ਲਿਫ਼ਟ ਲੈ ਕੇ ਈਦ ਮਨਾਉਣ ਘਰ ਜਾਂਦੇ ਮਜ਼ਦੂਰਾਂ ''ਤੇ ਵਰ੍ਹਿਆ ਕਹਿਰ ! 15 ਦੀ ਹੋਈ ਦਰਦਨਾਕ ਮੌਤ, ਢਾਕਾ ''ਚ ਮਾਤਮ
Monday, May 25, 2026 - 01:18 PM (IST)
ਇੰਟਰਨੈਸ਼ਨਲ ਡੈਸਕ- ਭਾਰਤ ਦੇ ਗੁਆਂਢੀ ਮੁਲਕ ਬੰਗਲਾਦੇਸ਼ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਟਾਂਗੈਲ ਜ਼ਿਲ੍ਹੇ ਵਿੱਚ ਸੋਮਵਾਰ ਤੜਕੇ ਹਾਈਵੇਅ 'ਤੇ ਸਰੀਏ ਨਾਲ ਲੱਦਿਆ ਇਕ ਟਰੱਕ, ਜਿਸ 'ਚ ਕੁਝ ਮਜ਼ਦੂਰ ਵੀ ਸਵਾਰ ਸਨ, ਬੇਕਾਬੂ ਹੋ ਕੇ ਪਲਟ ਗਿਆ। ਇਸ ਭਿਆਨਕ ਹਾਦਸੇ ਵਿੱਚ ਘੱਟੋ-ਘੱਟ 15 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 10 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਹਾਦਸੇ ਦੀ ਜਾਣਕਾਰੀ ਦਿੰਦਿਆਂ ਸਥਾਨਕ ਪੁਲਸ ਮੁਖੀ ਫੁਆਦ ਹੁਸੈਨ ਨੇ ਦੱਸਿਆ ਕਿ ਇਹ ਹਾਦਸਾ ਰਾਜਧਾਨੀ ਢਾਕਾ ਤੋਂ ਲਗਭਗ 83 ਕਿਲੋਮੀਟਰ ਦੂਰ ਸੋਰਾਤੋਇਲ ਇਲਾਕੇ ਵਿੱਚ ਸਵੇਰੇ ਕਰੀਬ 5 ਵਜੇ ਵਾਪਰਿਆ, ਜਦੋਂ ਤੇਜ਼ ਰਫ਼ਤਾਰ ਟਰੱਕ ਦੇ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਤੇ ਟਰੱਕ ਹਾਈਵੇਅ 'ਤੇ ਹੀ ਪਲਟ ਗਿਆ।

ਪੁਲਸ ਮੁਤਾਬਕ, ਆਉਣ ਵਾਲੇ ਵੀਰਵਾਰ ਨੂੰ ਇਸਲਾਮਿਕ ਤਿਉਹਾਰ ਈਦ-ਉਲ-ਜ਼ੁਹਾ (ਬਕਰੀਦ) ਦੇ ਸਬੰਧ ਵਿੱਚ ਦੇਸ਼ ਵਿੱਚ ਛੁੱਟੀਆਂ ਸ਼ੁਰੂ ਹੋਣ ਵਾਲੀਆਂ ਹਨ। ਟਰੱਕ 'ਚ ਸਵਾਰ ਜ਼ਿਆਦਾਤਰ ਲੋਕ ਦਿਹਾੜੀਦਾਰ ਮਜ਼ਦੂਰ ਸਨ, ਜੋ ਤਿਉਹਾਰ ਮਨਾਉਣ ਲਈ ਢਾਕਾ ਤੋਂ ਉੱਤਰੀ ਖੇਤਰ ਵਿੱਚ ਸਥਿਤ ਆਪਣੇ ਪਿੰਡਾਂ ਅਤੇ ਪਰਿਵਾਰਾਂ ਵੱਲ ਜਾ ਰਹੇ ਸਨ। ਕੋਈ ਹੋਰ ਸਾਧਨ ਨਾ ਮਿਲਣ ਕਾਰਨ ਉਹ ਲਿਫ਼ਟ ਲੈ ਕੇ ਇਸ ਟਰੱਕ 'ਤੇ ਸਵਾਰ ਹੋ ਗਏ ਸਨ, ਪਰ ਰਸਤੇ ਵਿੱਚ ਹੀ ਇਹ ਰੂਹ ਕੰਬਾਊ ਭਾਣਾ ਵਰਤ ਗਿਆ।
ਇਹ ਵੀ ਪੜ੍ਹੋ- ਈਦ ਦੀਆਂ ਛੁੱਟੀਆਂ ਰੱਦ ! ਹੁਣ ਸਿਰਫ਼ ਇਸ ਦਿਨ ਹੋਵੇਗੀ Holiday, CM ਸ਼ੁਭੇਂਦੂ ਨੇ ਕੀਤਾ ਐਲਾਨ
ਚਸ਼ਮਦੀਦਾਂ ਨੇ ਦੱਸਿਆ ਕਿ ਤੜਕੇ ਜ਼ੋਰਦਾਰ ਆਵਾਜ਼ ਸੁਣ ਕੇ ਉਹ ਮੌਕੇ 'ਤੇ ਪਹੁੰਚੇ ਅਤੇ ਟਰੱਕ ਦੇ ਹੇਠਾਂ ਅਤੇ ਸਰੀਆਂ 'ਚ ਫਸੇ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ। ਪੁਲਸ ਅਤੇ ਪ੍ਰਸ਼ਾਸਨ ਨੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਦਾਖ਼ਲ ਕਰਵਾਇਆ ਹੈ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਜ਼ਿਕਰਯੋਗ ਹੈ ਕਿ 17 ਕਰੋੜ ਤੋਂ ਵੱਧ ਦੀ ਆਬਾਦੀ ਵਾਲੇ ਬੰਗਲਾਦੇਸ਼ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ, ਖ਼ਸਤਾਹਾਲ ਸੜਕਾਂ ਅਤੇ ਅਨਟ੍ਰੇਨਡ ਡਰਾਈਵਿੰਗ ਕਾਰਨ ਹਰ ਸਾਲ ਸੜਕ ਹਾਦਸਿਆਂ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਅਜਿਹੇ 'ਚ ਇਹ ਭਿਆਨਕ ਹਾਦਸਾ ਟਰੈਫਿਕ ਨਿਯਮਾਂ ਵੱਲ ਸਰਕਾਰ ਵੱਲੋਂ ਧਿਆਨ ਦਿੱਤੇ ਜਾਣ ਦੀ ਲੋੜ ਨੂੰ ਉਜਾਗਰ ਕਰਦਾ ਹੈ।
ਇਹ ਵੀ ਪੜ੍ਹੋ- ਅਮਰੀਕਾ 'ਚ ਇਕ ਹੋਰ ਪੰਜਾਬੀ 'ਤੇ ਡਿੱਗੀ ਗਾਜ ! ਡਿਪੋਰਟ ਹੋਵੇਗਾ ਪਰਮਿੰਦਰਪਾਲ ਸਿੰਘ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
