ਵਿੰਨੀਪੈਗ ਸਿਟੀ ਕੌਂਸਲ ਵੱਲੋਂ ਡਾ. ਗੁਲਜ਼ਾਰ ਚੀਮਾ ਦੇ ਨਾਮ 'ਸਟਰੀਟ'
Wednesday, Oct 20, 2021 - 11:31 AM (IST)
ਓਟਾਵਾ (ਰਮਨਦੀਪ ਸਿੰਘ ਸੋਢੀ) ਵਿੰਨੀਪੈਗ ਸਿਟੀ ਕੌਂਸਲ ਵਲੋਂ ਮੈਨੀਟੋਬਾ, ਕੈਨੇਡਾ ਵਿਚ ਚੁਣੇ ਜਾਣ ਵਾਲੇ ਭਾਰਤੀ ਮੂਲ ਦੇ ਪਹਿਲੇ ਐਮ ਐਲ ਏ ਡਾਕਟਰ ਗੁਲਜ਼ਾਰ ਸਿੰਘ ਚੀਮਾ ਦੇ ਨਾਮ 'ਤੇ ਸ਼ਹਿਰ ਦੀ ਇਕ ਸੜਕ ਦਾ ਨਾਮ 'ਡਾਕਟਰ ਗੁਲਜ਼ਾਰ ਚੀਮਾ ਸਟਰੀਟ' ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਵਿੰਨੀਪੈਗ ਸਿਟੀ ਕੌਂਸਲ ਦੀ ਸਪੀਕਰ ਦੇਵੀ ਸ਼ਰਮਾ ਤੋਂ ਪ੍ਰਾਪਤ ਇਕ ਜਾਣਕਾਰੀ ਮੁਤਾਬਕ ਡਾ. ਗੁਲਜ਼ਾਰ ਸਿੰਘ ਚੀਮਾ ਦੀਆਂ ਵਿੰਨੀਪੈਗ ਸ਼ਹਿਰ ਅਤੇ ਕਮਿਊਨਿਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਨੂੰ ਧਿਆਨ ਵਿਚ ਰੱਖਦਿਆਂ ਉਕਤ ਫ਼ੈਸਲਾ ਲਿਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਈਕੋਸਿੱਖ ਦੇ ਚੇਅਰਮੈਨ ਡਾਕਟਰ ਰਾਜਵੰਤ ਸਿੰਘ ਵਾਤਾਰਵਨ ਕਾਨਫਰੰਸ 'ਚ ਹੋਏ ਸ਼ਾਮਲ
ਇਸ ਸਬੰਧੀ ਸਿਟੀ ਵਲੋਂ ਸਟਰੀਟ ਨਾਮਕਰਣ ਸਮਾਗਮ 23 ਅਕਤੂਬਰ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 2 ਵਜੇ ਕਮਰਸ਼ੀਅਲ ਐਵਨਿਊ- ਚੀਮਾ ਡਰਾਈਵ ( ਵੈਸਟ ਆਫ ਐਡਵਰਡ ਸਟਰੀਟ) 'ਤੇ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਡਾ. ਗੁਲਜ਼ਾਰ ਸਿੰਘ ਚੀਮਾ ਜੋ ਕਿ ਅੱਜਕਲ੍ਹ ਸਰੀ (ਬੀ ਸੀ) ਵਿਖੇ ਰਹਿ ਰਹੇ ਹਨ, ਲੰਬਾ ਸਮਾਂ ਵਿੰਨੀਪੈਗ ਸ਼ਹਿਰ ਵਿਚ ਆਪਣੇ ਪਰਿਵਾਰ ਸਮੇਤ ਰਹੇ ਹਨ। ਉਹ ਇਥੋਂ ਦੇ ਕਿਲਡੋਨਨ ਹਲਕੇ ਤੋਂ ਪਹਿਲੀ ਵਾਰ 1988 ਵਿਚ ਲਿਬਰਲ ਵਿਧਾਇਕ ਚੁਣੇ ਗਏ ਸਨ। ਉਹ ਕੈਨੇਡਾ ਦੀ ਕਿਸੇ ਲੈਜਿਸਲੇਚਰ ਵਿਚ ਪੁੱਜਣ ਵਾਲੇ ਪਹਿਲੇ ਵਿਧਾਇਕ ਬਣੇ ਸਨ। ਬਾਅਦ ਵਿਚ ਉਹ ਬੀ ਸੀ ਚਲੇ ਗਏ, ਜਿੱਥੇ ਉਹ 2001 ਵਿਚ ਮੁੜ ਵਿਧਾਇਕ ਤੇ ਸਿਹਤ ਮੰਤਰੀ ਬਣੇ। ਉਹ ਇਸ ਸਮੇ ਵੀ ਫੈਡਰਲ ਲਿਬਰਲ ਪਾਰਟੀ ਨਾਲ ਜੁੜੇ ਹੋਏ ਹਨ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨੇੜਲੇ ਸਾਥੀਆਂ ਵਿਚ ਸ਼ੁਮਾਰ ਹਨ।
ਨੋਟ- ਭਾਰਤੀ ਮੂਲ ਦੇ ਡਾਕਟਰ ਗੁਲਜਾਰੀ ਚੀਮਾ ਦੇ ਨਾਮ 'ਤੇ ਸਟਰੀਟ ਦਾ ਨਾਂ ਰੱਖੇ ਜਾਣ 'ਤੇ ਕੁਮੈਂਟ ਕਰ ਦਿਓ ਰਾਏ।