ਕੀ ਬਿਨਾਂ ਕਿਸੇ ਸੱਦੇ ਤੋਂ ਅਮਰੀਕਾ ਜਾਣਗੇ ਪਾਕਿ PM ਇਮਰਾਨ ਖਾਨ...
Wednesday, Jul 10, 2019 - 08:41 PM (IST)

ਵਾਸ਼ਿੰਗਟਨ/ਇਸਲਾਮਾਬਾਦ - ਅਮਰੀਕੀ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਵ੍ਹਾਈਟ ਹਾਊਸ ਨੇ ਅਜੇ ਤੱਕ 22 ਜੁਲਾਈ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਹੋਣ ਵਾਲੀ ਮੁਲਾਕਾਤ ਦੀ ਪੁਸ਼ਟੀ ਨਹੀਂ ਕੀਤੀ ਹੈ। ਹਾਲਾਂਕਿ ਪਾਕਿਸਤਾਨ ਪਹਿਲਾਂ ਹੀ ਇਮਰਾਨ ਦੀ ਅਮਰੀਕਾ ਯਾਤਰਾ ਦਾ ਐਲਾਨ ਕਰ ਚੁੱਕਿਆ ਹੈ।
ਪਾਕਿਸਤਾਨ ਦੇ ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਸਲ ਨੇ 4 ਜੂਨ ਨੂੰ ਇਸਲਾਮਾਬਾਦ 'ਚ ਆਪਣੇ ਹਫਤਾਵਰੀ ਪੱਤਰਕਾਰ ਸੰਮੇਲਨ 'ਚ ਐਲਾਨ ਕੀਤਾ ਸੀ ਪ੍ਰਧਾਨ ਮੰਤਰੀ ਇਮਰਾਨ ਖਾਨ ਰਾਸ਼ਟਰਪਤੀ ਟਰੰਪ ਦੇ ਸੱਦੇ 'ਤੇ ਪਹਿਲੀ ਵਾਰ ਅਮਰੀਕਾ ਦੀ ਯਾਤਰਾ 'ਤੇ ਜਾਣਗੇ। ਇਮਰਾਨ ਖਾਨ ਦੀ ਯਾਤਰਾ ਦੇ ਬਾਰੇ 'ਚ ਪੁੱਛੇ ਜਾਣ 'ਤੇ ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੋਰਗਨ ਓਰਟੇਗਸ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਇਸ ਯਾਤਰਾ ਨੂੰ ਲੈ ਕੇ ਵ੍ਹਾਈਟ ਹਾਊਸ ਦੇ ਨਾਲ ਸੰਪਰਕ ਕਰਨਗੇ। ਓਰਟੇਗਸ ਨੇ ਕਿਹਾ ਕਿ ਮੇਰੀ ਜਾਣਕਾਰੀ ਮੁਤਾਬਕ ਵ੍ਹਾਈਟ ਹਾਊਸ ਨੇ ਅਜੇ ਤੱਕ ਯਾਤਰਾ ਦੀ ਪੁਸ਼ਟੀ ਨਹੀਂ ਕੀਤੀ ਹੈ। ਮੈਨੂੰ ਪਤਾ ਹੈ ਕਿ ਮੈਂ ਉਹੀ ਖਬਰ ਪੜ੍ਹੀ ਹੈ ਜੋ ਤੁਸੀਂ ਦਿੱਤੀ, ਪਰ ਮੈਂ ਯਾਤਰਾ ਨੂੰ ਲੈ ਕੇ ਵ੍ਹਾਈਟ ਹਾਊਸ ਨਾਲ ਸੰਪਰਕ ਕਰਾਂਗਾ। ਉਦੋਂ ਤੱਕ ਵਿਦੇਸ਼ ਮੰਤਰਾਲੇ ਕੋਲ ਇਸ ਨੂੰ ਲੈ ਕੇ ਐਲਾਨ ਕਰਨ ਲਈ ਕੁਝ ਨਹੀਂ ਹੈ।