ਅਮਰੀਕੀ ਆਰਥਿਕਤਾ ਨੂੰ ਦੂਜੀ ਵਿਸ਼ਵ ਜੰਗ ਤੋਂ ਬਾਅਦ ਪਹਿਲੀ ਵਾਰ ਲੱਗਾ ਵੱਡਾ ਝਟਕਾ
Friday, Jul 31, 2020 - 08:17 AM (IST)
ਵਾਸ਼ਿੰਗਟਨ, (ਇੰਟ.)– ਇਸ ਸਾਲ ਅਪ੍ਰੈਲ ਤੋਂ ਜੂਨ ਤੱਕ ਦੇ ਤਿੰਨ ਮਹੀਨਿਆਂ ਅੰਦਰ ਅਮਰੀਕੀ ਆਰਥਿਕਤਾ ਨੂੰ ਵੱਡੀ ਸੱਟ ਵੱਜੀ ਹੈ ਅਤੇ ਦੂਜੀ ਵਿਸ਼ਵ ਜੰਗ ਤੋਂ ਬਾਅਦ ਪਹਿਲੀ ਵਾਰ ਇਸ ’ਚ ਭਾਰੀ ਕਮੀ ਹੋਈ ਹੈ। ਜੀ. ਡੀ. ਪੀ. ਘਟ ਕੇ 32.9 ਫੀਸਦੀ ਰਹਿ ਗਈ ਹੈ।
ਸਰਕਾਰ ਵਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ’ਚ ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਕਾਰਣ ਦੇਸ਼ ਦੀ ਆਰਥਿਕਤਾ ਨੂੰ ਵੱਡੀ ਢਾਅ ਵੱਜੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 1.43 ਮਿਲੀਅਨ ਅਮਰੀਕੀ ਲੋਕਾਂ ਨੇ ਬੇਰੋਜ਼ਗਾਰੀ ਭੱਤਾ ਲੈਣ ਲਈ ਅਰਜ਼ੀ ਦਿੱਤੀ ਹੈ। 1945 ਦੇ ਅੰਕੜਿਆਂ ਮੁਤਾਬਕ ਦੇਸ਼ ’ਚ ਉਦੋਂ ਤੋਂ ਹੁਣ ਤੱਕ ਪਹਿਲੀ ਵਾਰ ਆਰਥਿਕਤਾ ਨੂੰ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਰਥਿਕ ਮਾਹਰਾਂ ਨੂੰ ਉਮੀਦ ਸੀ ਕਿ ਆਰਥਿਕਤਾ ਨੂੰ ਕੁਝ ਰਾਹਤ ਮਿਲੇਗੀ ਪਰ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਦੇ ਵਧਦੇ ਰਹਿਣ ਕਾਰਣ ਇਸ ਨੂੰ ਹੋਰ ਢਾਅ ਵੱਜਣ ਦਾ ਡਰ ਹੈ। ਪਿਛਲੇ ਵਿੱਤੀ ਸੰਕਟ ਦੌਰਾਨ 2008 ’ਚ ਜੀ. ਡੀ. ਪੀ. ਘਟ ਕੇ 8.4 ਫੀਸਦੀ ਰਹਿ ਗਈ ਸੀ। ਇਸ ਤੋਂ ਪਹਿਲਾਂ 1958 ’ਚ ਇਹ 10 ਫੀਸਦੀ ਤੱਕ ਘਟ ਗਈ ਸੀ।
ਇਸ ਵਾਰ ਜੀ. ਡੀ. ਪੀ. ’ਚ ਕਮੀ ਦਾ ਮੁੱਖ ਕਾਰਣ ਕੋਰੋਨਾ ਵਾਇਰਸ ਹੀ ਹੈ। ਇਸ ਸਾਲ ਅਪ੍ਰੈਲ ’ਚ ਅਮਰੀਕਾ ਦੇ ਕਈ ਵਪਾਰਿਕ ਅਦਾਰੇ ਬੰਦ ਹੋ ਗਏ। ਇਕ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਦੱਸਿਆ ਕਿ ਮੈਂ ਆਪਣੀ ਜ਼ਿੰਦਗੀ ’ਚ ਪਹਿਲੀ ਵਾਰ ਆਰਥਿਕਤਾ ’ਚ ਅਜਿਹੀ ਮੰਦੀ ਦੇਖੀ ਹੈ। ਪਹਿਲਾਂ ਤਾਂ ਮੈਂ ਸਮਝਦਾ ਸੀ ਕਿ ਇਹ ਇਕ ਕੁਦਰਤੀ ਕਰੋਪੀ ਹੈ ਪਰ ਹੁਣ ਇਸ ਤਰ੍ਹਾਂ ਲਗਦਾ ਹੈ ਕਿ ਅਮਰੀਕਾ ਸਮੇਤ ਸਾਰੀ ਦੁਨੀਆ ਹੀ ਇਸ ਗੈਰ-ਕੁਦਰਤੀ ਕਰੋਪੀ ਦੀ ਲਪੇਟ ’ਚ ਆ ਗਈ ਹੈ। ਇੰਨੀ ਮਾੜੀ ਹਾਲਤ ਪਹਿਲਾਂ ਕਦੀ ਨਹੀਂ ਹੋਈ। ਦੇਸ਼ ’ਚ ਬੇਰੋਜ਼ਗਾਰੀ ਦੇ ਵਧਣ ਕਾਰਣ ਅਮਰੀਕੀ ਸੈਂਸੈਕਸ ਨੂੰ ਵੀ ਚਿੰਤਾ ਲੱਗੀ ਹੋਈ ਹੈ।