7 ਸਾਲਾ ਬੇਟੇ ਹੱਥੋਂ ਗਲਤੀ ਨਾਲ ਚੱਲੀ ਗੋਲੀ, ਮਾਂ ਦੀ ਮੌਤ

Wednesday, Jul 10, 2019 - 03:39 PM (IST)

7 ਸਾਲਾ ਬੇਟੇ ਹੱਥੋਂ ਗਲਤੀ ਨਾਲ ਚੱਲੀ ਗੋਲੀ, ਮਾਂ ਦੀ ਮੌਤ

ਓਵਾਨ ਬਟੋਰ— ਪੱਛਮੀ ਮੰਗੋਲੀਆ 'ਚ ਇਕ 39 ਸਾਲ ਦੀ ਮਹਿਲਾ ਨੂੰ ਉਸ ਦੇ ਸੱਤ ਸਾਲ ਦੇ ਬੇਟੇ ਨੇ ਗੋਲੀ ਮਾਰ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਗੋਵੀ-ਅਲਤਾਈ ਸੂਬੇ 'ਚ ਵਾਪਰੀ। ਸ਼ੁਰੂਆਤੀ ਜਾਂਚ 'ਚ ਅਧਿਕਾਰੀਆਂ ਨੂੰ ਪਤਾ ਲੱਗਿਆ ਕਿ ਬੱਚੇ ਹੱਥੋਂ ਗਲਤੀ ਨਾਲ ਗੋਲੀ ਚੱਲ ਗਈ, ਜਿਸ ਨਾਲ ਉਸ ਦੀ ਮਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਸ ਹਾਦਸੇ 'ਚ ਬੱਚੇ ਦੀ ਪੰਜ ਸਾਲਾ ਭੈਣ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਹੈ।

ਪੁਲਸ ਵਿਭਾਗ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਨੂੰ ਹਥਿਆਰਾਂ ਤੋਂ ਦੂਰ ਰੱਖਣ। ਸਾਲ 2014 ਦੇ ਸਰਕਾਰੀ ਅੰਕੜਿਆਂ ਮੁਤਾਬਕ ਮੰਗੋਲੀਆ 'ਚ ਲਗਭਗ 47 ਹਜ਼ਾਰ ਬੰਦੂਕਾਂ ਨਾਗਰਿਕਾਂ ਦੇ ਨਾਂ ਰਜਿਸਟਰਡ ਹਨ। ਦੇਸ਼ ਦੇ ਰਾਸ਼ਟਰੀ ਸਟੈਟਿਸਟਿਕਸ ਦਫਤਰ ਦੀ ਮੰਨੀਏ ਤਾਂ ਦੇਸ਼ 'ਚ 94 ਫੀਸਦੀ ਨਾਗਰਿਕ ਸ਼ਿਕਾਰ ਲਈ ਬੰਦੂਕਾਂ ਦੀ ਵਰਤੋਂ ਕਰਗੇ ਹਨ। ਇਸ ਤੋਂ ਪਹਿਲਾਂ ਅਮਰੀਕਾ ਦੇ ਹਾਰਟਫੋਰਡ 'ਚ ਅਜਿਹੀ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਸੀ, ਜਿਥੇ ਅਦਾਲਤ ਨੇ ਇਕ ਔਰਤ ਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਉਸ ਦਾ 15 ਸਾਲ ਦਾ ਬੇਟਾ ਬੰਦੂਕ ਨਾਲ ਸਕੂਲ ਪਹੁੰਚ ਗਿਆ ਸੀ। ਅਦਾਲਤ ਨੇ ਆਪਣੇ ਫੈਸਲੇ 'ਚ ਕਿਹਾ ਸੀ ਕਿ ਆਖਿਰ ਪਰਿਵਾਰ ਵਾਲੇ ਆਪਣੇ ਬੱਚਿਆਂ ਨੂੰ ਹਥਿਆਰ ਲੈ ਕੇ ਸਕੂਲ ਜਾਣ ਦੀ ਆਗਿਆ ਕਿਵੇਂ ਦੇ ਸਕਦੇ ਹਨ। ਪੁਲਸ ਨੇ ਆਪਣੀ ਜਾਂਚ 'ਚ ਪਾਇਆ ਕਿ ਮਹਿਲਾ ਨੂੰ ਪਤਾ ਸੀ ਕਿ ਉਸ ਦੇ ਬੱਚੇ ਕੋਲ ਹਥਿਆਰ ਹੈ।

ਜ਼ਿਕਰਯੋਗ ਹੈ ਕਿ 2017 'ਚ ਅਮਰੀਕਾ 'ਚ ਹੋਏ ਇਕ ਸਰਵੇ 'ਚ ਖੁਲਾਸਾ ਹੋਇਆ ਸੀ ਕਿ ਉਥੇ ਲਗਭਗ 40 ਫੀਸਦੀ ਲੋਕਾਂ ਕੋਲ ਬੰਦੂਕਾਂ ਹਨ। ਹੈਰਾਨੀ ਦੀ ਗੱਲ ਹੈ ਇਹ ਵੀ ਹੈ ਕਿ ਦੇਸ਼ 'ਚ ਹਥਿਆਰ ਖਰੀਦਣਾ ਬੇਹੱਦ ਸਸਤਾ ਹੈ। ਅਮਰੀਕਾ 'ਚ 21 ਸਾਲ ਤੋਂ ਪਹਿਲਾਂ ਅਲਕੋਹਲ ਖਰੀਦਣਾ ਗੈਰ-ਕਾਨੂੰਨੀ ਹੈ ਪਰ ਇਥੇ ਜ਼ਿਆਦਾਤਰ ਸੂਬਿਆਂ 'ਚ ਨੌਜਵਾਨ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਏ.ਆਰ.-15 ਮਿਲਟ੍ਰੀ ਸਟਾਈਲ ਰਾਈਫਲ ਖਰੀਦ ਸਕਦੇ ਹਨ। ਕਾਨੂੰਨ ਦੇ ਤਹਿਤ ਇਥੇ ਹੈਂਡਗਨ ਖਰੀਦਣ ਦੇ ਲਈ ਸਖਤ ਹਦਾਇਤਾਂ ਹਨ। 21 ਸਾਲ ਤੋਂ ਉਪਰ ਦੀ ਉਮਰ ਵਾਲੇ ਕਿਸੇ ਲਾਈਸੰਸੀ ਡੀਲਰ ਤੋਂ ਇਸ ਨੂੰ ਖਰੀਦ ਸਕਦੇ ਹਨ। ਮਿਲਟ੍ਰੀ ਰਾਈਫਲ ਦੇ ਲਈ ਕੋਈ ਖਾਸ ਨਿਯਮ ਜਾਂ ਸਖਤੀ ਨਹੀਂ ਹੈ।


author

Baljit Singh

Content Editor

Related News