ਟੋਕੀਓ ''ਚ ਚਾਕੂ ਹਮਲੇ ''ਚ ਔਰਤ ਜ਼ਖਮੀ, ਹਮਲਾਵਰ ਮੌਕੇ ਤੋਂ ਫਰਾਰ
Monday, Dec 29, 2025 - 02:37 PM (IST)
ਟੋਕੀਓ: ਜਾਪਾਨ ਦੀ ਰਾਜਧਾਨੀ ਟੋਕੀਓ ਦੇ ਸ਼ਿੰਜੁਕੂ ਵਾਰਡ 'ਚ ਇੱਕ ਔਰਤ 'ਤੇ ਚਾਕੂ ਨਾਲ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਜੇ.ਆਰ. ਤਾਕਾਦਾਨੋਬਾਬਾ ਸਟੇਸ਼ਨ ਤੋਂ ਲਗਭਗ 200 ਮੀਟਰ ਦੱਖਣ-ਪੱਛਮ 'ਚ ਵਾਪਰੀ। ਪੁਲਸ ਮੁਤਾਬਕ ਹਮਲਾਵਰ ਇੱਕ ਪਤਲਾ ਜਿਹਾ ਵਿਅਕਤੀ ਸੀ ਜੋ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਔਰਤ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਉਹ ਹੋਸ਼ 'ਚ ਹੈ। ਪੁਲਸ ਵੱਲੋਂ ਜਨਤਾ ਨੂੰ ਹਮਲਾਵਰ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ।
ਫੈਕਟਰੀ 'ਚ ਖੂਨੀ ਖੇਡ, 15 ਲੋਕ ਜ਼ਖਮੀ
ਇਸ ਤੋਂ ਪਹਿਲਾਂ 26 ਦਸੰਬਰ ਨੂੰ ਸ਼ਿਜ਼ੂਓਕਾ ਪ੍ਰੀਫੈਕਚਰ ਦੀ ਇੱਕ ਯੋਕੋਹਾਮਾ ਰਬੜ ਫੈਕਟਰੀ 'ਚ ਚਾਕੂਬਾਜ਼ੀ ਦੀ ਵੱਡੀ ਘਟਨਾ ਵਾਪਰੀ ਸੀ, ਜਿਸ 'ਚ ਲਗਭਗ 15 ਲੋਕ ਜ਼ਖਮੀ ਹੋ ਗਏ ਸਨ। ਪੁਲਸ ਨੇ ਇਸ ਮਾਮਲੇ ਵਿੱਚ 38 ਸਾਲਾ ਮਾਸਾਕੀ ਓਯਾਮਾ ਨੂੰ ਇਰਾਦਾ-ਏ-ਕਤਲ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲੇ ਦੌਰਾਨ ਫੈਕਟਰੀ ਵਿੱਚ ਕੋਈ ਅਣਪਛਾਤਾ ਤਰਲ ਪਦਾਰਥ ਵੀ ਸੁੱਟਿਆ ਗਿਆ ਸੀ, ਜਿਸ ਦੀ ਜਾਂਚ ਜਾਰੀ ਹੈ। ਜ਼ਿਕਰਯੋਗ ਹੈ ਕਿ ਇਸ ਟਾਇਰ ਬਣਾਉਣ ਵਾਲੀ ਫੈਕਟਰੀ ਵਿੱਚ ਲਗਭਗ 980 ਕਰਮਚਾਰੀ ਕੰਮ ਕਰਦੇ ਹਨ।
ਰੂਸ ਨੇ ਪੁਲਾੜ 'ਚ ਗੱਡੇ ਝੰਡੇ! ਸੋਯੂਜ਼ ਰਾਕੇਟ ਰਾਹੀਂ ਇੱਕੋ ਵਾਰ ਲਾਂਚ ਕੀਤੇ 52 ਸੈਟੇਲਾਈਟ
ਮਸ਼ਹੂਰ ਪੌਪ ਗਰੁੱਪ ਦੇ ਪ੍ਰੋਗਰਾਮ 'ਤੇ ਹਮਲਾ
ਜਾਪਾਨ ਦੇ ਫੁਕੂਓਕਾ ਵਿੱਚ ਵੀ 14 ਦਸੰਬਰ ਨੂੰ ਅਜਿਹੀ ਹੀ ਇੱਕ ਘਟਨਾ ਵਾਪਰੀ ਸੀ। ਉੱਥੇ HKT48 ਨਾਮਕ ਮਸ਼ਹੂਰ ਫੀਮੇਲ ਪੌਪ ਗਰੁੱਪ ਦੇ ਇੱਕ ਪ੍ਰੋਗਰਾਮ ਦੌਰਾਨ 30 ਸਾਲਾ ਨਾਓਆ ਯਾਮਾਗੁਚੀ ਨੇ ਇੱਕ ਈਵੈਂਟ ਵਰਕਰ ਅਤੇ ਇੱਕ ਮਹਿਲਾ ਦਰਸ਼ਕ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਹਮਲਾਵਰ ਨੇ ਪੁਲਸ ਕੋਲ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਪੀੜਤ ਵਰਕਰ ਦੇ ਸੀਨੇ ਵਿੱਚ ਚਾਕੂ ਮਾਰਿਆ ਗਿਆ ਸੀ ਜਦੋਂ ਉਸਨੇ ਹਮਲਾਵਰ ਨੂੰ ਟੋਕਣ ਦੀ ਕੋਸ਼ਿਸ਼ ਕੀਤੀ ਸੀ। ਇਨ੍ਹਾਂ ਲਗਾਤਾਰ ਹੋ ਰਹੀਆਂ ਘਟਨਾਵਾਂ ਨੇ ਜਾਪਾਨ ਵਿੱਚ ਜਨਤਕ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
