ਕੈਨੇਡਾ : ਘਰ 'ਚ ਅੱਗ ਲੱਗਣ ਕਾਰਨ ਇਕ ਦੀ ਮੌਤ ਤੇ ਦੋ ਜ਼ਖਮੀ

02/23/2018 3:47:02 PM

ਐਟੋਬਾਇਕੋਕ— ਕੈਨੇਡਾ ਦੇ ਸੂਬੇ ਓਨਟਾਰੀਓ ਦੇ ਸ਼ਹਿਰ ਐਟੋਬਾਇਕੋਕ 'ਚ ਵੀਰਵਾਰ ਰਾਤ ਨੂੰ ਇਸ ਘਰ 'ਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਇਕ ਔਰਤ ਦੀ ਮੌਤ ਹੋ ਗਈ। ਅਲਬਾਇਨ ਰੋਡ ਨੇੜੇ ਅਤੇ ਬਾਇੰਗ ਅਵੈਨਿਊ 'ਚ ਇਕ ਘਰ 'ਚ ਤੜਕੇ 2.30 ਵਜੇ ਅੱਗ ਲੱਗ ਗਈ ਅਤੇ ਇਸ ਘਰ 'ਚ ਫਸੇ 3 ਵਿਅਕਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ।। 'ਟੋਰਾਂਟੋ ਫਾਇਰ ਸਰਵਿਸ' ਦੇ ਇਕ ਅਧਿਕਾਰੀ ਲੈਰੀ ਕੋਕੋ ਨੇ ਦੱਸਿਆ ਕਿ ਜਦ ਉਹ ਇਸ ਘਰ 'ਚ ਪੁੱਜੇ ਤਾਂ ਉਨ੍ਹਾਂ ਨੇ 3 ਵਿਅਕਤੀਆਂ ਨੂੰ ਬਾਹਰ ਕੱਢ ਕੇ ਹਸਪਤਾਲ 'ਚ ਭਰਤੀ ਕਰਵਾਇਆ, ਇਨ੍ਹਾਂ 'ਚੋਂ ਇਕ ਔਰਤ ਨੇ ਹਸਪਤਾਲ 'ਚ ਦਮ ਤੋੜ ਦਿੱਤਾ, ਜਿਸ ਦੀ ਉਮਰ 21 ਸਾਲ ਸੀ। ਬਾਕੀ ਦੋ ਵਿਅਕਤੀ ਜੋ ਜ਼ਖਮੀ ਹੋਏ ਉਨ੍ਹਾਂ ਦੀ ਉਮਰ ਵੀ 20-21 ਸਾਲ ਹੀ ਦੱਸੀ ਜਾ ਰਹੀ ਹੈ। ਲੈਰੀ ਕੋਕੋ ਨੇ ਦੱਸਿਆ ਕਿ ਘਰ ਦੇ ਬੇਸਮੈਂਟ ਵਾਲੇ ਬੈੱਡਰੂਮ 'ਚ ਅੱਗ ਲੱਗੀ ਸੀ ਅਤੇ ਅੱਗ 'ਤੇ ਉਨ੍ਹਾਂ ਨੇ ਥੋੜੇ ਸਮੇਂ 'ਚ ਹੀ ਕਾਬੂ ਪਾ ਲਿਆ ਸੀ। 
ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅਜੇ ਤਕ ਮ੍ਰਿਤਕ ਅਤੇ ਜ਼ਖਮੀਆਂ ਦੇ ਨਾਂ ਨਹੀਂ ਦੱਸੇ ਗਏ। ਟੋਰਾਂਟੋ ਫਾਇਰ ਵਿਭਾਗ ਦੇ ਡਿਪਟੀ ਚੀਫ ਜਿਨ ਕੇਅ ਨੇ ਦੱਸਿਆ ਕਿ ਫਿਲਹਾਲ ਸਪੱਸ਼ਟ ਤੌਰ 'ਤੇ ਅੱਗ ਲੱਗਣ ਦੇ ਕਾਰਨਾਂ ਬਾਰੇ ਦੱਸਿਆ ਨਹੀਂ ਜਾ ਸਕਦਾ। ਬਾਕੀ ਦੋ ਜ਼ਖਮੀਆਂ ਦਾ ਇਲਾਜ ਹਸਪਤਾਲ 'ਚ ਚੱਲ ਰਿਹਾ ਹੈ।


Related News