ਵਿਸ਼ਵ ਬੈਂਕ ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਨੂੰ ਦੇਵੇਗਾ 70 ਕਰੋੜ ਡਾਲਰ ਦਾ ਕਰਜ਼ਾ

Friday, Jun 30, 2023 - 12:31 PM (IST)

ਵਿਸ਼ਵ ਬੈਂਕ ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਨੂੰ ਦੇਵੇਗਾ 70 ਕਰੋੜ ਡਾਲਰ ਦਾ ਕਰਜ਼ਾ

ਕੋਲੰਬੋ (ਭਾਸ਼ਾ)- ਵਿਸ਼ਵ ਬੈਂਕ ਨੇ ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਨੂੰ ਉਭਰਨ ਲਈ 70 ਕਰੋੜ ਡਾਲਰ ਦੇ ਕਰਜ਼ੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਾਰਚ ਵਿੱਚ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨਾਲ ਹੋਏ ਸਮਝੌਤੇ ਤੋਂ ਬਾਅਦ ਇਹ ਸਭ ਤੋਂ ਵੱਡੀ ਵਿੱਤੀ ਸਹਾਇਤਾ ਹੈ। ਸ਼੍ਰੀਲੰਕਾ ਇਸ ਸਮੇਂ ਆਪਣੇ ਸਭ ਤੋਂ ਵੱਡੇ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਦੇਸ਼ ਦੀ ਆਰਥਿਕਤਾ ਵਿੱਚ 2022 ਵਿੱਚ 7 ਪ੍ਰਤੀਸ਼ਤ ਤੋਂ ਵੱਧ ਗਿਰਾਵਟ ਆਈ ਸੀ ਅਤੇ ਆਰਥਿਕ ਮੁਸ਼ਕਲਾਂ ਨੇ ਲੋਕਾਂ ਨੂੰ ਦੇਸ਼ ਭਰ ਵਿੱਚ ਸੜਕਾਂ 'ਤੇ ਆ ਕੇ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਕੀਤਾ ਸੀ। ਇਸ ਕਾਰਨ ਸ਼੍ਰੀਲੰਕਾ ਦੇ ਸ਼ਕਤੀਸ਼ਾਲੀ ਰਾਜਪਕਸ਼ੇ ਪਰਿਵਾਰ ਨੂੰ ਰਾਜਨੀਤੀ ਤੋਂ ਬਾਹਰ ਹੋਣਾ ਪਿਆ ਸੀ।

ਵਿਸ਼ਵ ਬੈਂਕ ਨੇ ਇਕ ਬਿਆਨ 'ਚ ਕਿਹਾ ਕਿ ਉਸ ਦੇ ਨਿਰਦੇਸ਼ਕ ਮੰਡਲ ਨੇ ਬੁੱਧਵਾਰ ਨੂੰ ਸ਼੍ਰੀਲੰਕਾ ਨੂੰ ਆਰਥਿਕ ਸੰਕਟ 'ਤੇ ਕਾਬੂ ਪਾਉਣ 'ਚ ਮਦਦ ਲਈ 70 ਕਰੋੜ ਡਾਲਰ ਦੇ ਕਰਜ਼ੇ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਿੱਚੋਂ 50 ਕਰੋੜ ਡਾਲਰ ਬਜਟ ਸਹਾਇਤਾ, ਜਦਕਿ 20 ਕਰੋੜ ਡਾਲਰ ਸਮਾਜਿਕ ਸੁਰੱਖਿਆ ਲਈ ਮਨਜ਼ੂਰ ਕੀਤੇ ਗਏ ਹਨ। ਆਈ.ਐੱਮ.ਐੱਫ. ਵੱਲੋਂ ਮਾਰਚ ਵਿੱਚ 2.9 ਅਰਬ ਡਾਲਰ ਦੀ ਐਕਸਟੈਂਡਡ ਫੰਡ ਸਹੂਲਤ (ਈ.ਐੱਫ.ਐੱਫ.) ਪ੍ਰਦਾਨ ਕਰਨ ਲਈ ਇੱਕ ਸਮਝੌਤਾ ਹੋਣ ਦੇ ਬਾਅਦ ਸ਼੍ਰੀਲੰਕਾ ਲਈ ਇਹ ਸਭ ਤੋਂ ਵੱਡੀ ਵਿੱਤੀ ਸਹਾਇਤਾ ਹੈ। ਮੁਦਰਾ ਫੰਡ ਨੇ ਮਾਰਚ ਵਿੱਚ ਸ਼੍ਰੀਲੰਕਾ ਨੂੰ ਆਰਥਿਕ ਸੰਕਟ ਤੋਂ ਉਬਾਰਨ ਵਿੱਚ ਮਦਦ ਕਰਨ ਲਈ 3 ਅਰਬ ਡਾਲਰ ਦੇ ਰਾਹਤ ਪੈਕੇਜ ਨੂੰ ਮਨਜ਼ੂਰੀ ਦਿੱਤੀ ਸੀ।


author

cherry

Content Editor

Related News