ਕੀ ਖਾਣੇ ਦੇ ਪੈਕੇਟ ਨਾਲ ਫੈਲ ਸਕਦੈ ਕੋਰੋਨਾ ਵਾਇਰਸ, WHO ਨੇ ਦਿੱਤਾ ਇਹ ਜਵਾਬ

Sunday, Aug 16, 2020 - 09:41 AM (IST)

ਕੀ ਖਾਣੇ ਦੇ ਪੈਕੇਟ ਨਾਲ ਫੈਲ ਸਕਦੈ ਕੋਰੋਨਾ ਵਾਇਰਸ, WHO ਨੇ ਦਿੱਤਾ ਇਹ ਜਵਾਬ

ਜੇਨੇਵਾ : ਵਿਸ਼ਵ ਸਿਹਤ ਸੰਗਠਨ (WHO) ਨੇ ਭਰੋਸਾ ਦਿਵਾਇਆ ਹੈ ਕਿ ਖਾਣਾ ਜਾਂ ਫਿਰ ਖਾਣੇ ਦੇ ਪੈਕੇਟ ਨਾਲ ਕੋਰੋਨਾ ਵਾਇਰਸ ਫੈਲਣ ਦੇ ਸਬੂਤ ਨਹੀਂ ਮਿਲੇ ਹਨ। WHO ਦਾ ਇਹ ਬਿਆਨ ਠੀਕ ਉਸ ਖ਼ਬਰ ਦੇ ਬਾਅਦ ਆਇਆ ਹੈ, ਜਿਸ ਵਿਚ ਚੀਨ ਵੱਲੋਂ ਕਿਹਾ ਗਿਆ ਸੀ ਕਿ ਉਸ ਦੇ 2 ਸ਼ਹਿਰਾਂ ਵਿਚ ਬ੍ਰਾਜ਼ੀਲ ਤੋਂ ਆਯਾਤ ਕੀਤੇ ਗਏ ਫਰੋਜਨ ਚਿਕਨ ਵਿੰਗਸ ਦੀ ਜਦੋਂ ਜਾਂਚ ਕੀਤੀ ਗਈ ਤਾਂ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ। ਇਸ ਦੇ ਇਲਾਵਾ ਇਕਵਾਡੋਰ ਤੋਂ ਆਏ ਖਾਣੇ ਦੇ ਸਾਮਾਨ ਦੇ ਪੈਕੇਟ 'ਤੇ ਵੀ ਵਾਇਰਸ ਮਿਲਿਆ।

ਸੰਗਠਨ ਨੇ ਅਪੀਲ ਕੀਤੀ ਹੈ ਕਿ ਲੋਕ ਖਾਣੇ ਨਾਲ ਪੀੜਤ ਹੋਣ ਨੂੰ ਲੈ ਕੇ ਨਾ ਡਰਣ। WHO ਦੇ ਐਮਰਜੈਂਸੀ ਪ੍ਰੋਗਰਾਮ ਦੇ ਮੁਖੀ ਮਾਈਕ ਰਿਯਾਨ ਨੇ ਕਿਹਾ ਕਿ ਲੋਕ ਖਾਣੇ ਦੀ ਡਿਲਿਵਰੀ ਜਾਂ ਪ੍ਰੋਸੈਸ ਫੂਡ ਦੇ ਪੈਕੇਟ ਦੀ ਵਰਤੋਂ ਕਰਣ ਤੋਂ ਨਾ ਡਰਣ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਖਾਣੇ ਦੀਆਂ ਚੀਜ਼ਾਂ ਜਾਂ ਉਨ੍ਹਾਂ ਦੀ ਪੈਕੇਜਿੰਗ ਕਾਰਨ ਕੋਰੋਨਾ ਵਾਇਰਸ ਹੋ ਜਾਏ।  ਉਥੇ ਹੀ WHO ਦੀ ਮਹਾਮਾਰੀ ਮਾਹਰ ਮਾਰੀਆ ਵੈਨ ਕੇਰਖੋਵੇ ਨੇ ਕਿਹਾ ਕਿ ਚੀਨ ਨੇ ਲੱਖਾਂ ਪੈਕੇਟ ਦੀ ਜਾਂਚ ਕੀਤੀ ਹੈ ਅਤੇ ਬਹੁਤ ਹੀ ਘੱਟ ਪਾਜ਼ੇਟਿਵ ਮਾਮਲੇ ਆਏ ਹਨ, 10 ਤੋਂ ਵੀ ਘੱਟ।

ਉਥੇ ਹੀ ਬ੍ਰਾਜ਼ੀਲ ਦੇ ਖੇਤੀਬਾੜੀ ਮੰਤਰਾਲਾ ਨੇ ਵੀ ਚੀਨ ਦੇ ਇਸ ਦਾਅਵੇ 'ਤੇ ਸ਼ੱਕ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਇਸ ਬਾਰੇ ਵਿਚ ਚੀਨੀ ਸਰਕਾਰ ਤੋਂ ਸਪਸ਼ਟੀਕਰਨ ਅਤੇ ਦਾਅਵੇ ਨਾਲ ਜੁੜੇ ਸਬੂਤ ਮੰਗੇ ਗਏ ਹਨ। ਉੱਧਰ ਇਕਵਾਡੋਰ ਦੇ ਪ੍ਰੋਡਕਸ਼ਨ ਮਿਨੀਸਟਰ ਇਵਾਨ ਓਂਟਾਨੇਡਾ ਨੇ ਕਿਹਾ ਹੈ ਕਿ ਅਸੀਂ ਫਰੋਜਨ ਫ਼ੂਡ ਦੇ ਮਾਮਲੇ ਵਿਚ ਬੇਹੱਦ ਸਖ਼ਤ ਨਿਯਮਾਂ ਅਤੇ ਅਨੁਸ਼ਾਸਨ ਦਾ ਪਾਲਣ ਕਰਦੇ ਹਾਂ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੁਨੀਆਭਰ ਦੇ ਮਾਹਰਾਂ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਹਵਾ ਵਿਚ ਵੀ ਮੌਜੂਦ ਰਹਿ ਸਕਦਾ ਹੈ। ਬਾਅਦ ਵਿਚ WHO ਨੇ ਮੰਨਿਆ ਸੀ ਕਿ ਕੋਰੋਨਾ ਵਾਇਰਸ ਦੇ ਕਣ ਹਵਾ ਵਿਚ ਵੀ ਮੌਜੂਦ ਰਹਿ ਸਕਦੇ ਹਨ।


author

cherry

Content Editor

Related News