ਚੀਨ ਨੇ ਬੰਗਲਾ ਦੇਸ਼ ਨਾਲ ਵਧਾਈ ਨੇੜਤਾ, ਕੀਤੀ BRI ਪ੍ਰਾਜੈਕਟ ਨੂੰ ਅੱਗੇ ਵਧਾਉਣ ਦੀ ਅਪੀਲ

10/04/2020 4:05:48 PM

ਬੀਜਿੰਗ (ਭਾਸ਼ਾ): ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਉਹ ਬੰਗਲਾਦੇਸ਼ ਅਤੇ ਚੀਨ ਦੀਆਂ ਰਣਨੀਤੀਆਂ ਵਿਚ ਬਿਹਤਰ ਤਾਲਮੇਲ ਸਥਾਪਿਤ ਕਰਨ ਅਤੇ ਅਰਬਾਂ ਡਾਲਰ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ.ਆਰ.ਆਈ.) ਨੂੰ ਸੰਯੁਕਤ ਰੂਪ ਨਾਲ ਵਧਾਵਾ ਦੇਣ ਦੇ ਲਈ ਬੰਗਲਾਦੇਸ਼ੀ ਨੇਤਾਵਾਂ ਦੇ ਨਾਲ ਖੜ੍ਹੇ ਹਨ ਤਾਂ ਜੋ ਦੋਹਾਂ ਦੇਸ਼ਾਂ ਦੀ ਰਣਨੀਤਕ ਹਿੱਸੇਦਾਰੀ ਨਵੀਂ ਉੱਚਾਈ 'ਤੇ ਲਿਆਂਦੀ ਜਾ ਸਕੇ। ਸ਼ੀ ਨੇ ਇਹ ਟਿੱਪਣੀ ਐਤਵਾਰ ਨੂੰ ਦੋਹਾਂ ਦੇਸ਼ਾਂ ਦੇ ਵਿਚ ਦੋ-ਪੱਖੀ ਡਿਪਲੋਮੈਟਿਕ ਸੰਬੰਧਾਂ ਦੇ 45 ਸਾਲ ਪੂਰੇ ਹੋਣ ਦੇ ਮੌਕੇ 'ਤੇ ਆਪਣੇ ਬੰਗਲਾਦੇਸ਼ੀ ਹਮਰੁਤਬਾ ਮੁਹੰਮਦ ਅਬਦੁੱਲ ਹਾਮਿਦ ਨੂੰ ਵਧਾਈ ਸੰਦੇਸ਼ ਦਿੰਦੇ ਹੋਏ ਕੀਤੀ।

ਅਧਿਕਾਰਤ ਮੀਡੀਆ ਦੇ ਮੁਤਾਬਕ, ਸ਼ੀ ਨੇ ਆਪਣੇ ਸੰਦੇਸ਼ ਵਿਚ ਦੋਹਾਂ ਦੇਸ਼ਾਂ ਦੇ ਵਿਚ ਲਗਾਤਾਰ ਅਤੇ ਲੰਬੇ ਸਮੇਂ ਦੀ ਦੋਸਤੀ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਬੰਗਲਾਦੇਸ਼ ਦੇ ਨਾਲ ਵਿਕਾਸ ਰਣਨੀਤੀਆਂ ਨੂੰ ਬਿਹਤਰ ਢੰਗ ਨਾਲ ਸ਼ਾਮਲ ਕਰ ਕੇ, ਬੀ.ਆਰ.ਆਈ. ਖਾਕੇ ਦੇ ਤਹਿਤ ਸਹਿਯੋਗ ਕਰਨ ਅਤੇ ਚੀਨ-ਬੰਗਲਾਦੇਸ਼ ਦੀ ਰਣਨੀਤਕ ਹਿੱਸੇਦਾਰੀ ਨੂੰ ਨਵੇਂ ਪੱਧਰ 'ਤੇ ਲਿਜਾਣ ਲਈ ਹਾਮਿਦ ਦੇ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਨ। ਗੌਰਤਲਬ ਹੈ ਕਿ ਚੀਨ ਨੇ ਬੰਗਲਾਦੇਸ਼ ਵਿਚ 26 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ ਜਦਕਿ 38 ਅਰਬ ਡਾਲਰ ਨਿਵੇਸ਼ ਕਰਨ ਦੀ ਵਚਨਬੱਧਤਾ ਜ਼ਾਹਰ ਕੀਤੀ ਹੈ। 

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਵਾਪਰਿਆ ਸੜਕ ਹਾਦਸਾ, 18 ਲੋਕਾਂ ਦੀ ਮੌਤ

ਇਸ ਦੇ ਨਾਲ ਹੀ ਬੰਗਲਾਦੇਸ਼ ਉਹਨਾਂ ਦੇਸ਼ਾਂ ਵਿਚ ਸ਼ਾਮਲ ਹੋ ਗਿਆ ਹੈ ਜਿੱਥੇ ਚੀਨ ਨੇ ਬੁਨਿਆਦੀ ਢਾਂਚੇ ਵਿਚ ਸਭ ਤੋਂ ਵੱਧ ਨਿਵੇਸ਼ ਕੀਤਾ ਹੈ। ਉੱਥੇ ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਨੇ ਵੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਵਧਾਈ ਸੰਦੇਸ਼ ਦਿੱਤਾ। ਉਹਨਾਂ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਚੀਨ ਬੰਗਲਾਦੇਸ਼ ਦੇ ਨਾਲ ਵਿਭਿੰਨ ਖੇਤਰਾਂ ਵਿਚ ਵਿਹਾਰਿਕ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਚਾਹਵਾਨ ਹੈ। ਹਸੀਨਾ ਨੇ ਕਿਹਾ ਕਿ ਬੰਗਲਾਦੇਸ਼ ਅਤੇ ਚੀਨ ਦੀ ਸਮੇਂ ਦੇ ਨਾਲ ਪਰਖੀ ਗਈ ਦੋਸਤੀ ਹੁਣ ਰਣਨੀਤਕ ਹਿੱਸੇਦਾਰੀ ਵਿਚ ਵਿਕਸਿਤ ਹੋ ਚੁੱਕੀ ਹੈ।


Vandana

Content Editor

Related News