਨੁਭਵੀ ਕਾਰਜ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ।

PunjabKesari

ਦੂਜੇ ਨੋਬਲ ਪੁਰਸਕਾਰਾਂ ਦੇ ਉਲਟ, ਅਰਥ ਸ਼ਾਸਤਰ ਵਿੱਚ ਨੋਬਲ ਪੁਰਸਕਾਰ ਅਲਫ੍ਰੇਡ ਨੋਬਲ ਦੀ ਵਸੀਅਤ ਵਿਚ ਸਥਾਪਿਤ ਨਹੀਂ ਕੀਤਾ ਗਿਆ ਸੀ ਸਗੋਂ ਸਵੀਡਿਸ਼ ਕੇਂਦਰੀ ਬੈਂਕ ਦੁਆਰਾ 1968 ਵਿੱਚ ਉਨ੍ਹਾਂ ਦੀ ਯਾਦ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦੇ ਪਹਿਲੇ ਜੇਤੂ ਨੂੰ ਇੱਕ ਸਾਲ ਬਾਅਦ ਚੁਣਿਆ ਗਿਆ ਸੀ। ਇਹ ਹਰ ਸਾਲ ਐਲਾਨਿਆ ਜਾਣ ਵਾਲਾ ਆਖਰੀ ਨੋਬਲ ਪੁਰਸਕਾਰ ਹੈ।

ਪੜ੍ਹੋ ਇਹ ਅਹਿਮ ਖਬਰ -ਓਮੀਕਰੋਨ ਦੇ ਖ਼ੌਫ਼ ਦੌਰਾਨ ਕੈਨੇਡਾ ਦਾ ਵੱਡਾ ਫ਼ੈਸਲਾ, ਕੋਰੋਨਾ ਪਾਜ਼ੇਟਿਵ ਸਿਹਤ ਕਾਮੇ ਵੀ ਕਰਨਗੇ ਕੰਮ

ਕੀ ਹੈ ਨੋਬਲ ਪੁਰਸਕਾਰ?
ਨੋਬਲ ਪੁਰਸਕਾਰ ਦੀ ਸ਼ੁਰੂਆਤ ਨੋਬਲ ਫਾਊਂਡੇਸ਼ਨ ਵੱਲੋਂ 1901 ’ਚ ਕੀਤੀ ਗਈ ਸੀ। ਇਹ ਪੁਰਸਕਾਰ ਸਵੀਡਨ ਵਿਗਿਆਨੀ ਅਲਫ੍ਰੈੱਡ ਨੋਬਲ ਦੀ ਯਾਦ ’ਚ ਦਿੱਤਾ ਜਾਂਦਾ ਹੈ। ਇਹ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਪਿਛਲੇ ਸਾਲ ਦੌਰਾਨ ਮਨੁੱਖ ਜਾਤੀ ਨੂੰ ਸਭ ਤੋਂ ਵੱਧ ਫਾਇਦਾ ਪਹੁੰਚਾਇਆ ਹੈ। ਇਹ ਪੁਰਸਕਾਰ ਸ਼ਾਂਤੀ, ਸਾਹਿਤ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਮੈਡੀਕਲ ਵਿਗਿਆਨ ਅਤੇ ਅਰਥਸ਼ਾਸਤਰ ਦੇ ਖੇਤਰਾਂ ’ਚ ਵਿਸ਼ਵ ਦਾ ਸਭ ਤੋਂ ਵੱਡਾ ਪੁਰਸਕਾਰ ਹੈ। ਇਸ ਪੁਰਸਕਾਰ ਦੇ ਜੇਤੂ ਨੂੰ ਇਕ ਮੈਡਲ, ਇਕ ਡਿਪਲੋਮਾ ਤੇ ਮੋਨੇਟਰੀ ਐਵਾਰਡ ਦਿੱਤਾ ਜਾਂਦਾ ਹੈ।

PunjabKesari

ਜ਼ਿਕਰਯੋਗ ਹੈ ਕਿ ਅਲਫ੍ਰੈੱਡ ਨੋਬਲ ਡਾਇਨਾਮਾਈਟ ਦੀ ਖੋਜ ਕਰਨ ਵਾਲੇ ਵਿਗਿਆਨੀ ਸਨ। ਉਨ੍ਹਾਂ ਨੇ ਲੱਗਭਗ 355 ਖੋਜਾਂ ਕੀਤੀਆਂ। ਦਸੰਬਰ 1896 ’ਚ ਆਪਣੀ ਮੌਤ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਦੌਲਤ ਦਾ ਇਕ ਵੱਡਾ ਹਿੱਸਾ ਇਕ ਟਰੱਸਟ ਲਈ ਰਾਖਵਾਂ ਰੱਖ ਦਿੱਤਾ। ਉਨ੍ਹਾਂ ਦੀ ਇੱਛਾ ਸੀ ਕਿ ਇਸ ਪੈਸੇ ਦਾ ਵਿਆਜ ਹਰ ਸਾਲ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਵੇ, ਜਿਨ੍ਹਾਂ ਦੇ ਕੰਮਾਂ ਨਾਲ ਮਨੁੱਖਤਾ ਨੂੰ ਸਭ ਤੋਂ ਵੱਧ ਫਾਹਿਦਾ ਹੋਇਆ ਹੋਵੇ। ਇਨਾਮੀ ਰਾਸ਼ੀ ਇਨਾਮ ਦੇ ਨਿਰਮਾਤਾ, ਸਵੀਡਿਸ਼ ਖੋਜੀ ਅਲਫ੍ਰੇਡ ਨੋਬਲ ਦੁਆਰਾ ਛੱਡੀ ਗਈ ਵਸੀਅਤ ਤੋਂ ਆਉਂਦੀ ਹੈ, ਜਿਸਦੀ 1895 ਵਿੱਚ ਮੌਤ ਹੋ ਗਈ ਸੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News