ਨਵਜਨਮੇ ਬੱਚੇ ਨੂੰ ਬੈਗ ਵਿਚ ਲੁਕਾ ਕੇ ਲਿਜਾ ਰਹੀ ਔਰਤ ਏਅਰਪੋਰਟ ਤੋਂ ਗ੍ਰਿਫਤਾਰ
Thursday, Sep 05, 2019 - 08:31 PM (IST)

ਮਨੀਲਾ (ਏ.ਪੀ.)- ਫਿਲਪੀਨ ਦੇ ਅਧਿਕਾਰੀਆਂ ਨੇ ਇਕ ਬੈਗ ਅੰਦਰ 6 ਦਿਨ ਦੇ ਨਵਜਨਮੇ ਬੱਚੇ ਨੂੰ ਲੁਕਾ ਕੇ ਦੇਸ਼ ਤੋਂ ਬਾਹਰ ਲਿਜਾਉਣ ਦੀ ਕੋਸ਼ਿਸ਼ ਕਰ ਰਹੀ ਇਕ ਅਮਰੀਕੀ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਨੈਸ਼ਨਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਕਿਹਾ ਕਿ ਓਹਾਓ ਦੀ ਰਹਿਣ ਵਾਲੀ 43 ਸਾਲਾ ਜੇਨੀਫਰ ਟੇਲਬੋਟ ਨਾਲ ਨਵਜਨਮੇ ਬੱਚੇ ਦੇ ਹੋਣ ਦੀ ਜਾਣਕਾਰੀ ਦਿੱਤੇ ਬਿਨਾਂ ਮਨੀਲਾ ਹਵਾਈ ਅੱਡੇ ਦੇ ਇਮੀਗ੍ਰੇਸ਼ਨ ਕਾਉਂਟਰ ਤੋਂ ਬੁੱਧਵਾਰ ਨੂੰ ਨਿਕਲ ਗਈ ਸੀ ਪਰ ਏਅਰਲਾਈਨ ਮੁਲਾਜ਼ਮਾਂ ਨੇ ਬੋਰਡਿੰਗ ਗੇਟ 'ਤੇ ਉਸ ਨੂੰ ਰੋਕ ਲਿਆ।
ਬਿਊਰੋ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਟੇਲਬੋਟ ਨੇ ਨਵਜਨਮੇ ਬੱਚੇ ਦੀ ਮਾਂ ਤੋਂ ਕਥਿਤ ਤੌਰ 'ਤੇ ਪ੍ਰਾਪਤ ਇਕ ਹਲਫਨਾਮਾ ਦਿਖਾਇਆ, ਜਿਸ ਵਿਚ ਬੱਚੇ ਨੂੰ ਅਮਰੀਕਾ ਲਿਜਾਉਣ 'ਤੇ ਸਹਿਮਤੀ ਦਿੱਤੀ ਗਈ ਸੀ ਪਰ ਇਸ 'ਤੇ ਮਾਂ ਦੇ ਹਸਤਾਖਰ ਨਹੀਂ ਸਨ। ਬਿਊਰੋ ਨੇ ਦੱਸਿਆ ਕਿ ਬੱਚੇ ਨੂੰ ਨਾਲ ਲਿਜਾਉਣ ਲਈ ਸਰਕਾਰ ਵਲੋਂ ਕੋਈ ਯਾਤਰਾ ਮਨਜ਼ੂਰੀ ਜਾਰੀ ਨਹੀਂ ਕੀਤੀ ਗਈ ਸੀ। ਟੇਲਬੋਟ 'ਤੇ ਮਨੁੱਖੀ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀ ਬੱਚੇ ਦੇ ਮਾਤਾ-ਪਿਤਾ ਦੀ ਭਾਲ ਕਰ ਰਹੇ ਹਨ, ਜਿਨ੍ਹਾਂ 'ਤੇ ਬਾਲ ਸੁਰੱਖਿਆ ਕਾਨੂੰਨ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।