ਇਟਲੀ 'ਚ 3 ਔਰਤਾਂ ਨੇ ਬੁਰਕਾਧਾਰੀ ਬੰਗਲਾਦੇਸ਼ੀ ਔਰਤ ਦੀ ਕੀਤੀ ਕੁੱਟਮਾਰ, ਪਾੜਿਆ ਬੁਰਕਾ
Friday, Dec 09, 2022 - 09:56 PM (IST)

ਰੋਮ (ਦਲਵੀਰ ਕੈਂਥ) : ਇਟਲੀ ਦੇ ਪ੍ਰਸਿੱਧ ਇਲਾਕੇ ਵਿਨੇਸ਼ੀਆ ਜ਼ਿਲ੍ਹੇ 'ਚ ਪੈਂਦੇ ਸ਼ਹਿਰ ਮਰਗੇਰਾ ਵਿਖੇ ਇਕ ਬੰਗਲਾਦੇਸ਼ੀ 29 ਸਾਲਾ ਔਰਤ ਨੂੰ ਇਸ ਕਾਰਨ ਬੇਇੱਜ਼ਤ ਹੋਣਾ ਪਿਆ ਕਿਉਂਕਿ ਉਹ ਇਸਲਾਮ ਧਰਮ ਅਨੁਸਾਰ ਬੁਰਕਾ ਪਾ ਕੇ ਘਰੋਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾ ਰਹੀ ਸੀ। ਇਟਲੀ ਦੀਆਂ ਰਾਸ਼ਟਰੀ ਅਖਬਾਰਾਂ 'ਚ ਮੁੱਖ ਸੁਰਖੀ ਬਣੀ ਇਸ ਘਟਨਾ ਅਨੁਸਾਰ ਬੀਤੇ ਦਿਨ ਇਕ ਬੰਗਲਾਦੇਸ਼ੀ ਔਰਤ ਜਿਹੜੀ ਕਿ ਇਲਾਕੇ ਦੇ ਇਮਾਮ ਦੀ ਸ਼ਾਰੀਕ-ਏ-ਹਿਆਤ (ਧਰਮਪਤਨੀ) ਹੈ, ਜਿਹੜੀ ਕਿ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਬੁਰਕਾ ਪਾ ਕੇ ਜਾ ਰਹੀ ਸੀ। ਰਸਤੇ 'ਚ 3 ਔਰਤਾਂ ਨੇ ਉਸ ਦਾ ਬੁਰਕਾ ਇਹ ਕਹਿ ਪਾੜ ਦਿੱਤਾ ਕਿ ਉਹ ਭੂਤ ਵਾਂਗ ਦਿਸਦੀ ਹੈ। ਇਸ ਬੁਰਕੇ ਵਿੱਚ ਪੀੜਤ ਔਰਤ ਦੀਆਂ ਸਿਰਫ਼ ਅੱਖਾਂ ਹੀ ਦਿਸਦੀਆਂ ਸਨ, ਜਦੋਂ ਕਿ ਸਰੀਰ ਦਾ ਸਾਰਾ ਹਿੱਸਾ ਢਕਿਆ ਹੋਇਆ ਸੀ।
ਇਹ ਵੀ ਪੜ੍ਹੋ : ਫਰਾਂਸ 'ਚ 18 ਤੋਂ 25 ਸਾਲ ਦੇ ਨੌਜਵਾਨਾਂ ਨੂੰ ਮਿਲਣਗੇ ਫ੍ਰੀ ਕੰਡੋਮ, ਜਾਣੋ ਸਰਕਾਰ ਨੇ ਕਿਉਂ ਲਿਆ ਫ਼ੈਸਲਾ
ਇਨ੍ਹਾਂ ਔਰਤਾਂ ਨੇ ਬੰਗਲਾਦੇਸ਼ੀ ਔਰਤ ਦਾ ਪਹਿਲਾਂ ਤਾਂ ਬੁਰਕਾ ਪਾੜਿਆ ਤੇ ਬਾਅਦ ਵਿੱਚ ਉਸ ਨੂੰ ਮੁੱਕਿਆਂ ਨਾਲ ਕੁੱਟਿਆ। ਇਹ ਲੜਾਈ ਦੇਖ ਜਦੋਂ ਪੀੜਤਾ ਦੇ ਪਿਤਾ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਇਨ੍ਹਾਂ 3 ਔਰਤਾਂ ਨੇ ਧੱਕਾ ਮਾਰ ਕੇ ਦੂਰ ਸੁੱਟ ਦਿੱਤਾ। ਪੀੜਤ ਔਰਤ ਨੇ ਬਹੁਤ ਮੁਸ਼ਕਿਲ ਹਮਲਾਵਰ ਔਰਤਾਂ ਤੋਂ ਆਪਣਾ-ਆਪ ਬਚਾਇਆ ਤੇ ਪੁਲਸ ਕੋਲ ਉਨ੍ਹਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਸਮੁੱਚੇ ਮੁਸਲਿਮ ਭਾਈਚਾਰੇ ਵਿੱਚ ਤਿੱਖਾ ਰੋਹ ਦੇਖਿਆ ਜਾ ਰਿਹਾ ਹੈ। ਪੀੜਤ ਔਰਤ ਪਿਛਲੇ 15 ਸਾਲ ਤੋਂ ਇਟਲੀ 'ਚ ਰਹਿ ਰਹੀ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਤਾਲਵੀ ਬੋਲੀ ਦੀ ਜਾਣਕਾਰ ਹੈ।
ਇਹ ਵੀ ਪੜ੍ਹੋ : CM ਮਾਨ ਵੱਲੋਂ ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ, ਪੇਂਡੂ ਤੇ ਮੰਡੀ ਵਿਕਾਸ ਫੰਡਜ਼ ਨੂੰ ਲੈ ਕੇ ਕੀਤੀ ਇਹ ਮੰਗ
ਜ਼ਿਕਰਯੋਗ ਹੈ ਕਿ ਇਟਲੀ ਦੀ ਸੰਸਦ ਕਮੇਟੀ ਨੇ ਦੇਸ਼ ਵਿੱਚ ਬੁਰਕਾ ਪਹਿਨਣ 'ਤੇ ਸੰਨ 2011 ਤੋਂ ਪੂਰਨ ਪਾਬੰਦੀ ਲਗਾਈ ਹੋਈ ਹੈ, ਜਿਸ ਦੀ ਉਲੰਘਣਾ ਕਰਨ ਵਾਲੇ ਨੂੰ 100 ਤੋਂ 300 ਯੂਰੋ ਤੱਕ ਜੁਰਮਾਨਾ ਵੀ ਹੋ ਸਕਦਾ ਹੈ, ਜਦੋਂ ਕਿ ਬੁਰਕਾ ਪਹਿਨਣ ਲਈ ਮਜਬੂਰ ਕਰਨ ਵਾਲੇ ਸ਼ਖ਼ਸ ਨੂੰ 30,000 ਯੂਰੋ ਤੱਕ ਜੁਰਮਾਨਾ ਤੇ 1 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਪਰ ਜਦੋਂ ਇਹ ਕਾਨੂੰਨ ਪਾਸ ਹੋਇਆ ਸੀ ਤਾਂ ਕੁਝ ਲੋਕਾਂ ਨੇ ਇਸ ਦਾ ਇਟਲੀ ਭਰ ਵਿੱਚ ਵਿਰੋਧ ਵੀ ਕੀਤਾ ਸੀ।
ਇਹ ਵੀ ਪੜ੍ਹੋ : ਬਹੁ-ਚਰਚਿਤ ਸ਼ਰਾਬ ਫੈਕਟਰੀ ਮਾਮਲਾ, ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਧਰਨਾਕਾਰੀਆਂ ਵੱਲੋਂ ਪਿੱਛੇ ਹਟਣ ਤੋਂ ਇਨਕਾਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।