ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਰਾਕੇਟ ਫੋਰਸ ਦਾ ਕੀਤਾ ਨਿਰੀਖਣ
Saturday, Oct 19, 2024 - 06:56 PM (IST)
ਬੀਜਿੰਗ (ਏਜੰਸੀ)- ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਫੌਜ ਦੀ ਰਣਨੀਤਕ ਮਿਜ਼ਾਈਲ ਫੋਰਸ ਦੀ ਇਕ ਬ੍ਰਿਗੇਡ ਦਾ ਨਿਰੀਖਣ ਕੀਤਾ ਹੈ, ਜਿਸ ਵਿਚ ਭ੍ਰਿਸ਼ਟਾਚਾਰ ਦੇ ਕਾਰਨ ਹਾਲ ਹੀ ਦੇ ਸਾਲਾਂ ਵਿਚ ਵੱਡੇ ਪੱਧਰ 'ਤੇ ਅਫਸਰਾਂ ਦੀ ਛਾਂਟੀ ਕੀਤੀ ਗਈ ਸੀ। ਸ਼ਨੀਵਾਰ ਨੂੰ ਮੀਡੀਆ 'ਚ ਪ੍ਰਕਾਸ਼ਿਤ ਇਕ ਖਬਰ 'ਚ ਇਹ ਜਾਣਕਾਰੀ ਦਿੱਤੀ ਗਈ। ਸਰਕਾਰੀ ਸਮਾਚਾਰ ਏਜੰਸੀ ਅਨੁਸਾਰ, ਸ਼ੀ ਨੇ ਵੀਰਵਾਰ ਨੂੰ ਹੇਫੇਈ ਵਿੱਚ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਰਾਕੇਟ ਫੋਰਸ ਦਾ ਦੌਰਾ ਕੀਤਾ, ਜੋ ਪ੍ਰਮਾਣੂ ਹਥਿਆਰਾਂ ਸਮੇਤ ਮਿਜ਼ਾਈਲਾਂ ਦਾ ਸੰਚਾਲਨ ਕਰਨ ਵਾਲੀ ਫੌਜ ਦੀ ਇਕ ਪ੍ਰਮੁੱਖ ਇਕਾਈ ਹੈ।
ਇਹ ਵੀ ਪੜ੍ਹੋ: ED ਨੇ ਅਧਿਕਾਰੀਆਂ ਨੂੰ ਕਿਹਾ- ਦਫ਼ਤਰੀ ਸਮੇਂ ਦੌਰਾਨ ਹੀ ਕਰੋ ਪੁਛਗਿੱਛ, ਕਿਸੇ ਨੂੰ ਪ੍ਰੇਸ਼ਾਨ ਨਾ ਕਰੋ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਰਣਨੀਤਕ ਮਿਜ਼ਾਈਲ ਸੈਨਿਕਾਂ ਨੂੰ ਆਪਣੀ ਰੋਕਥਾਮ ਅਤੇ ਲੜਾਕੂ ਸਮਰੱਥਾ ਨੂੰ ਮਜ਼ਬੂਤ ਕਰਨ ਅਤੇ ਚੀਨ ਦੀ ਕਮਿਊਨਿਸਟ ਪਾਰਟੀ (ਸੀ.ਪੀ.ਸੀ.) ਅਤੇ ਲੋਕਾਂ ਦੁਆਰਾ ਸੌਂਪੇ ਗਏ ਕੰਮਾਂ ਨੂੰ ਦ੍ਰਿੜਤਾ ਨਾਲ ਨਿਭਾਉਣ ਦੀ ਅਪੀਲ ਕੀਤੀ। ਰਾਕੇਟ ਫੋਰਸ ਦੀ ਸਥਾਪਨਾ 2015 ਵਿੱਚ ਸ਼ੀ ਦੇ ਫੌਜੀ ਪੁਨਰਗਠਨ ਦੇ ਹਿੱਸੇ ਵਜੋਂ ਕੀਤੀ ਗਈ ਸੀ। ਇਹ ਫੌਜ ਵਿੱਚ ਚਲਾਈ ਜਾ ਰਹੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਕੇਂਦਰ ਵਿੱਚ ਰਹੀ ਹੈ। ਸੱਤਾਧਾਰੀ ਸੀ.ਪੀ.ਸੀ. ਦੀ ਅਗਵਾਈ ਕਰ ਰਹੇ ਰਾਸ਼ਟਰਪਤੀ ਅਹੁਦੇ 'ਤੇ ਬੈਠੇ ਸ਼ੀ (71) ਚੀਨੀ ਫੌਜ ਦੀ ਸਮੁੱਚੀ ਹਾਈ ਕਮਾਂਡ, ਸੈਂਟਰਲ ਮਿਲਟਰੀ ਕਮਿਸ਼ਨ (ਸੀ.ਐੱਮ.ਸੀ.) ਦੇ ਵੀ ਮੁਖੀ ਹਨ।
ਇਹ ਵੀ ਪੜ੍ਹੋ: ਬ੍ਰਿਟਿਸ਼ ਕੋਲੰਬੀਆ 'ਚ ਵਿਧਾਨ ਸਭਾ ਚੋਣਾਂ ਅੱਜ, 37 ਪੰਜਾਬੀ ਉਮੀਦਵਾਰ ਵੀ ਅਜ਼ਮਾ ਰਹੇ ਨੇ ਕਿਸਮਤ
ਲੰਬੀ ਅਤੇ ਛੋਟੀ ਦੂਰੀ ਦੀਆਂ ਮਿਜ਼ਾਈਲਾਂ ਨੂੰ ਚਲਾਉਣ ਵਾਲੀ ਰਾਕੇਟ ਫੋਰਸ ਦਾ ਉਨ੍ਹਾਂ ਦਾ ਦੌਰਾ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਹਾਲ ਹੀ ਦੇ ਸਾਲਾਂ ਵਿਚ ਇਸ ਪ੍ਰਮੁੱਖ ਫੌਜੀ ਯੂਨਿਟ ਵਿਚ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਚਲਾਈ ਗਈ ਹੈ। ਸਾਬਕਾ ਰੱਖਿਆ ਮੰਤਰੀ ਜਨਰਲ ਲੀ ਸ਼ਾਂਗਫੂ ਸਮੇਤ ਇਸ ਦੇ ਕਈ ਅਧਿਕਾਰੀਆਂ ਨੂੰ ਕਥਿਤ ਭ੍ਰਿਸ਼ਟਾਚਾਰ ਕਾਰਨ ਬਰਖਾਸਤ ਕਰ ਦਿੱਤਾ ਗਿਆ ਸੀ। ਜਨਰਲ ਲੀ ਸ਼ਾਂਗਫੂ, ਰੱਖਿਆ ਮੰਤਰੀ ਬਣਨ ਤੋਂ ਪਹਿਲਾਂ ਰਾਕੇਟ ਫੋਰਸ ਦੇ ਮੁਖੀ ਸਨ। ਬਾਅਦ ਵਿੱਚ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ। ਉਨ੍ਹਾਂ ਦੇ ਉੱਤਰਾਧਿਕਾਰੀ, ਜਨਰਲ ਲੀ ਯੁਚਾਓ, ਜਿਨ੍ਹਾਂ ਨੇ 2022 ਵਿਚ ਇਸ ਦੇ ਕਮਾਂਡਰ ਦੀ ਭੂਮਿਕਾ ਸੰਭਾਲੀ ਸੀ, ਨੂੰ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸ ਸਾਲ ਜੁਲਾਈ ਵਿਚ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਰਾਕੇਟ ਫੋਰਸ ਦੇ ਮੁਖੀ ਜਨਰਲ ਸਨ ਜਿਨਮਿੰਗ ਦੇ ਖਿਲਾਫ ਭ੍ਰਿਸ਼ਟਾਚਾਰ ਵਿਰੋਧੀ ਜਾਂਚ ਦਾ ਐਲਾਨ ਕੀਤਾ ਸੀ। ਪਿਛਲੇ ਸਾਲ ਤੋਂ PLA ਦੀ ਰਾਕੇਟ ਫੋਰਸ ਦੇ ਘੱਟੋ-ਘੱਟ 7 ਸਾਬਕਾ ਜਾਂ ਸੇਵਾ ਕਰ ਰਹੇ ਸੀਨੀਅਰ ਫੌਜੀ ਅਫਸਰਾਂ ਨੂੰ ਭ੍ਰਿਸ਼ਟਾਚਾਰ ਰੋਕੂ ਜਾਂਚ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਵੀ ਪੜ੍ਹੋ: ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ’ਚ ਗਿਰਾਵਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8