ਲੰਡਨ 'ਚ ਮੁਸਲਿਮ ਮਹਿਲਾ ਨਾਲ ਕੀਤੀ ਗਈ ਬਦਸਲੂਕੀ, ਖਿੱਚਿਆ ਹਿਜਾਬ

06/11/2017 5:34:22 PM

ਲੰਡਨ— ਬ੍ਰਿਟੇਨ ਵਿਚ ਇਕ ਮੁਸਲਿਮ ਮਹਿਲਾ ਨੂੰ ਧੱਕਾ ਦੇ ਕੇ ਸੜਕ 'ਤੇ ਸੁੱਟਣ ਅਤੇ ਉਸ ਦਾ ਹਿਜਾਬ ਖਿੱਚਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਪੀਟਰਬਰੋ ਦੇ ਫੇਨਗੇਟ ਦੀ ਹੈ। ਇੱਥੇ ਇਕ ਮਹਿਲਾ ਆਪਣੀ 3 ਸਾਲ ਦੀ ਬੇਟੀ ਨਾਲ ਕਾਰ 'ਚੋਂ ਉਤਰੀ ਅਤੇ ਉਸ ਨੇ ਸੜਕ ਪਾਰ ਕੀਤੀ ਹੀ ਸੀ ਕਿ ਉਸ ਨੂੰ ਪਿੱਛੋਂ ਧੱਕਾ ਦੇ ਕੇ ਜ਼ਮੀਨ 'ਤੇ ਸੁੱਟ ਦਿੱਤਾ ਗਿਆ। ਇਸ ਪੂਰੇ ਵਾਕਿਆ ਦੌਰਾਨ ਕੋਈ ਗੱਲਬਾਤ ਨਹੀਂ ਹੋਈ ਪਰ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਉਹ ਇਸ ਮਾਮਲੇ ਨੂੰ ਨਸਲੀ ਅਤੇ ਧਰਮ ਨਾਲ ਜੁੜੇ ਨਫਰਤ ਅਪਰਾਧ ਨਾਲ ਜੋੜ ਕੇ ਦੇਖ ਰਹੀ ਹੈ।
ਦੱਸਿਆ ਗਿਆ ਹੈ ਕਿ ਦੋਸ਼ੀ ਪੁਰਸ਼ ਗੋਰਾ, ਲੰਬਾ ਅਤੇ ਆਮ ਕੱਦ-ਕਾਠ ਵਾਲਾ ਹੈ ਅਤੇ ਉਸ ਨੇ ਕਾਲੇ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਸੀ। ਇਕ ਰਿਪੋਰਟ 'ਚ ਪੁਲਸ ਬੁਲਾਰੇ ਦੇ ਹਵਾਲੇ ਤੋਂ ਕਿਹਾ ਗਿਆ ਕਿ ਇਸ ਹਮਲੇ ਵਿਚ ਪੀੜਤਾ ਹਿੱਲ ਗਈ ਪਰ ਉਸ ਨੂੰ ਕੋਈ ਸੱਟ ਨਹੀਂ ਲੱਗੀ। ਮੈਨਚੇਸਟਰ ਅਤੇ ਲੰਡਨ ਬ੍ਰਿਜ 'ਚ ਅੱਤਵਾਦੀ ਹਮਲਿਆਂ 'ਚ 30 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਇੱਥੇ ਨਫਰਤ ਅਪਰਾਧ ਵਧ ਗਏ ਹਨ। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਪਿਛਲੇ ਹਫਤੇ ਕਿਹਾ ਸੀ ਕਿ ਲੰਡਨ ਹਮਲੇ ਤੋਂ ਬਾਅਦ ਰਾਜਧਾਨੀ 'ਚ ਅਪਰਾਧ 5 ਗੁਣਾ ਵਧ ਗਏ ਹਨ ਪਰ ਪੁਲਸ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ।


Related News