''ਸਾਲ 2019'' :  ਬ੍ਰਿਟੇਨ ਤੇ ਕੈਨੇਡਾ ਦੀ ਰਾਜਨੀਤੀ ''ਚ ਛਾਏ ਪੰਜਾਬੀ, ਕਈ ਦੇਸ਼ਾਂ ''ਚ ਬਦਲੀ ਸੱਤਾ

12/26/2019 1:50:33 PM

ਲੰਡਨ/ਟੋਰਾਂਟੋ— ਸਾਲ 2019 ਨੂੰ ਅਲਵਿਦਾ ਹੋਣ 'ਚ ਸਿਰਫ ਕੁੱਝ ਕੁ ਦਿਨ ਹੀ ਬਾਕੀ ਹਨ। ਵਿਦੇਸ਼ ਦੀ ਧਰਤੀ 'ਤੇ ਇਸ ਦੌਰਾਨ ਰਾਜਨੀਤਕ ਮੋਰਚੇ 'ਤੇ ਕਈ ਪੰਜਾਬੀ ਸਫਲ ਹੋਏ ਤੇ ਕਈ ਨਹੀਂ ਵੀ ਹੋਏ। ਖੈਰ ਜੋ ਵੀ ਸੀ, ਠੀਕ ਰਿਹਾ। ਕੈਨੇਡਾ ਤੇ ਇੰਗਲੈਂਡ 'ਚ ਬਹੁਤ ਸਾਰੇ ਪੰਜਾਬੀਆਂ ਨੇ ਜਿੱਤ ਦੇ ਝੰਡੇ ਗੱਡੇ, ਜਿਨ੍ਹਾਂ 'ਚੋਂ ਕੁੱਝ ਸਰਕਾਰ 'ਚ ਵੀ ਸ਼ਾਮਲ ਹੋਏ। ਭਾਰਤ ਸਣੇ ਕੈਨੇਡਾ, ਆਸਟ੍ਰੇਲੀਆ, ਬ੍ਰਿਟੇਨ, ਯੁਕਰੇਨ, ਸ਼੍ਰੀਲੰਕਾ ਤੇ ਇਜ਼ਰਾਇਲ 'ਚ ਚੋਣਾਂ ਹੋਈਆਂ।

ਯੂ. ਕੇ. ਤੇ ਕੈਨੇਡਾ ਦੀਆਂ ਚੋਣਾਂ ਇਸ ਸਾਲ ਭਾਰਤੀਆਂ ਅਤੇ ਖਾਸ ਕਰਕੇ ਪੰਜਾਬੀਆਂ ਲਈ ਵਧੇਰੇ ਖਾਸ ਰਹੀਆਂ। ਇਸ ਦਾ ਕਾਰਨ ਇਹ ਹੈ ਕਿ ਵਿਦੇਸ਼ 'ਚ ਰਹਿੰਦੇ ਲੋਕਾਂ ਨੇ ਪੰਜਾਬੀਆਂ ਨੂੰ ਐੱਮ. ਪੀਜ਼ ਦੀ ਕੁਰਸੀ 'ਤੇ ਬਿਠਾਇਆ, ਜੋ ਆਪਣੇ-ਆਪ 'ਚ ਹੀ ਬਹੁਤ ਵੱਡੀ ਗੱਲ ਹੈ। ਬਹੁਤ ਸਾਰੇ ਲੋਕ ਵਿਦੇਸ਼ 'ਚ ਰੋਜ਼ੀ-ਰੋਟੀ ਕਮਾਉਣ ਜਾਂਦੇ ਹਨ ਪਰ ਉੱਥੋਂ ਦੀ ਰਾਜਨੀਤੀ 'ਚ ਛਾ ਜਾਣ ਦਾ ਜਜ਼ਬਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ।

ਬ੍ਰਿਟੇਨ ਦੀਆਂ ਆਮ ਚੋਣਾਂ 'ਚ ਭਾਰਤੀ ਮੂਲ ਦੇ ਲੋਕਾਂ ਦਾ ਪ੍ਰਦਰਸ਼ਨ ਉਮੀਦ ਤੋਂ ਬਿਹਤਰ ਰਿਹਾ।ਇੱਥੇ 12 ਦਸੰਬਰ ਨੂੰ ਹੋਈਆਂ ਚੋਣਾਂ 'ਚ ਕੰਜ਼ਰਵੇਟਿਵ ਪਾਰਟੀ ਨੂੰ ਵੱਡੀ ਜਿੱਤ ਹਾਸਲ ਹੋਈ ਤੇ ਇਕ ਵਾਰ ਫਿਰ ਬੋਰਿਸ ਜਾਨਸਨ ਪ੍ਰਧਾਨ ਮੰਤਰੀ ਦੀ ਕੁਰਸੀ ਮਿਲੀ। ਇੰਗਲੈਂਡ 'ਚ ਕੁਲ 15 ਭਾਰਤੀ ਸੰਸਦ ਮੈਂਬਰ ਚੁਣੇ ਗਏ, ਜੋ 127 ਸਾਲਾਂ 'ਚ ਪਹਿਲੀ ਵਾਰ ਹੋਇਆ ਹੈ। ਇਨ੍ਹਾਂ ਦੇ ਨਾਂ ਗਗਨ ਮੋਹਿੰਦਰਾ, ਕਲੇਅਰ ਕਾਟਨਿਹੋ, ਪ੍ਰੀਤੀ ਪਟੇਲ, ਆਲੋਕ ਸ਼ਰਮਾ, ਸ਼ੈਲੇਸ਼ ਵਾਰਾ, ਕਲੇਅਰ ਕੋਟਨਿਹੋ, ਸੁਏਲਾ ਬ੍ਰੈਵਰਮੈਨ, ਰਿਸ਼ੀ ਸੁਨਾਕ, ਨਵੇਂਦਰ ਮਿਸ਼ਰਾ, ਵਰਿੰਦਰ ਸ਼ਰਮਾ, ਤਨਮਨਜੀਤ ਸਿੰਘ ਢੇਸੀ, ਸੀਮਾ ਮਲਹੋਤਰਾ, ਪ੍ਰੀਤ ਕੌਰ ਗਿੱਲ, ਲੀਸਾ ਨੰਦੀ ਅਤੇ ਵੈਲੇਰੀ ਵਾਜ ਹਨ।

ਇਨ੍ਹਾਂ ਪੰਜਾਬੀਆਂ ਸਿਰ ਸਜਿਆ ਜਿੱਤ ਦਾ ਤਾਜ-
ਇੰਗਲੈਂਡ 'ਚ ਤਨਮਨਜੀਤ ਸਿੰਘ ਢੇਸੀ ਜੋ ਕਿ ਇਕ ਵਾਰ ਫਿਰ ਸਲੋਹ ਤੋਂ ਚੋਣ ਲੜੇ ਤੇ ਉਨ੍ਹਾਂ ਨੇ ਜਿੱਤ ਹਾਸਲ ਕੀਤੀ। ਈਲਿੰਗ ਸਾਊਥਲ ਤੋਂ ਵਰਿੰਦਰ ਸ਼ਰਮਾ, ਹੈਸਟਨ ਫੈਲਥਮ ਤੋਂ ਸੀਮਾ ਮਲਹੋਤਰਾ ਅਤੇ ਬਰਮਿੰਘਮ ਐਜ਼ਬਾਸਟਨ ਤੋਂ ਪ੍ਰੀਤ ਕੌਰ ਗਿੱਲ ਨੇ ਜਿੱਤ ਹਾਸਲ ਕੀਤੀ।

PunjabKesari

ਉੱਥੇ ਹੀ, ਕੈਨੇਡਾ ਦੇ 338 ਚੋਣ ਹਲਕਿਆਂ 'ਚੋਂ ਲਿਬਰਲ ਪਾਰਟੀ ਦੀ ਝੋਲੀ 156 ਸੀਟਾਂ ਜਦਕਿ ਕੰਜ਼ਰਵੇਟਿਵ ਪਾਰਟੀ ਨੂੰ 121 ਸੀਟਾਂ ਹਾਸਲ ਹੋਈਆਂ ਅਤੇ ਪੰਜਾਬੀ ਮੂਲ ਦੇ ਜਗਮੀਤ ਸਿੰਘ ਦੀ ਪਾਰਟੀ ਨੇ 24 ਸੀਟਾਂ ਹਾਸਲ ਕੀਤੀਆਂ। ਕੈਨੇਡਾ 'ਚ 18 ਪੰਜਾਬੀਆਂ ਨੇ ਆਪਣੀ ਜਿੱਤ ਦੇ ਝੰਡੇ ਗੱਡੇ। ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਲਿਬਰਲ ਪਾਰਟੀ ਨਾਲ ਹੀ ਸਬੰਧਤ ਹਨ। ਅੰਜੂ ਢਿੱਲੋਂ (ਹਲਕਾ ਲਸੀਨ-ਲਾਸਾਨ / ਕਿਊਬੈੱਕ), ਬਰਦੀਸ਼ ਚੱਗਰ (ਹਲਕਾ ਵਾਟਰਲੂ, ਓਂਟਾਰੀਓ ), ਬੌਬ ਸਰੋਏ (ਹਲਕਾ ਮਾਰਖਮ ਯੂਨੀਅਨਵਿਲ/ ਓਂਟਾਰੀਓ ), ਗਗਨ ਸਿਕੰਦ (ਹਲਕਾ ਮਿਸੀਸਾਗਾ- ਸਟਰੀਟਸਵਿਲ/ ਓਟਾਰੀਓ), ਜੈਗ ਸਹੋਤਾ (ਹਲਕਾ ਕੈਲਗਰੀ ਸਕਾਈਵਿਊ/ਅਲਬਰਟਾ ), ਜਗਮੀਤ ਸਿੰਘ (ਹਲਕਾ ਬਰਨਬੀ ਸਾਊਥ/ ਬ੍ਰਿਟਿਸ਼ ਕੋਲੰਬੀਆ), ਜਸਰਾਜ ਸਿੰਘ ਹੱਲਣ (ਹਲਕਾ ਕੈਲਗਰੀ ਮੈਕਾਲ/ਅਲਬਰਟਾ), ਕਮਲ ਖਹਿਰਾ (ਹਲਕਾ ਬਰੈਂਪਟਨ ਵੈਸਟ/ਓਂਟਾਰੀਓ), ਮਨਿੰਦਰ ਸਿੰਘ ਸਿੱਧੂ (ਹਲਕਾ ਬਰੈਂਪਟਨ ਈਸਟ/ ਓਂਟਾਰੀਓ ), ਨਵਦੀਪ ਸਿੰਘ ਬੈਂਸ (ਹਲਕਾ ਮਿਸੀਸਾਗਾ-ਮਾਲਟਨ/ ਓਂਟਾਰੀਓ ), ਰਾਜ ਸੈਣੀ (ਹਲਕਾ ਕਿਚਨਰ ਸੈਂਟਰ/ਓਂਟਾਰੀਓ), ਰਾਮੇਸ਼ਵਰ ਸਿੰਘ ਸੰਘਾ (ਹਲਕਾ ਬਰੈਂਪਟਨ ਸੈਂਟਰ/ ਓਂਟਾਰੀਓ), ਰਣਦੀਪ ਸਿੰਘ ਸਰਾਏ (ਹਲਕਾ ਸਰੀ ਸੈਂਟਰ/ ਰਿਟਿਸ਼ ਕੋਲੰਬੀਆ ), ਰੂਬੀ ਸਹੋਤਾ (ਹਲਕਾ ਬਰੈਂਪਟਨ ਨੌਰਥ/ ਓਂਟਾਰੀਓ), ਹਰਜੀਤ ਸਿੰਘ ਸੱਜਣ (ਹਲਕਾ ਵੈਨਕੂਵਰ ਸਾਊਥ/ਬ੍ਰਿਟਿਸ਼ ਕੋਲੰਬੀਆ ), ਸੋਨੀਆ ਸਿੱਧੂ (ਹਲਕਾ ਬਰੈਂਪਟਨ ਸਾਊਥ/ ਓਂਟਾਰੀਓ), ਸੁੱਖ ਧਾਲੀਵਾਲ (ਹਲਕਾ ਸਰੀ ਸੈਂਟਰ/ ਬ੍ਰਿਟਿਸ਼ ਕੋਲੰਬੀਆ ), ਟਿਮ ਉੱਪਲ (ਹਲਕਾ ਐਡਮਿੰਟਨ-ਮਿੱਲਵੁੱਡਜ਼/ ਅਲਬਰਟਾ) ਨੇ ਕੈਨੇਡਾ 'ਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।

 

PunjabKesari
ਇਨ੍ਹਾਂ ਦੇਸ਼ਾਂ 'ਚ ਬਦਲੀ ਸੱਤਾ, ਯੁਕਰੇਨ 'ਚ ਕਾਮੇਡੀਅਨ ਨੂੰ ਮਿਲੀ ਕਮਾਨ—
ਸ਼੍ਰੀਲੰਕਾ 'ਚ 16 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਈਆਂ ਤੇ ਜਨਤਾ ਨੇ ਸਾਬਕਾ ਰੱਖਿਆ ਮੰਤਰੀ ਗੌਤਬਾਯਾ ਰਾਜਪਕਸ਼ੇ ਨੂੰ ਰਾਸ਼ਟਰਪਤੀ ਚੁਣਿਆ ਗਿਆ। ਇਜ਼ਰਾਇਲ 'ਚ ਇਕ ਸਾਲ 'ਚ ਤੀਜੀ ਵਾਰ 17 ਸਤੰਬਰ ਨੂੰ ਹੋਈਆਂ ਪ੍ਰਧਾਨ ਮੰਤਰੀ ਅਹੁਦੇ ਦੀਆਂ ਚੋਣਾਂ 'ਚ ਅਜੇ ਤਕ ਕਿਸੇ ਵੀ ਪਾਰਟੀ ਆਪਣੇ ਦਮ 'ਤੇ ਸਰਕਾਰ ਨਹੀਂ ਬਣਾ ਸਕੀ। ਯੁਕਰੇਨ 'ਚ ਇਕ ਕਾਮੇਡੀਅਨ ਵੋਲੋਦੀਮੀਰ ਜ਼ੇਲੇਂਸਕੀ ਨੂੰ ਲੋਕਾਂ ਨੇ ਰਾਸ਼ਟਰਪਤੀ ਚੁਣਿਆ। ਓਧਰ ਅਫਗਾਨਿਸਤਾਨ 'ਚ ਵੀ ਅਸ਼ਰਫ ਗਨੀ ਨੂੰ ਮੁੜ ਰਾਸ਼ਟਰਪਤੀ ਬਣਨ ਦਾ ਮੌਕਾ ਮਿਲਿਆ ਹੈ।


Related News