''ਕੀ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ NRI ਭਰਾਵਾਂ ਦੇ ਰੱਦ ਹੋਏ ਵੀਜ਼ੇ ਵੀ ਹੋਣਗੇ ਬਹਾਲ''

Saturday, Nov 20, 2021 - 11:14 PM (IST)

''ਕੀ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ NRI ਭਰਾਵਾਂ ਦੇ ਰੱਦ ਹੋਏ ਵੀਜ਼ੇ ਵੀ ਹੋਣਗੇ ਬਹਾਲ''

ਰੋਮ (ਕੈਂਥ) - ਪਿਛਲੇ ਕਰੀਬ ਇੱਕ ਸਾਲ ਤੋਂ ਆਪਣੀ ਹੋਂਦ ਨੂੰ ਬਚਾਉਣ ਲਈ ਆਪਣੇ ਹੱਕਾਂ ਅਤੇ ਅਧਿਕਾਰਾਂ ਦੀ ਭਾਰਤ ਦੀ ਮੋਦੀ ਸਰਕਾਰ ਨਾਲ ਸ਼ਾਂਤਮਈ ਢੰਗ ਨਾਲ ਲੜਾਈ ਲੜ ਰਿਹਾ ਭਾਰਤ ਦਾ ਕਿਸਾਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ 552ਵੇਂ ਆਗਮਨ ਪੁਰਬ ਮੌਕੇ ਇਹ ਲੜਾਈ ਜਿੱਤ ਦਾ ਨਜ਼ਰੀ ਆਇਆ ਕਿਉਂਕਿ ਇਸ ਦਿਨ ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਭਾਰਤ ਸਰਕਾਰ ਨੇ ਜਿੱਥੇ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਉੱਥੇ ਹੀ ਕਿਸਾਨ ਭਰਾਵਾਂ ਕੋਲੋ ਮਾਫ਼ੀ ਮੰਗਦੇ ਵੀ ਨਜ਼ਰੀ ਆਏ। ਪ੍ਰਧਾਨ ਮੰਤਰੀ ਦੇ ਇਸ ਐਲਾਨ ਨਾਲ ਉਨ੍ਹਾਂ ਦਾ ਕੱਦ ਕੋਈ ਛੋਟਾ ਨਹੀਂ ਹੋਇਆ ਸਗੋਂ ਉਨ੍ਹਾਂ ਦੀ ਇਸ ਕਾਰਵਾਈ ਨੇ ਦੇਸ਼-ਵਿਦੇਸ਼ ਦੇ ਭਾਰਤੀਆਂ ਅੰਦਰ ਉਨ੍ਹਾਂ ਪ੍ਰਤੀ ਸਤਿਕਾਰ ਵਧਾਇਆ ਹੈ। ਕਾਸ਼ ਇਹ ਐਲਾਨ ਮੋਦੀ ਸਾਹਿਬ ਪਹਿਲਾਂ ਕਰ ਦਿੰਦੇ ਤਾਂ ਕਈ ਘਰਾਂ ਦੇ ਚਿਰਾਗ ਬੁੱਝਣੋ ਬੱਚ ਜਾਣੇ ਸਨ ਅਤੇ ਕਈ ਬੱਚੇ ਯਤੀਮ ਅਤੇ ਨਿਰ ਆਸਰੇ ਨਹੀਂ ਸੀ ਹੋਣੇ, ਅਫਸੋਸ ਜਿਸ ਤਰ੍ਹਾਂ ਸਾਹਿਬ ਨੂੰ ਮਨਜ਼ੂਰ ਉਂਦਾਂ ਹੀ ਹੁੰਦਾ ਹੈ। ਬੇਸ਼ੱਕ ਕੁਝ ਭਾਰਤੀ ਸਿਆਸਤਦਾਨ ਇਸ ਐਲਾਨ ਨੂੰ ਮੋਦੀ ਦਾ ਚੋਣ ਸੰਟਟ ਹੀ ਦੱਸਦੇ ਹਨ ਪਰ ਜੋ ਮਰਜ਼ੀ ਹੋਵੇ ਪਰ ਇੰਝ ਲੱਗਦਾ ਹੈ ਜਿਵੇਂ ਹੁਣ ਕਾਲੇ ਕਾਨੂੰਨ ਕਾਰਨ ਕਿਸੇ ਹੋਰ ਕਿਸਾਨ ਆਗੂ ਨੂੰ ਸਹਾਦਤ ਪਾਉਣ ਦੀ ਲੋੜ ਨਹੀਂ ਪਵੇਗੀ।

ਇਸ ਕਿਸਾਨੀ ਘੋਲ ਨੂੰ ਕਾਮਯਾਬ ਕਰਨ ਲਈ ਹਰ ਉਸ ਸਖਸ਼ ਦਾ ਬਰਾਬਾਰ ਦਾ ਹੱਥ ਹੈ ਜਿਹੜਾ ਕਿ ਕਿਸਾਨ ਨੂੰ ਅੰਨਦਾਤਾ ਮੰਨਦਾ ਹੈ। ਕਿਸਾਨ ਆਗੂਆਂ ਨੂੰ ਲੋਕ ਰਹਿੰਦੀ ਦੁਨੀਆਂ ਤੱਕ ਯਾਦ ਕਰਨਗੇ। ਇਸ ਕਿਸਾਨੀ ਅੰਦੋਲਨ ਦਾ ਸੇਕ ਭਾਰਤ ਦੀਆਂ ਸਰਹੱਦਾਂ ਤੋਂ ਹੁੰਦਾ ਹੋਇਆ ਦੁਨੀਆ ਦੇ ਹਰ ਉਸ ਕੋਨੇ ਵਿੱਚ ਗੂੰਜ ਉੱਠਿਆ ਜਿੱਥੇ ਕਿ ਇਨਸਾਫ਼ ਪਸੰਦ ਲੋਕ ਰਹਿੰਦੇ ਹਨ। ਇਹ ਜ਼ਰੂਰੀ ਨਹੀਂ ਸੀ ਕਿ ਕਿਸਾਨ ਅੰਦੋਲਨ ਨੂੰ ਸਿਰਫ਼ ਭਾਰਤੀ ਲੋਕਾਂ ਨੇ ਹੀ ਵਿਦੇਸਾਂ ਤੋਂ ਡੱਟਵੀਂ ਹਮਾਇਤ ਕੀਤੀ ਹੈ, ਵਿਦੇਸ਼ੀ ਗੋਰੇ-ਗੋਰਿਆਂ ਨੇ ਵੀ ਇਸ ਕਿਸਾਨ ਅੰਦੋਲਨ ਦੀ ਖੁੱਲ ਕੇ ਹਮਾਇਤ ਕੀਤੀ ਅਤੇ ਮੋਦੀ ਸਾਹਿਬ ਨੂੰ ਕਾਲੇ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ ਪਰ ਵਿਚਾਰਨਯੋਗ ਹੁਣ ਮੁੱਦਾ ਬਣ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਵਿਦੇਸ਼ਾਂ ਤੋਂ ਖਾਸਕਰ ਭਾਰਤੀ ਜਾਂ ਭਾਰਤੀ ਮੂਲ ਦੇ ਲੋਕਾਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਉਨ੍ਹਾਂ ਦੇ ਨਾਮ ਵਿਸ਼ੇਸ ਸੂਚੀ ਵਿੱਚ ਦਰਜ ਹੋਏ ਜਿਨ੍ਹਾਂ ਨੂੰ ਭਾਰਤ ਫੇਰੀ ਦੌਰਾਨ ਅਨੇਕਾਂ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨ ਪਿਆ ਅਤੇ ਕੁਝ ਲੋਕ ਅੱਜ ਵੀ ਜਾਂਚ-ਪੜਤਾਲ ਦੇ ਨਾਮ ਹੇਠ ਰੱਜ ਕੇ ਖੱਜਲ ਖੁਆਰ ਹੋ ਰਹੇ ਹਨ।

ਜਿਹੜੇ ਭਾਰਤੀ ਵਿਦੇਸ਼ਾਂ ਵਿੱਚ ਕਈ-ਕਈ ਦਹਾਕਿਆਂ ਤੋਂ ਰਹਿਣ ਬਸੇਰਾ ਕਰਦੇ ਹਨ ਉਨ੍ਹਾਂ ਕੋਲ ਵਿਦੇਸ਼ੀ ਨਾਗਰਿਕਤਾ ਹੈ ਉਨ੍ਹਾਂ ਦੇ ਭਾਰਤੀ ਵੀਜ਼ੇ ਇਸ ਕਾਰਨ ਰੱਦ ਕੀਤੇ ਗਏ ਕਿਉਂਕਿ ਉਨ੍ਹਾਂ ਨੇ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੇ ਹੱਕ ਵਿੱਚ ਨਾਅਰਾ ਮਾਰਿਆ। ਇਟਲੀ ਵਿੱਚ ਵੀ ਕੁਝ ਅਜਿਹਾ ਹੀ ਮਾਹੌਲ ਦੇਖਣ ਨੂੰ ਮਿਲਿਆ ਸੀ ਅਤੇ ਇੱਕ ਸੂਚੀ ਵੀ ਸੋਸ਼ਲ ਮੀਡੀਆ ਰਾਹੀਂ ਚਰਚਾ ਵਿੱਚ ਰਹੀ ਜਿਸ ਵਿੱਚ ਇਟਲੀ ਦੇ ਉਨ੍ਹਾਂ ਲੋਕਾਂ ਦੇ ਨਾਮ ਸੂਚੀਬੱਧ ਦੱਸੇ ਗਏ ਸਨ ਜਿਨ੍ਹਾਂ ਕਿ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ ਜਾਂ ਫਿਰ ਕੋਈ ਸਹਾਇਤਾ ਰਾਸ਼ੀ ਭੇਜੀ। ਭਾਰਤ ਸਰਕਾਰ ਨੇ ਇਹ ਸੂਚੀ ਤਿਆਰ ਕੀਤੀ ਜਾਂ ਨਹੀਂ ਇਸ ਬਾਰੇ ਹਾਲੇ ਵੀ ਰਹੱਸ ਬਣਿਆ ਹੋਇਆ ਹੈ ਪਰ ਇਟਲੀ ਦੇ ਕੁਝ ਸ਼ਰਾਰਤੀ ਲੋਕਾਂ ਨੇ ਇਸ ਸੂਚੀ ਦੀ ਆੜ ਵਿੱਚ ਕੁਝ ਹੋਰ ਅਸਰ ਰਸੂਖ ਵਾਲੇ ਸਖ਼ਸਾਂ ਉਪੱਰ ਦਬਾਅ ਪਾਉਣ ਦਾ ਅੱਡੀਆਂ ਚੁੱਕ ਕੇ ਜ਼ੋਰ ਲਗਾਇਆ ਅਤੇ ਇਸ ਸੂਚੀ ਵਿੱਚ ਛੇੜ-ਛਾੜ ਕਰਕੇ ਕਈ ਲੋਕਾਂ ਨੂੰ ਸਹਿਕਣ ਲਗਾ ਦਿੱਤਾ, ਜਿਸ ਕਾਰਨ ਇਟਲੀ ਦੇ ਕਈ ਭਾਰਤੀ ਵਿਚਾਰੇ ਇਹ ਸੋਚਣ ਉਪੱਰ ਮਜ਼ਬੂਰ ਹੋ ਗਏ ਕਿ ਉਹ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਜਾਂ ਆਪਣੀ ਜਾਨ ਬਚਾਉਣ। 

ਇਟਲੀ ਦੇ ਭਾਰਤੀਆਂ ਅੰਦਰ ਇਹ ਡਰ ਉਦੋਂ ਖੁੱਲੇਆਮ ਦੇਖਿਆ ਗਿਆ ਜਦੋਂ ਰੋਮ 'ਚ 31 ਅਕਤੂਬਰ 2021 ਨੂੰ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਅਤੇ ਮੋਦੀ ਸਰਕਾਰ ਦੇ ਵਿਰੁੱਧ ਮੁਜ਼ਾਹਰਾ ਕਰਨ ਲਈ ਇਟਲੀ ਸਰਕਾਰ ਤੋਂ ਇਜਾਜ਼ਤ ਲੈਣ ਲਈ ਇਟਲੀ ਦੇ ਧੜੱਲੇਦਾਰ ਸਿੱਖ ਆਗੂਆਂ ਨੇ ਕੋਈ ਜਿੰਮੇਵਾਰੀ ਨਾ ਦਿਖਾਈ। ਕਿਸਾਨ ਹਮਾਇਤੀ ਲੋਕਾਂ ਨੇ ਇਟਲੀ ਤੋਂ ਬਾਹਰੋਂ ਆ ਕੇ ਵੀ ਆਪਣੀ ਆਵਾਜ਼ ਮੋਦੀ ਸਰਕਾਰ ਖਿਲਾਫ਼ ਬੁਲੰਦ ਕੀਤੀ ਪਰ ਸੋਸ਼ਲ ਮੀਡੀਆ ਉੱਪਰ ਭਾਸ਼ਣਾਂ ਨਾਲ ਮੂੰਹ ਸੁਕਾਉਣ ਵਾਲੇ ਆਗੂ ਸਰਕਾਰੀ ਖੱਜਲ ਖੁਆਰੀ ਦੇ ਡਰੋਂ ਮੁਜ਼ਾਹਰੇ ਤੋਂ ਦੂਰ-ਦੂਰ ਹੀ ਰਹੇ। ਕਿਸਾਨ ਅੰਦੋਲਨ ਦੀ ਜਿੱਤ ਨੇ ਹੁਣ ਸਭ ਕਿਸਾਨ ਅੰਦੋਲਨ ਹਮਾਇਤੀਆਂ ਦੇ ਦਿਲਾਂ ਵਿੱਚੋਂ ਬੇਸ਼ੱਕ ਸਰਕਾਰੀ ਖੁੱਜਲ ਖੁਆਰ ਦਾ ਡਰ ਖਤਮ ਕਰ ਦਿੱਤਾ ਹੈ ਪਰ ਇਹ ਸਵਾਲ ਹਾਲੇ ਵੀ ਕਾਇਮ ਹੈ ਕਿ ਕੀ ਜਿਨ੍ਹਾਂ ਐਨ.ਆਰ.ਆਈ. ਭਾਰਤੀ ਭਰਾਵਾਂ ਦੇ ਭਾਰਤੀ ਵੀਜ਼ੇ ਰੱਦ ਹੋਏ ਹਨ ਜਾਂ ਜਿਨ੍ਹਾਂ ਨੂੰ ਸਰਕਾਰੀ ਸੂਚੀਆਂ ਬਣਾ ਹਿਰਾਸ ਕੀਤਾ ਗਿਆ, ਉਨ੍ਹਾਂ ਨੂੰ ਵੀ ਹੁਣ ਰਾਹਤ ਮਿਲੇਗੀ ਜਾਂ ਫਿਰ ਉਹ ਵਿਚਾਰੇ 84 ਦੇ ਗੇੜ ਵਿੱਚ ਪੀਸ ਹੁੰਦੇ ਰਹਿਣਗੇ। ਇਹ ਸਵਾਲ ਤਾਂ ਹੁਣ ਸਮਾਂ ਆਪਣੀ ਬੁੱਕਲ ਵਿੱਚ ਲਕੋਈ ਬੈਠਾ ਹੈ ਜਿਸ ਦੇ ਜਵਾਬ ਦੀ ਉਡੀਕ ਸਭ ਐਨ.ਆਰ.ਆਈ. ਨੂੰ ਬੇਸਬਰੀ ਨਾਲ ਰਹੇਗੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News