ਅਮਰੀਕਾ : ਵ੍ਹਾਈਟ ਹਾਊਸ 'ਚ ਪੁਰਸ਼ਾਂ ਨਾਲੋਂ ਔਰਤਾਂ ਦੀ ਗਿਣਤੀ ਵਧੇਰੇ, ਤਨਖ਼ਾਹ 'ਚ ਵੀ ਮਾਮੂਲੀ ਫਰਕ

Friday, Jul 02, 2021 - 12:51 PM (IST)

ਅਮਰੀਕਾ : ਵ੍ਹਾਈਟ ਹਾਊਸ 'ਚ ਪੁਰਸ਼ਾਂ ਨਾਲੋਂ ਔਰਤਾਂ ਦੀ ਗਿਣਤੀ ਵਧੇਰੇ, ਤਨਖ਼ਾਹ 'ਚ ਵੀ ਮਾਮੂਲੀ ਫਰਕ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵ੍ਹਾਈਟ ਹਾਊਸ ਵਿਚ ਸੀਨੀਅਰ ਸਟਾਫ ਅਹੁਦਿਆਂ ਵਿਚੋਂ 56 ਫੀਸਦੀ 'ਤੇ ਔਰਤਾਂ ਦੀ ਨਿਯੁਕਤੀ ਕੀਤੀ, ਜਿਹਨਾਂ ਵਿਚੋਂ 36 ਫੀਸਦੀ ਔਰਤਾਂ ਵੱਖ-ਵੱਖ ਨਸਲਾਂ, ਜਾਤੀਆਂ  ਦੇ ਪਿਛੋਕੜ ਨਾਲ ਸਬੰਧਿਤ ਹਨ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ।

ਬਾਈਡੇਨ ਪ੍ਰਸ਼ਾਸਨ ਨੇ ਵੀਰਵਾਰ ਨੂੰ ਆਪਣੇ ਕਰਮਚਾਰੀਆਂ ਦਾ ਲਿੰਗੀ ਅਤੇ ਤਨਖ਼ਾਹ ਸੰਬੰਧੀ ਵਿਸ਼ਲੇਸ਼ਣ ਜਾਰੀ ਕੀਤਾ। ਬਾਈਡੇਨ ਪ੍ਰਸ਼ਾਸਨ ਨੇ ਕਿਹਾ ਕਿ ਅੰਕੜੇ ਦਿਖਾਉਂਦੇ ਹਨ ਕਿ ਇਹ ਇਤਿਹਾਸ ਦਾ ਸਭ ਤੋਂ ਵਿਭਿੰਨ ਪ੍ਰਸ਼ਾਸਨ ਹੈ ਅਤੇ ਸਟਾਫ ਵਿਚ ਪੁਰਸ਼ਾਂ ਅਤੇ ਔਰਤਾਂ ਦੀ ਤਨਖ਼ਾਹ ਵਿਚ ਫਰਕ ਬਹੁਤ ਮਾਮੂਲੀ ਹੈ ਪ੍ਰਸ਼ਾਸਨ ਵਿਚ ਔਰਤਾਂ ਦੀ ਔਸਤ ਤਨਖ਼ਾਹ 93,752 ਡਾਲਰ ਹੈ ਜਦਕਿ ਪੁਰਸ਼ਾਂ ਦੀ ਔਸਤ ਤਨਖ਼ਾਹ 94,639 ਡਾਲਰ ਹੈ ਮਤਲਬ ਇਸ ਵਿਚ ਸਿਰਫ ਇਕ ਫੀਸਦ ਦਾ ਫਰਕ ਹੈ।

ਪੜ੍ਹੋ ਇਹ ਅਹਿਮ ਖਬਰ-  ਅਮਰੀਕਾ: ਸਟਾਕ ਮਾਰਕੀਟ ਐਪ ਰੌਬਿਨਹੁੱਡ ਨੂੰ ਤਕਰੀਬਨ 70 ਮਿਲੀਅਨ ਡਾਲਰ ਦਾ ਜੁਰਮਾਨਾ

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵਿਚ ਪਹਿਲੇ ਸਾਲ ਵਿਚ ਤਨਖ਼ਾਹ ਵਿਚ 37 ਫੀਸਦੀ ਦਾ ਫਰਕ ਸੀ ਜਦਕਿ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ 16 ਫੀਸਦੀ ਦਾ ਫਰਕ ਸੀ। ਵ੍ਹਾਈਟ ਹਾਊਸ ਨੇ ਕਾਂਗਰਸ ਨੂੰ ਦਿੱਤੀ ਰਿਪੋਰਟ ਵਿਚ ਕਿਹਾ,''ਵਿਭਿੰਨਤਾ ਅਤੇ ਤਨਖਾਹ ਵਿਚ ਬਰਾਬਰੀ ਦੀ ਰਾਸ਼ਟਰਪਤੀ ਦੀ ਵਚਨਬੱਧਤਾ ਮੁਤਾਬਕ ਵ੍ਹਾਈਟ ਹਾਊਸ ਨੇ ਇਹ ਯਕੀਨੀ ਕਰਨ ਲਈ ਕਈ ਅਹਿਮ ਕਦਮ ਚੁੱਕੇ ਕਿ ਉਸ ਦੇ ਸਟਾਫ਼ ਵਿਚ ਦੇਸ਼ ਦੇ ਵਿਭਿੰਨ ਭਾਈਚਾਰਿਆਂ ਦੀ ਨੁਮਾਇੰਦਗੀ ਹੋਵੇ ਅਤੇ ਆਰਥਿਕ ਅਤੇ ਸਮਾਜਿਕ ਨਿਆਂ ਦੇ ਉੱਚ ਮਾਪਦੰਡਾਂ ਦਾ ਪਾਲਣ ਹੋਵੇ।'' ਅਮਰੀਕਾ ਦੇ ਲੇਬਰ ਸਟੇਟੇਸਟਿਕਸ ਬਿਊਰੋ ਦੀ ਰਿਪੋਰਟ ਮੁਤਾਬਕ ਬਾਈਡੇਨ ਪ੍ਰਸ਼ਾਸਨ ਵਿਚ ਵ੍ਹਾਈਟ ਹਾਊਸ ਸਟਾਫ਼ ਵਿਚ ਕਰੀਬ 60 ਫੀਸਦੀ ਔਰਤਾਂ ਹਨ। 2019 ਦੀ ਅਮਰੀਕੀ ਮਰਦਮਸ਼ੁਮਾਰੀ ਮੁਤਾਬਕ ਦੇਸ਼ ਦੀ ਆਬਾਦੀ ਦਾ ਕਰੀਬ 50.8 ਫ਼ੀਸਦੀ ਹਿੱਸਾ ਔਰਤਾਂ ਦਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News