ਸਪੇਨ ''ਚ ਰੋਜ਼ਾਨਾ 6 ਘੰਟੇ ਬਿਨਾ ਤਨਖਾਹ ਦੇ ਕੰਮ ਕਰਦੀਆਂ ਹਨ ਔਰਤਾਂ : ਅਧਿਐਨ

Friday, Mar 09, 2018 - 01:55 PM (IST)

ਸਪੇਨ ''ਚ ਰੋਜ਼ਾਨਾ 6 ਘੰਟੇ ਬਿਨਾ ਤਨਖਾਹ ਦੇ ਕੰਮ ਕਰਦੀਆਂ ਹਨ ਔਰਤਾਂ : ਅਧਿਐਨ

ਮੈਡਰਿਡ (ਬਿਊਰੋ)— ਵਰਤਮਾਨ ਸਮੇਂ ਵਿਚ ਔਰਤਾਂ ਘਰ ਦੇ ਨਾਲ-ਨਾਲ ਬਾਹਰ ਵੀ ਕੰਮ ਕਰਦੀਆਂ ਹਨ। ਇਕ ਅਧਿਐਨ ਮੁਤਾਬਕ ਸਪੇਨ ਵਿਚ ਔਰਤਾਂ ਨੂੰ ਰੋਜ਼ਾਨਾ 13 ਘੰਟੇ ਕੰਮ ਕਰਨਾ ਪੈਂਦਾ ਹੈ ਪਰ ਇਸ ਦੇ ਬਦਲੇ ਉਨ੍ਹਾਂ ਨੂੰ ਤਨਖਾਹ ਸਿਰਫ 7.3 ਘੰਟੇ ਦੀ ਮਿਲਦੀ ਹੈ। ਇਸ ਗੱਲ ਦਾ ਖੁਲਾਸਾ ਈ. ਏ. ਈ. ਬਿਜਨਸ ਸਕੂਲ ਦੀ ਇਕ ਰਿਪੋਰਟ ਤੋਂ ਹੋਇਆ ਹੈ। ਇਕ ਏਜੰਸੀ ਮੁਤਾਬਕ ਪ੍ਰੋਫੈਸਰ ਲਾਰਾ ਸੈਂਗਨੀਅਰ ਵੱਲੋਂ ਕੀਤੇ ਗਏ ਇਕ ਅਧਿਐਨ ਵਿਚ ਦੱਸਿਆ ਗਿਆ ਹੈ ਕਿ ਸਪੇਨ ਵਿਚ ਔਰਤਾਂ ਨੂੰ ਮੁਸ਼ਕਲ ਹਾਲਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਖਾਸ ਤੌਰ 'ਤੇ ਬੱਚਿਆਂ ਦੀ ਦੇਖਭਾਲ ਸਮੇਤ ਘਰੇਲੂ ਕੰਮਾਂ ਲਈ ਤਨਖਾਹ ਨਹੀਂ ਦਿੱਤੀ ਜਾਂਦੀ। ਅਧਿਐਨ ਵਿਚ ਸ਼ਾਮਲ 2,400 ਔਰਤਾਂ ਨੇ ਘਰ ਨੂੰ ਇਕ ਵੱਡੀ ਸਮੱਸਿਆ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਆਮਦਨ ਵਿਚ ਅੰਤਰ ਦੇ ਬਾਵਜੂਦ ਉਨ੍ਹਾਂ ਨੂੰ ਪਰਿਵਾਰ ਦੇ ਖਰਚ ਵਿਚ 42 ਫੀਸਦੀ ਯੋਗਦਾਨ ਕਰਨਾ ਪੈਂਦਾ ਹੈ। ਬੱਚਾ ਹੋਣ 'ਤੇ ਔਰਤਾਂ ਦੀ ਮੁਸੀਬਤ ਹੋਰ ਵੱਧ ਜਾਂਦੀ ਹੈ। ਮਾਂ ਨੂੰ ਘਰ ਦੇ ਕੰਮ ਦੇ ਵਿਚ 76 ਫੀਸਦੀ ਯੋਗਦਾਨ ਦੇਣਾ ਪੈਂਦਾ ਹੈ ਜਦਕਿ ਪਿਤਾ ਸਿਰਫ 24 ਫੀਸਦੀ ਯੋਗਦਾਨ ਦਿੰਦਾ ਹੈ। ਇਹ ਰਿਪੋਰਟ ਸਪੇਨ ਵਿਚ ਵੀਰਵਾਰ ਨੂੰ ਹੋਈ ਇਤਿਹਾਸਿਕ ਨਾਰੀਵਾਦੀ ਹੜਤਾਲ ਦੇ ਇਕ ਦਿਨ ਪਹਿਲਾਂ ਪ੍ਰਕਾਸ਼ਿਤ ਹੋਈ ਹੈ। ਔਰਤਾਂ ਦੇ ਵਿਰੋਧ ਦਾ ਕਾਰਨ ਇਹ ਹੈ ਕਿ ਇਕ ਹੀ ਤਰ੍ਹਾਂ ਦੇ ਕੰਮ ਲਈ ਮਰਦਾਂ ਨੂੰ ਜ਼ਿਆਦਾ ਤਨਖਾਹ ਮਿਲਦੀ ਹੈ ਜਦਕਿ ਉਨ੍ਹਾਂ ਨੂੰ ਘੱਟ ਤਨਖਾਹ ਦਿੱਤੀ ਜਾਂਦੀ ਹੈ। ਔਰਤਾਂ ਦੀ ਇਹ ਹੜਤਾਲ ਲਿੰਗੀ ਹਿੰਸਾ, ਯੌਣ ਸ਼ੋਸ਼ਣ ਆਦਿ ਨੂੰ ਲੈ ਕੇ ਵੀ ਸੀ।


Related News